ਜਬਰ-ਜ਼ਨਾਹ ਦੇ ਦੋਸ਼ ‘ਚ ਨਿਰਦੋਸ਼ ਨੂੰ ਹੋਈ 17 ਸਾਲ ਦੀ ਜੇਲ੍ਹ

ਗ੍ਰੇਟਰ ਮਾਨਚੈਸਟਰ ਦੇ ਇਕ 57 ਸਾਲਾ ਵਿਅਕਤੀ ਨੂੰ ਜਬਰ-ਜ਼ਨਾਹ ਦੇ ਇਕ ਮਾਮਲੇ ‘ਚ 17 ਸਾਲ ਦੀ ਜੇਲ੍ਹ ਹੋ ਗਈ। ਗ੍ਰਿਫ਼ਤਾਰ ਕੀਤੇ ਜਾਣ ਤੋਂ ਲੈ ਕੇ ਦੋਸ਼ੀ ਠਹਿਰਾਏ ਜਾਣ ਤੱਕ ਵਿਅਕਤੀ ਨੇ ਆਪਣੇ-ਆਪ ਨੂੰ ਬੇਕਸੂਰ ਦੱਸਿਆ। ਦੋਸ਼ੀ ਸਾਬਤ ਹੋਣ ਤੋਂ ਬਾਅਦ ਵੀ ਇਹ ਵਿਅਕਤੀ ਆਪਣੀ ਬੇਗੁਨਾਹੀ ਦੀ ਲੜਾਈ ਲੜਦਾ ਰਿਹਾ, ਆਖਿਰਕਾਰ ਹੁਣ ਅਦਾਲਤ ਨੇ ਉਸ ਨੂੰ ਬੇਕਸੂਰ ਪਾਇਆ ਅਤੇ ਲਗਭਗ 20 ਸਾਲਾਂ ਬਾਅਦ ਐਂਡਰਿਊ ਮੈਲਕਿਨਸਨ ਨੇ ਕਾਨੂੰਨੀ ਲੜਾਈ ਜਿੱਤ ਲਈ। ‘ਡੇਲੀ ਮੇਲ’ ਮੁਤਾਬਕ ਮੈਲਕਿਨਸਨ ਨੂੰ ਮੁਆਵਜ਼ੇ ਵਜੋਂ 10 ਲੱਖ ਪੌਂਡ (ਕਰੀਬ 10.51 ਕਰੋੜ ਰੁਪਏ) ਮਿਲਣਗੇ। ਹਾਲਾਂਕਿ, ਉਨ੍ਹਾਂ ਦੇ ਵਕੀਲ ਨੇ ਕਿਹਾ ਕਿ ਮੈਲਕਿਨਸਨ ਨੂੰ ਇਸ ਲਈ ਇੰਤਜ਼ਾਰ ਕਰਨਾ ਹੋਵੇਗਾ।

ਰਿਪੋਰਟਾਂ ਮੁਤਾਬਕ ਐਂਡਰਿਊ ਮੈਲਕਿਨਸਨ ਨੂੰ 2003 ਵਿੱਚ ਗ੍ਰੇਟਰ ਮਾਨਚੈਸਟਰ ਵਿੱਚ ਇਕ ਔਰਤ ਨਾਲ ਜਬਰ-ਜ਼ਨਾਹ ਕਰਨ ਦਾ ਦੋਸ਼ੀ ਪਾਏ ਜਾਣ ਤੋਂ ਬਾਅਦ ਸਜ਼ਾ ਸੁਣਾਈ ਗਈ ਸੀ। ਕਾਫੀ ਜੱਦੋ-ਜਹਿਦ ਤੋਂ ਬਾਅਦ ਬੁੱਧਵਾਰ ਨੂੰ ਉਹ 20 ਸਾਲ ਪੁਰਾਣੇ ਮਾਮਲੇ ‘ਚ ਖੁਦ ਨੂੰ ਬੇਕਸੂਰ ਸਾਬਤ ਕਰਨ ‘ਚ ਸਫਲ ਹੋ ਗਿਆ।

