ਲਾਰੈਂਸ ਦਾ ਭਰਾ ਅਮਰੀਕਾ ’ਚ ਪੰਜਾਬੀ ਗਾਇਕਾਂ ਨਾਲ ਦਿਖਿਆ

ਮਾਨਸਾ, 19 ਅਪਰੈਲ-: ਗੈਂਗਸਟਰ ਲਾਰੈਂਸ ਬਿਸ਼ਨੋਈ ਦੇ ਛੋਟੇ ਭਰਾ ਅਨਮੋਲ ਬਿਸ਼ਨੋਈ ਨੂੰ ਪੰਜਾਬੀ ਗਾਇਕ ਕਰਨ ਔਜਲਾ ਤੇ ਸ਼ੈਰੀ ਮਾਨ ਦੇ ਨਾਲ ਅਮਰੀਕਾ ਦੇ ਬੇਕਰਸਫੀਲਡ, ਕੈਲੀਫੋਰਨੀਆ ਵਿੱਚ ਇੱਕ ਵਿਆਹ ਸਮਾਰੋਹ ਵਿੱਚ ਦੇਖਿਆ ਗਿਆ ਹੈ। 16 ਅਪਰੈਲ ਦੀ ਦੱਸੀ ਜਾ ਰਹੀ ਇਸ ਵੀਡੀਓ ਵਿੱਚ ਅਮਨ ਬਿਸ਼ਨੋਈ ਦੋਵੇਂ ਗਾਇਕਾਂ ਵੱਲੋਂ ਪੇਸ਼ਕਾਰੀਆਂ ਦਿੱਤੇ ਜਾਣ ਮੌਕੇ ਸਟੇਜ ’ਤੇ ਉਨ੍ਹਾਂ ਨਾਲ ਸੈਲਫ਼ੀਆਂ ਲੈਂਦਾ ਦਿਖਾਈ ਦੇ ਰਿਹਾ ਹੈ। ਇਨ੍ਹਾਂ ਗਾਇਕਾਂ ਨਾਲ ਅਨਮੋਲ ਬਿਸ਼ਨੋਈ ਦਾ ਨਜ਼ਰ ਆਉਣਾ ਇਸ ਲਈ ਵੀ ਅਹਿਮ ਮੰਨਿਆ ਜਾ ਰਿਹਾ ਹੈ ਕਿਉਂਕਿ ਮੂਸੇਵਾਲਾ ਦੇ ਮਾਪਿਆਂ ਨੇ ਕੁੱਝ ਗਾਇਕਾਂ ’ਤੇ ਸਵਾਲ ਖੜ੍ਹੇ ਕਰਦਿਆਂ ਆਪਣੇ ਪੁੱਤਰ ਦੇ ਕਤਲ ਵਿੱਚ ਸੰਗੀਤ ਜਗਤ ਦੇ ਕੁਝ ਲੋਕਾਂ ਦੇ ਸ਼ਾਮਲ ਹੋਣ ਦੀ ਗੱਲ ਕੀਤੀ ਹੈ। ਜ਼ਿਕਰਯੋਗ ਹੈ ਕਿ ਕੁੱਝ ਸਮਾਂ ਪਹਿਲਾਂ ਹੀ ਗ੍ਰਹਿ ਮੰਤਰਾਲੇ (ਐੱਮਐੱਚਏ) ਵੱਲੋਂ ਤਿਆਰ ਕੀਤੀ ਗਈ ਵਿਦੇਸ਼ਾਂ ਵਿੱਚ ਰਹਿਣ ਵਾਲੇ ਗੈਂਗਸਟਰਾਂ ਦੀ ਤਾਜ਼ਾ ਸੂਚੀ ਵਿੱਚ ਅਨਮੋਲ ਬਿਸ਼ਨੋਈ ਵੀ ਸ਼ਾਮਲ ਹੈ। ਅਨਮੋਲ ਬਿਸ਼ਨੋਈ ਉਰਫ਼ ਭਾਨੂ ਖ਼ਿਲਾਫ਼ ਕੌਮੀ ਜਾਂਚ ਏਜੰਸੀ ਵੱਲੋਂ ਚਾਰਜਸ਼ੀਟ ਵੀ ਦਾਖਲ ਕੀਤੀ ਗਈ ਹੈ ਤੇ ਦਾਅਵਾ ਕੀਤਾ ਗਿਆ ਸੀ ਕਿ ਉਹ ਅਮਰੀਕਾ ’ਚ ਕਿਤੇ ਲੁਕਿਆ ਹੋਇਆ ਹੈ। ਇਸ ਵੀਡੀਓ ਦੇ ਸਾਹਮਣੇ ਆਉਣ ਨਾਲ ਪਤਾ ਲੱਗਦਾ ਹੈ ਕਿ ਇੰਟਰਪੋਲ ਦੇ ਰੈੱਡ ਕਾਰਨਰ ਨੋਟਿਸ ਦੇ ਬਾਵਜੂਦ ਗੈਂਗਸਟਰ ਅਨਮੋਲ ਬਿਸ਼ਨੋਈ ਵਿਦੇਸ਼ਾਂ ’ਚ ਖੁੱਲ੍ਹੇਆਮ ਘੁੰਮ ਰਿਹਾ ਹੈ।

