ਸਿੱਖ ਨੌਜਵਾਨ ਦੀ ਹੁਸ਼ਿਆਰੀ ਕਾਰਨ ਫਰਾਂਸ ਪੁਲਸ ਨੇ ਡੌਂਕੀ ਲਾਉਣ ਵਾਲਿਆਂ ਨੂੰ ਕੀਤਾ ਗ੍ਰਿਫ਼ਤਾਰ

ਮਿਲਾਨ – ਡੌਂਕੀ ਲਗਾ ਕੇ ਇਕ ਦੇਸ਼ ਤੋਂ ਦੂਜੇ ਦੇਸ਼ ਗੈਰ-ਕਾਨੂੰਨੀ ਢੰਗ ਨਾਲ ਦਾਖ਼ਲ ਹੋਣ ਦੇ ਮਾਮਲੇ ਅਕਸਰ ਹੀ ਵੇਖਣ ਤੇ ਸੁਣਨ ਨੂੰ ਮਿਲਦੇ ਹਨ। ਡੌਂਕੀ ਲਾਉਣ ਦੌਰਾਨ ਕਈ ਲੋਕ ਮੌਤ ਦੇ ਮੂੰਹ ਵਿਚ ਵੀ ਗਏ ਹਨ ਅਤੇ ਕਈਆਂ ਨੂੰ ਇਸ ਵਿਚ ਸਫ਼ਲਤਾ ਵੀ ਮਿਲੀ ਹੈ। ਅਜਿਹਾ ਹੀ ਇੱਕ ਮਾਮਲਾ ਫਰਾਂਸ ਤੋਂ ਸਾਹਮਣੇ ਆਇਆ ਹੈ, ਜਿੱਥੇ ਇਕ ਸਿੱਖ ਟਰੱਕ ਡਰਾਈਵਰ ਦੇ ਟਰੱਕ ਵਿਚ ਕੁੱਝ ਲੋਕ ਲੁੱਕ ਕੇ ਇਟਲੀ ਤੋਂ ਫਰਾਂਸ ਵਿਚ ਦਾਖ਼ਲ ਹੋਣ ਦੀ ਕੋਸ਼ਿਸ਼ ਕਰ ਰਹੇ ਸਨ, ਪਰ ਡਰਾਈਵਰ ਦੀ ਹੁਸ਼ਿਆਰੀ ਨਾਲ ਬਾਰਡਰ ਪੁਲਸ ਨੇ ਇਨ੍ਹਾਂ ਨੂੰ ਗ੍ਰਿਫ਼ਤਾਰ ਕਰ ਲਿਆ। 

ਦਰਅਸਲ ਜਦੋਂ ਡਰਾਈਵਰ ਨੂੰ ਟਰੱਕ ਅੰਦਰ ਹਿੱਲ ਜੁੱਲ ਹੁੰਦੀ ਸੁਣਾਈ ਦਿੱਤੀ ਤਾਂ ਉਸਨੇ ਆਪਣਾ ਟਰੱਕ ਰੋਕ ਕੇ ਵੇਖਿਆ ਤਾਂ ਟਰੱਕ ਵਿਚ ਕੁਝ ਵਿਅਕਤੀ ਲੁਕੇ ਹੋਏ ਸਨ। ਇਸ ਮਗਰੋਂ ਉਸਨੇ ਕਿਸੇ ਹੋਰ ਡਰਾਇਵਰ ਦੇ ਸਹਿਯੋਗ ਨਾਲ ਬਰਾਡਰ ਪੁਲਸ ਨੂੰ ਮੌਕੇ ‘ਤੇ ਸੱਦਿਆ। ਮੌਕੇ ‘ਤੇ ਪੁੱਜੀ ਪੁਲਸ ਨੇ ਟਰੱਕ ਖੋਲ ਕੇ ਗੈਰ-ਕਾਨੂੰਨੀ ਤਰੀਕੇ ਨਾਲ ਫਰਾਂਸ ਦਾਖਲ ਹੋ ਰਹੇ ਅਫਰੀਕਨ ਮੂਲ ਦੇ ਸ਼ਰਨਾਰਥੀਆਂ ਨੂੰ ਗ੍ਰਿਫ਼ਤਾਰ ਕਰ ਲਿਆ। ਇਸ ਘਟਨਾ ਤੋਂ ਬਾਅਦ ਸਿੱਖ ਨੌਜਵਾਨ ਨੇ ਆਪਣਾ ਪੱਖ ਰੱਖਦਿਆਂ ਆਖਿਆ ਕਿ ਸ਼ੁੱਕਰ ਹੈ ਕਿ ਟਰੱਕ ਵਿੱਚ ਚੋਰੀ ਦਾਖਲ ਹੋ ਕੇ ਬੈਠੇ ਸਾਰੇ ਵਿਅਕਤੀ ਬਿਲਕੁਲ ਠੀਕ ਹਨ, ਕੋਈ ਅਣਸੁੱਖਾਵੀਂ ਘਟਨਾ ਵਪਾਰ ਜਾਂਦੀ ਤਾਂ ਉਸਦੀਆਂ ਮੁਸ਼ਕਲਾਂ ਹੋਰ ਵੀ ਵੱਧ ਜਾਣੀਆਂ ਸਨ।

ਉਥੇ ਹੀ ਬਾਰਡਰ ਪੁਲਸ ਵੱਲੋਂ ਵੀ ਸਿੱਖ ਟਰੱਕ ਡਰਾਈਵਰ ਦੀ ਪ੍ਰਸ਼ੰਸ਼ਾ ਕੀਤੀ ਗਈ, ਜਿਸ ਨੇ ਖੁਦ ਪੁਲਸ ਨੂੰ ਪੂਰੀ ਜਾਣਕਾਰੀ ਦੇ ਕਿ ਡੌਂਕੀ ਲਾਉਣ ਵਾਲਿਆਂ ਨੂੰ ਗ੍ਰਿਫ਼ਤਾਰ ਕਰਵਾਇਆ ਅਤੇ ਦਸਤਾਰ ਦੀ ਸ਼ਾਨ ਨੂੰ ਵਧਾਇਆ। ਇਸ ਨੌਜਵਾਨ ਨੇ ਸ਼ੋਸ਼ਲ ਮੀਡੀਆ ਰਾਹੀਂ ਦੱਸਿਆ ਕਿ ਕੁਝ ਲੋਕ ਗਲਤ ਪ੍ਰਚਾਰ ਕਰ ਰਹੇ ਨੇ ਕਿ ਉਹ ਇਸ ਕਾਰਵਾਈ ਨੂੰ ਅੰਜਾਮ ਦੇ ਰਿਹਾ ਸੀ ਤੇ ਲੋਕਾਂ ਨੂੰ ਗੈਰ ਕਾਨੂੰਨੀ ਤਰੀਕੇ ਇੱਕ ਦੇਸ਼ ਤੋਂ ਦੂਸਰੇ ਦੇਸ਼ ਪਹੁੰਚਾਉਣ ਲਈ ਮਦਦ ਕਰ ਰਿਹਾ ਸੀ, ਜਦਕਿ ਇਨ੍ਹਾਂ ਗੱਲਾਂ ਵਿਚ ਕੋਈ ਸੱਚਾਈ ਨਹੀਂ ਹੈ। ਉਸਨੇ ਦੋਸ਼ੀਆਂ ਨੂੰ ਪੁਲਸ ਹਵਾਲੇ ਕਰਕੇ ਆਪਣਾ ਫਰਜ਼ ਨਿਭਾਇਆ ਹੈ।

Add a Comment

Your email address will not be published. Required fields are marked *