ਬਜਟ ਸੈਸ਼ਨ ਸਬੰਧੀ ਆਪਣੇ ਬਿਆਨ ‘ਤੇ ਕਾਇਮ ਰਾਜਪਾਲ

ਜਲੰਧਰ- ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਰਾਜਪਾਲ ਬਨਵਾਰੀ ਲਾਲ ਪੁਰੋਹਿਤ ਵਿਚਾਲੇ ਖਿੱਚੋਤਾਣ ਦਾ ਸਿਲਸਿਲਾ ਲਗਾਤਾਰ ਜਾਰੀ ਹੈ। ਇਥੇ ਦੱਸ ਦਈਏ ਕਿ ਰਾਜਪਾਲ ਵੱਲੋਂ ਹਾਲ ਹੀ ਵਿਚ ਪੰਜਾਬ ਦੇ ਵਿਧਾਨਸਭਾ ਸੈਸ਼ਨ ਨੂੰ ਗੈਰ-ਕਾਨੂੰਨੀ ਕਰਾਰ ਦਿੰਦਿਆਂ ਇਸ ਵਿਚ ਪਾਸ ਕੀਤੇ ਚਾਰੋ ਬਿੱਲਾਂ ‘ਤੇ ਹਸਤਾਖ਼ਰ ਕਰਨ ਤੋਂ ਇਨਕਾਰ ਕਰ ਦਿੱਤਾ ਗਿਆ ਹੈ। ਜਲੰਧਰ ਵਿਖੇ ਅੱਜ ਬਨਵਾਰੀ ਲਾਲ ਪੁਰੋਹਿਤ ਵੱਲੋਂ ਕੀਤੀ ਗਈ ਪ੍ਰੈੱਸ ਕਾਨਫ਼ਰੰਸ ਵਿਚ ਪੰਜਾਬ ਸਰਕਾਰ ਵੱਲੋਂ ਹਾਲ ਹੀ ਵਿਚ ਕੀਤੇ ਗਏ ਦੋ ਦਿਨਾਂ ਦੇ ਬਜਟ ਸੈਸ਼ਨ ਨੂੰ ਲੈ ਕੇ ਇਕ ਵਾਰ ਫਿਰ ਸਰਕਾਰ ‘ਤੇ ਤਿੱਖੇ ਨਿਸ਼ਾਨਾ ਸਾਧੇ ਗਏ। ਬਨਵਾਰੀ ਲਾਲ ਪੁਰੋਹਿਤ ਨੇ ਵੱਡਾ ਬਿਆਨ ਦਿੰਦੇ ਹੋਏ ਕਿਹਾ ਕਿ ਹਾਲ ਹੀ ਵਿਚ ਪੰਜਾਬ ਸਰਕਾਰ ਵੱਲੋਂ ਸੱਦੇ ਗਏ ਦੋ ਦਿਨਾਂ ਦੇ ਸੈਸ਼ਨ ਬਾਰੇ ਸਾਡੇ ਕੋਲੋਂ ਕੁਝ ਵੀ ਪੁੱਛਿਆ ਨਹੀਂ ਗਿਆ। ਉਨ੍ਹਾਂ ਵੱਲੋਂ ਇਸ ਦੀ ਇਜਾਜ਼ਤ ਨਹੀਂ ਦਿੱਤੀ ਗਈ ਹੈ।  

