ਲੀਬੀਆ ‘ਚ ਹਿੰਸਕ ਝੜਪਾਂ ਦੌਰਾਨ 2 ਦੀ ਮੌਤ ਤੇ ਕਈ ਜ਼ਖਮੀ

ਕਾਹਿਰਾ-ਲੀਬੀਆ ਦੀ ਰਾਜਧਾਨੀ ਤ੍ਰਿਪੋਲੀ ‘ਚ ਦੋ ਵਿਰੋਧੀ ਪ੍ਰਸ਼ਾਸਕਾਂ ਵੱਲੋਂ ਸਮਰਥਿਤ ਮਿਲੀਸ਼ੀਆ ਦਰਮਿਆਨ ਹਿੰਸਕ ਝੜਪਾਂ ‘ਚ ਸ਼ਨੀਵਾਰ ਨੂੰ ਦੋ ਲੋਕਾਂ ਦੀ ਮੌਤ ਹੋ ਗਈ। ਇਸ ਘਟਨਾ ਨਾਲ ਲੰਬੇ ਸਮੇਂ ਤੋਂ ਚੱਲ ਰਹੇ ਸਿਆਸੀ ਟਕਰਾਅ ਦਰਮਿਆਨ ਹਿੰਸਾ ਫਿਰ ਤੋਂ ਸ਼ੁਰੂ ਹੋਣ ਦਾ ਖਦਸ਼ਾ ਪੈਦਾ ਹੋ ਗਿਆ ਹੈ। ਤ੍ਰਿਪੋਲੀ ‘ਚ ਅਧਿਕਾਰੀਆਂ ਨੇ ਦੱਸਿਆ ਕਿ ਘਟੋ-ਘੱਟ ਦੋ ਨਾਗਰਿਕਾਂ ਦੀ ਮੌਤ ਹੋਈ ਹੈ ਅਤੇ ਕਈ ਹੋਰ ਜ਼ਖਮੀ ਹੋ ਗਏ ਹਨ। ਪ੍ਰਧਾਨ ਮੰਤਰੀ ਅਬਦੁੱਲ ਹਾਮਿਦ ਦੇਈਬਾਹ ਦੀ ਸਰਕਾਰ ਨੇ ਦਾਅਵਾ ਕੀਤਾ ਕਿ ਇਹ ਝੜਪ ਉਸ ਸਮੇਂ ਸ਼ੁਰੂ ਹੋਈ ਜਦ ਇਕ ਮਿਲੀਸ਼ੀਆ ਨਾਗਰਿਕ ਨੇ ਦੂਜੇ ਮਿਲੀਸ਼ੀਆ ਨਾਗਰਿਕ ‘ਤੇ ਗੋਲੀ ਚੱਲਾ ਦਿੱਤੀ।

ਹਾਲਾਂਕਿ, ਇਹ ਗੋਲੀਬਾਰੀ ਪ੍ਰਧਾਨ ਮੰਤਰੀ ਦੇਈਬਾਹ ਅਤੇ ਉਨ੍ਹਾਂ ਦੇ ਵਿਰੋਧੀ ਪ੍ਰਧਾਨ ਮੰਤਰੀ ਫੈਥੀ ਬਸ਼ਾਗਾ ਦਰਮਿਆਨ ਚੱਲ ਰਹੇ ਸੱਤਾ ਸੰਘਰਸ਼ ਦਾ ਨਤੀਜਾ ਲੱਗ ਰਹੀ ਹੈ। ਬਸ਼ਾਗਾ ਤੱਟਵਰਤੀ ਸ਼ਹਿਰ ਸਿਰਤੇ ਤੋਂ ਕੰਮ ਕਰ ਰਹੇ ਹਨ। ਦੇਈਬਾਹ ਅਤੇ ਬਸ਼ਾਗਾ ਦੋਵਾਂ ਨੂੰ ਮਿਲੀਸ਼ੀਆ ਦਾ ਸਮਰਥਨ ਹਾਸਲ ਹੈ ਅਤੇ ਬਸ਼ਾਗਾ ਆਪਣੇ ਵਿਰੋਧੀ ਨੂੰ ਹਟਾਉਣ ਲਈ ਤ੍ਰਿਪੋਲੀ ‘ਚ ਦਾਖਲ ਹੋਣ ਦੀ ਕੋਸ਼ਿਸ਼ ਕਰ ਰਹੇ ਹਨ। ਬਸ਼ਾਗਾ ਵੱਲੋਂ ਤ੍ਰਿਪੋਲੀ ‘ਚ ਆਪਣੀ ਸਰਕਾਰ ਬਣਾਉਣ ਦੀ ਮਈ ‘ਚ ਕੀਤੀ ਗਈ ਕੋਸ਼ਿਸ਼ ਤੋਂ ਬਾਅਦ ਝੜਪ ਸ਼ੁਰੂ ਹੋ ਗਈ ਸੀ ਜਿਸ ਕਾਰਨ ਉਨ੍ਹਾਂ ਨੂੰ ਰਾਜਧਾਨੀ ਤੋਂ ਹਟਣਾ ਪਿਆ ਸੀ। ਐਮਰਜੈਂਸੀ ਸੇਵਾਵਾਂ ਦੇ ਬੁਲਾਰੇ ਮਾਲੇਕ ਮਰਤੇਸ ਨੇ ਦੱਸਿਆ ਕਿ ਹਿੰਸਾ ਦੀ ਨਵੀਂ ਘਟਨਾ ‘ਚ ਜਾਨ ਗੁਆਉਣ ਵਾਲੇ ਦੋ ਲੋਕਾਂ ‘ਚੋਂ ਇਕ ਕਾਮੇਡੀਅਨ ਮੁਸਤਫਾ ਬਰਾਕਾ ਹੈ, ਜਿਨ੍ਹਾਂ ਨੂੰ ਸੋਸ਼ਲ ਮੀਡੀਆ ‘ਤੇ ਮਿਲੀਸ਼ੀਆ ਅਤੇ ਭ੍ਰਿਸ਼ਟਾਚਾਰ ਦਾ ਮਖੌਲ ਬਣਾਉਣ ਵਾਲੀਆਂ ਵੀਡੀਓਜ਼ ਲਈ ਜਾਣਿਆ ਜਾਂਦਾ ਸੀ ਜਦਕਿ ਇਕ ਹੋਰ ਨਾਗਰਿਕ ਦੀ ਮੌਤ ਵੀ ਗੋਲੀ ਲੱਗਣ ਕਾਰਨ ਹੋਈ ਹੈ।

Add a Comment

Your email address will not be published. Required fields are marked *