ਪੰਜਾਬ ‘ਚ ਹੁਣ ਨਿਗਮ ਚੋਣਾਂ ਕਰਾਉਣ ਦੀ ਚਰਚਾ, ਜਲਦੀ ਫ਼ੈਸਲਾ ਲੈ ਸਕਦੇ ਨੇ CM ਮਾਨ

ਜਲੰਧਰ : ਜਲੰਧਰ ਲੋਕ ਸਭਾ ਸੀਟ ਦੀ ਜ਼ਿਮਨੀ ਚੋਣ ਜਿੱਤਣ ਤੋਂ ਬਾਅਦ ਪੰਜਾਬ ‘ਚ ਸੱਤਾਧਾਰੀ ਆਮ ਆਦਮੀ ਪਾਰਟੀ ਦੀ ਸਰਕਾਰ ‘ਚ ਜਲਦੀ ਹੀ ਨਿਗਮ ਚੋਣਾਂ ਕਰਵਾਉਣ ਦੀ ਚਰਚਾ ਹੈ। ਸਰਕਾਰ ਸੂਬੇ ‘ਚ ਜ਼ਿਮਨੀ ਚੋਣ ਜਿੱਤਣ ਤੋਂ ਬਾਅਦ ਪੈਦਾ ਹੋਏ ਅਨੁਕੂਲ ਸਿਆਸੀ ਮਾਹੌਲ ਦਾ ਲਾਹਾ ਲੈਣਾ ਚਾਹੁੰਦੀ ਹੈ। ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂਆਂ ਦਾ ਮੰਨਣਾ ਹੈ ਕਿ ਮੁੱਖ ਮੰਤਰੀ ਭਗਵੰਤ ਮਾਨ ਅਗਲੇ ਇੱਕ-ਦੋ ਮਹੀਨਿਆਂ ‘ਚ ਨਿਗਮ ਚੋਣਾਂ ਕਰਵਾ ਸਕਦੇ ਹਨ।

ਇਹ ਚੋਣਾਂ ਜਲੰਧਰ, ਅੰਮ੍ਰਿਤਸਰ, ਲੁਧਿਆਣਾ, ਪਟਿਆਲਾ ਆਦਿ ਨਿਗਮਾਂ ਦੀਆਂ ਹੋਣੀਆਂ ਹਨ। ਭਾਵੇਂ ਇਨ੍ਹਾਂ ਮਹਾਨਗਰਾਂ ਦੇ ਮੇਅਰਾਂ ਦਾ ਕਾਰਜਕਾਲ ਪੂਰਾ ਹੋ ਚੁੱਕਾ ਹੈ ਅਤੇ ਨਿਗਮਾਂ ਦੀ ਕਮਾਨ ਸਬੰਧਿਤ ਕਮਿਸ਼ਨਰਾਂ ਦੇ ਹੱਥਾਂ ‘ਚ ਆ ਗਈ ਹੈ ਪਰ ਇਸ ਦੇ ਬਾਵਜੂਦ ਵੀ ਨਿਗਮ ਚੋਣਾਂ ਦੀਆਂ ਤਾਰੀਖ਼ਾਂ ਦਾ ਐਲਾਨ ਨਹੀਂ ਕੀਤਾ ਗਿਆ। ਮੁੱਖ ਮੰਤਰੀ ਅਤੇ ਉਨ੍ਹਾਂ ਦੇ ਕੈਬਨਿਟ ਸਾਥੀਆਂ ਨੂੰ ਲੱਗਦਾ ਹੈ ਕਿ ਹੁਣ ਨਿਗਮ ਚੋਣਾਂ ਕਰਵਾਉਣ ਦਾ ਅਨੁਕੂਲ ਸਮਾਂ ਹੈ ਅਤੇ ਹੁਣ ਸਰਕਾਰ ਇਸ ਦਾ ਫ਼ਾਇਦਾ ਚੁੱਕੇਗੀ।

ਵੈਸੇ ਵੀ 2024 ‘ਚ ਲੋਕ ਸਭਾ ਚੋਣਾਂ ਹੋਣੀਆਂ ਹਨ। ਉਸ ‘ਚ ਵੀ ਅਜੇ 11 ਮਹੀਨੇ ਬਾਕੀ ਹਨ। ਜੇਕਰ ਸਰਕਾਰ ਹੁਣ ਨਿਗਮ ਚੋਣਾਂ ਕਰਵਾਉਂਦੀ ਹੈ ਤਾਂ ਇੱਕ ਤਰ੍ਹਾਂ ਨਾਲ ਲੋਕ ਸਭਾ ਚੋਣਾਂ ਲਈ ਆਮ ਆਦਮੀ ਪਾਰਟੀ ਦੀ ਰਿਹਰਸਲ ਹੋ ਜਾਵੇਗੀ। ‘ਆਪ’ ