US: ਰਾਸ਼ਟਰਪਤੀ ਬਾਈਡੇਨ ਦੀ ਪੋਤੀ ਦੀ ਸੁਰੱਖਿਆ ‘ਚ ਕੋਤਾਹੀ

ਵਾਸ਼ਿੰਗਟਨ : ਅਮਰੀਕੀ ਰਾਸ਼ਟਰਪਤੀ ਜੋਅ ਬਾਈਡੇਨ ਦੀ ਪੋਤੀ ਦੀ ਹਿਫਾਜ਼ਤ ਕਰ ਰਹੇ ‘ਸੀਕ੍ਰੇਟ ਸਰਵਿਸ’ ਏਜੰਟਾਂ ਨੇ ਇੱਥੇ ਉਸ ਸਮੇਂ ਗੋਲ਼ੀਬਾਰੀ ਕੀਤੀ, ਜਦੋਂ 3 ਲੋਕਾਂ ਨੇ ਉਸ ਦੇ ਇਕ ਵਾਹਨ ‘ਚ ਜ਼ਬਰਦਸਤੀ ਦਾਖ਼ਲ ਹੋਣ ਦੀ ਕੋਸ਼ਿਸ਼ ਕੀਤੀ। ਇਕ ਕਾਨੂੰਨ ਲਾਗੂ ਕਰਨ ਵਾਲੇ ਅਧਿਕਾਰੀ ਨੇ ਇਹ ਜਾਣਕਾਰੀ ਦਿੱਤੀ। ਅਧਿਕਾਰੀ ਨੇ ਦੱਸਿਆ ਕਿ ਇਨ੍ਹਾਂ ਸੁਰੱਖਿਆ ਕਰਮਚਾਰੀਆਂ ਨੂੰ ਨਾਓਮੀ ਬਾਈਡੇਨ (Naomi Biden) ਦੀ ਸੁਰੱਖਿਆ ਦੀ ਜ਼ਿੰਮੇਵਾਰੀ ਸੌਂਪੀ ਗਈ ਹੈ।

ਅਧਿਕਾਰੀ ਨੇ ਦੱਸਿਆ ਕਿ ਇਹ ਸੁਰੱਖਿਆ ਕਰਮਚਾਰੀ ਐਤਵਾਰ ਰਾਤ ਜਾਰਜਟਾਊਨ ‘ਚ ਨਾਓਮੀ ਦੇ ਨਾਲ ਬਾਹਰ ਗਏ ਸਨ, ਜਦੋਂ ਉਨ੍ਹਾਂ ਨੇ 3 ਲੋਕਾਂ ਨੂੰ ‘ਸਪੋਰਟਸ ਯੂਟੀਲਿਟੀ ਵ੍ਹੀਕਲ’ (ਐੱਸਯੂਵੀ) ਦੀ ਖਿੜਕੀ ਖੋਲ੍ਹਣ ਦੀ ਕੋਸ਼ਿਸ਼ ਕਰਦੇ ਦੇਖਿਆ। SUV ਉੱਥੇ ਖੜ੍ਹੀ ਸੀ ਅਤੇ ਉਸ ਸਮੇਂ ਉਸ ਵਿੱਚ ਕੋਈ ਨਹੀਂ ਸੀ। SUV ‘ਤੇ ਕੋਈ ‘ਸੀਕ੍ਰੇਟ ਸਰਵਿਸ’ ਦਾ ਨਿਸ਼ਾਨ ਵੀ ਨਹੀਂ ਸੀ।

ਸੀਕ੍ਰੇਟ ਸਰਵਿਸ ਨੇ ਇਕ ਬਿਆਨ ਵਿੱਚ ਕਿਹਾ ਕਿ ਇਕ ਸੁਰੱਖਿਆ ਗਾਰਡ ਨੇ ਗੋਲ਼ੀ ਚਲਾਈ ਪਰ ਇਹ ਕਿਸੇ ਨੂੰ ਨਹੀਂ ਲੱਗੀ। ਤਿੰਨੋਂ ਲੋਕਾਂ ਨੂੰ ਲਾਲ ਰੰਗ ਦੀ ਕਾਰ ‘ਚ ਭੱਜਦੇ ਦੇਖਿਆ ਗਿਆ। ਇਸ ਨੇ ਮੈਟਰੋਪੋਲੀਟਨ ਪੁਲਸ ਨੂੰ ਇਸ ਦੀ ਭਾਲ ਕਰਨ ਦੀ ਬੇਨਤੀ ਕੀਤੀ ਹੈ। ਵਾਸ਼ਿੰਗਟਨ ਵਿੱਚ ਇਸ ਸਾਲ ਕਾਰਜੈਕਿੰਗ ਅਤੇ ਕਾਰ ਚੋਰੀ ਦੀਆਂ ਘਟਨਾਵਾਂ ਵਿੱਚ ਵਾਧਾ ਹੋਇਆ ਹੈ। ਪੁਲਸ ਨੇ ਇਸ ਸਾਲ ਜ਼ਿਲ੍ਹੇ ਵਿੱਚ ਕਾਰ ਉਠਾਉਣ ਦੇ 750 ਤੇ ਕਾਰ ਚੋਰੀ ਦੇ 6000 ਤੋਂ ਵੱਧ ਕੇਸ ਦਰਜ ਕੀਤੇ ਹਨ।

ਨਾਓਮੀ ਨੇ ਪਿਛਲੇ ਸਾਲ ਨਵੰਬਰ ‘ਚ ਆਪਣੇ ਬੁਆਏਫ੍ਰੈਂਡ ਨਾਲ ਵਿਆਹ ਕੀਤਾ ਸੀ। 29 ਸਾਲਾ ਨਾਓਮੀ ਰਾਸ਼ਟਰਪਤੀ ਬਾਈਡੇਨ ਦੇ ਬੇਟੇ ਹੰਟਰ ਬਾਈਡੇਨ ਅਤੇ ਕੈਥਲੀਨ ਦੀ ਵੱਡੀ ਧੀ ਹੈ। ਨਾਓਮੀ ਪੇਸ਼ੇ ਤੋਂ ਵਕੀਲ ਹੈ। ਨਾਓਮੀ ਦਾ ਨਾਂ ਜੋਅ ਬਾਈਡੇਨ ਦੀ ਧੀ ਦੇ ਨਾਂ ‘ਤੇ ਰੱਖਿਆ ਗਿਆ ਸੀ, ਜਿਸ ਦੀ ਇਕ ਕਾਰ ਹਾਦਸੇ ਵਿੱਚ ਮੌਤ ਹੋ ਗਈ ਸੀ। ਉਸ ਦਾ ਪਾਲਣ-ਪੋਸ਼ਣ ਵਾਸ਼ਿੰਗਟਨ ਡੀਸੀ ਵਿੱਚ ਹੋਇਆ ਸੀ। ਉਹ ਆਪਣੇ ਦਾਦਾ ਜੋਅ ਬਾਈਡੇਨ ਨੂੰ ਬਹੁਤ ਪਿਆਰ ਕਰਦੀ ਹੈ ਤੇ ਉਨ੍ਹਾਂ ਨੂੰ ਪਿਆਰ ਨਾਲ ‘ਪੌਪਸ’ ਕਹਿ ਕੇ ਬੁਲਾਉਂਦੀ ਹੈ।

Add a Comment

Your email address will not be published. Required fields are marked *