ਮੂਸੇਵਾਲਾ ਕਤਲ ਕੇਸ ਦੀ ਜਾਂਚ ਕਰ ਰਹੀ ਵਿਸ਼ੇਸ਼ ਜਾਂਚ ਟੀਮ (ਐੱਸਆਈਟੀ) ਨੇ ਦਾਅਵਾ ਕੀਤਾ ਹੈ ਕਿ ਅਨਮੋਲ ਬਿਸ਼ਨੋਈ ਇਸ ਕੇਸ ਦਾ ਕਥਿਤ ਸਾਜ਼ਿਸ਼ਘਾੜਾ ਹੈ ਤੇ ਕਤਲ ਤੋਂ ਦੋ ਮਹੀਨੇ ਪਹਿਲਾਂ ਫਰਜ਼ੀ ਪਾਸਪੋਰਟ ਦੀ ਵਰਤੋਂ ਕਰਕੇ ਭਾਰਤ ਤੋਂ ਭੱਜ ਗਿਆ ਸੀ। ਐੱਸਆਈਟੀ ਨੇ ਚਾਰਜਸ਼ੀਟ ਵਿੱਚ ਅੱਗੇ ਦਾਅਵਾ ਕੀਤਾ ਕਿ ਉਹ ਸ਼ੁਰੂ ਤੋਂ ਹੀ ਯੋਜਨਾ ਦਾ ਹਿੱਸਾ ਸੀ ਤੇ ਦੇਸ਼ ਛੱਡਣ ਤੋਂ ਪਹਿਲਾਂ ਉਸ ਨੇ ਸ਼ੂਟਰਾਂ ਦੀ ਸਹਾਇਤਾ ਵੀ ਕੀਤੀ ਸੀ। ਮਾਨਸਾ ਦੇ ਸੀਨੀਅਰ ਕਪਤਾਨ ਪੁਲੀਸ ਡਾ. ਨਾਨਕ ਸਿੰਘ ਨੇ ਦੱਸਿਆ ਕਿ ਮੂਸੇਵਾਲਾ ਕਤਲ ਕੇਸ ਦੇ ਬਾਕੀ ਮੁਲਜ਼ਮਾਂ ਦੀ ਹਵਾਲਗੀ ਦੀ ਪ੍ਰਕਿਰਿਆ ਜਾਰੀ ਹੈ ਤੇ ਤਾਜ਼ਾ ਘਟਨਾਕ੍ਰਮ ਦੀ ਜਾਂਚ ਕੀਤੀ ਜਾਵੇਗੀ।

Add a Comment

Your email address will not be published. Required fields are marked *