ਮੈਲਕਿਨਸਨ ਨੇ ‘ਦਿ ਟੈਲੀਗ੍ਰਾਫ’ ਨੂੰ ਦੱਸਿਆ ਕਿ ਗਲਤ ਤਰੀਕੇ ਨਾਲ ਕੈਦ ਕੀਤੇ ਜਾਣ ਕਾਰਨ ਉਸ ਦੀ ਮਾਨਸਿਕ ਹਾਲਤ ਠੀਕ ਨਹੀਂ ਹੈ। ਨਾਲ ਹੀ ਉਸ ਨੇ ਕਿਹਾ ਕਿ ਇਹ ਬਹੁਤ ਗੰਭੀਰ ਹੈ ਕਿ ਮੈਨੂੰ ਗਲਤ ਤਰੀਕੇ ਨਾਲ ਜੇਲ੍ਹ ‘ਚ ਰਹਿਣ ਦੇ ਬਾਵਜੂਦ ਖਾਣੇ ਅਤੇ ਰਿਹਾਇਸ਼ ਦਾ ਭੁਗਤਾਨ ਕਰਨਾ ਹੋਵੇਗਾ। ਦੂਜੇ ਪਾਸੇ ਜੇਲ੍ਹ ਵਿਭਾਗ ਮੁਤਾਬਕ ਮੁਆਵਜ਼ਾ ਉਦੋਂ ਕੱਟਿਆ ਜਾ ਸਕਦਾ ਹੈ, ਜਦੋਂ ਗਲਤ ਤਰੀਕੇ ਨਾਲ ਕੈਦ ਕੀਤੇ ਗਏ ਲੋਕਾਂ ਨੇ ਹਿਰਾਸਤ ‘ਚ ਰਹਿਣ ਦੌਰਾਨ ਆਪਣੇ ਖਾਣ-ਪੀਣ ਅਤੇ ਰਿਹਾਇਸ਼ ਦਾ ਖਰਚਾ ਬਚਾਇਆ ਹੋਵੇ।

ਐਂਡਰਿਊ ਮੈਲਕਿਨਸਨ ਦੀ ਗ੍ਰਿਫ਼ਤਾਰੀ ਅਤੇ ਸਜ਼ਾ ਪੂਰੀ ਤਰ੍ਹਾਂ ਉਸ ਦੀ ਪਛਾਣ ‘ਤੇ ਅਧਾਰਤ ਸੀ। ਪੁਲਸ ਕੋਲ ਉਸ ਨੂੰ ਦੋਸ਼ੀ ਸਾਬਤ ਕਰਨ ਲਈ ਕੋਈ ਡੀਐੱਨਏ ਸੈਂਪਲ ਨਹੀਂ ਸੀ। ਫੋਰੈਂਸਿਕ ਦੁਆਰਾ ਰੱਖੇ ਗਏ ਇਕ ਡੀਐੱਨਏ ਨਮੂਨੇ ਦੀ ਜਾਂਚ ਕੀਤੀ ਗਈ ਅਤੇ ਪਿਛਲੇ ਅਕਤੂਬਰ ਵਿੱਚ ਕਿਸੇ ਹੋਰ ਵਿਅਕਤੀ ਨਾਲ ਜੁੜਿਆ ਪਾਇਆ ਗਿਆ। ਇਸ ਤੋਂ ਬਾਅਦ ਮੈਲਕਿਨਸਨ ਦੇ ਬੇਕਸੂਰ ਸਾਬਤ ਹੋਣ ਦੀਆਂ ਸੰਭਾਵਨਾਵਾਂ ਹੋਰ ਵਧ ਗਈਆਂ। ਦੂਜੇ ਪਾਸੇ ਜਿਸ ਵਿਅਕਤੀ ਦਾ ਡੀਐੱਨਏ ਸੈਂਪਲ ਮੇਲ ਹੋਇਆ, ਉਸ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਫਿਲਹਾਲ ਦੂਜੇ ਗ੍ਰਿਫ਼ਤਾਰ ਦੋਸ਼ੀ ‘ਤੇ ਜਬਰ-ਜ਼ਨਾਹ ਦਾ ਦੋਸ਼ ਲਗਾਇਆ ਜਾਵੇਗਾ ਜਾਂ ਨਹੀਂ, ਇਸ ਬਾਰੇ ਫ਼ੈਸਲੇ ਦੀ ਉਡੀਕ ਹੈ।

Add a Comment

Your email address will not be published. Required fields are marked *