ਬਨਵਾਰੀ ਲਾਲ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਇਹ ਕਿਹਾ ਗਿਆ ਸੀ ਕਿ ਇਹ ਇਕ ਐਕਸਟੈਂਡੈਂਟ ਸੈਸ਼ਨ ਹੈ, ਜਿਸ ਵਿਚ ਸਪੀਕਰ ਨੂੰ ਸੈਸ਼ਨ ਸੱਦਣ ਦੀ ਪਾਵਰ ਹੈ ਅਤੇ ਇਸ ਵਿਚ ਗਵਰਨਰ ਨੂੰ ਪੁੱਛਣ ਦੀ ਲੋੜ ਨਹੀਂ। ਬਨਵਾਰੀ ਲਾਲ ਨੇ ਕਿਹਾ ਕਿ ਐਕਸਟੈਂਡੈਂਟ ਉਦੋਂ ਹੁੰਦਾ ਹੈ ਜਿਵੇਂ ਕਿ ਸੈਸ਼ਨ ਚਾਲੂ ਹੈ ਅਤੇ ਬਿਜ਼ਨੈੱਸ ਵਿਚ ਬਾਕੀ ਰਹਿ ਗਿਆ ਹੋਵੇ ਅਤੇ ਬਿਜ਼ਨੈੱਸ ਨੂੰ ਕੰਪਲੀਟ ਕਰਨਾ ਹੋਵੇ। ਉਦੋਂ ਬਜਟ ਸੈਸ਼ਨ ਨੂੰ ਐਕਸਟੈਂਡੈਂਟ ਕੀਤਾ ਜਾਂਦਾ ਹੈ। ਉਨ੍ਹਾਂ ਕਿਹਾ ਕਿ ਬਜਟ ਸੈਸ਼ਨ ਤਾਂ ਬੁਲਾਇਆ ਹੀ ਗਿਆ ਸੀ, ਬਜਟ ਪਾਸ ਹੋ ਗਿਆ, ਬਜਟ ‘ਤੇ ਡਿਬੇਟ ਵੀ ਹੋਈ। ਉਸ ਦੇ ਬਾਅਦ ਬਜਟ ਸੈਸ਼ਨ ਨੂੰ ਐਕਸਟੈਂਡੈਂਟ ਕਰਨ ਦਾ ਕੋਈ ਮਤਲਬ ਨਹੀਂ ਬਣਦਾ। ਉਨ੍ਹਾਂ ਕਿਹਾ ਕਿ ਸਰਕਾਰ ਵੱਲੋਂ ਬਜਟ ‘ਤੇ ਐਕਸਟੈਂਡੈਂਟ ਸੈਸ਼ਨ ਰੱਖਿਆ ਗਿਆ ਪਰ ਉਸ ਦਾ ਇਕ ਵੀ ਸ਼ਬਦ ਡਿਸਕਸ਼ਨ ਨਹੀਂ ਕੀਤਾ ਗਿਆ ਸਗੋਂ ਚਾਰ ਬਿੱਲ ਨਵੇਂ ਰੱਖ ਦਿੱਤੇ ਗਏ। ਇਹ ਸਭ ਸੰਵਿਧਾਨ ਦੀ ਉਲੰਘਣਾ ਦੇ ਖ਼ਿਲਾਫ਼ ਹੈ। 

ਦੱਸ ਦਈਏ ਕਿ ਪੰਜਾਬ ਦੀ ਵਿਧਾਨਸਭਾ ਵਿਚ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਤੋਂ ਮੁਫ਼ਤ ਗੁਰਬਾਣੀ ਪ੍ਰਸਾਰਣ ਨੂੰ ਲੈ ਕੇ ਸਿੱਖ ਗੁਰਦੁਆਰਾ ਐਕਟ 1925 ਵਿਚ ਸੋਧ ਕਰਕੇ ਨਵੀਂ ਧਾਰਾ ਜੋੜਣ ਸਮੇਤ 4 ਬਿੱਲ ਪਾਸ ਕੀਤੇ ਗਏ ਸਨ। ਇਨ੍ਹਾਂ ਬਿੱਲਾਂ ਨੂੰ ਰਾਜਪਾਲ ਦੇ ਹਸਤਾਖ਼ਰ ਲਈ ਭੇਜਿਆ ਗਿਆ ਸੀ ਪਰ ਰਾਜਪਾਲ ਬਨਵਾਰੀ ਲਾਲ ਪੁਰੋਹਿਤ ਨੇ ਇਹ ਕਹਿ ਕੇ ਇਨ੍ਹਾਂ ਬਿੱਲਾਂ ਨੂੰ ਗੈਰ-ਕਾਨੂੰਨੀ ਕਰਾਰ ਦਿੱਤਾ ਸੀ ਕਿ ਵਿਧਾਨਸਭਾ ਦਾ ਇਹ ਸੈਸ਼ਨ ਗੈਰ-ਸੰਵਿਧਾਨਕ ਸੀ। ਇਸ ਲਈ ਇਸ ਸੈਸ਼ਨ ਵਿਚ ਪਾਸ ਕੀਤੇ ਗਏ ਚਾਰੋ ਬਿੱਲ ਕਾਨੂੰਨ ਦੀ ਉਲੰਘਣਾ ਹੈ। ਉਨ੍ਹਾਂ ਕਿਹਾ ਸੀ ਕਿ ਉਹ ਇਸ ਬਾਰੇ ਦੇਸ਼ ਦੇ ਅਟਾਰਨੀ ਜਨਰਲ ਦੀ ਸਲਾਹ ਲੈਣਗੇ ਅਤੇ ਉਸ ਤੋਂ ਬਾਅਦ ਹੀ ਪਾਸ ਕੀਤੇ ਗਏ ਬਿੱਲਾਂ ‘ਤੇ ਫ਼ੈਸਲਾ ਲੈਣਗੇ। 

Add a Comment

Your email address will not be published. Required fields are marked *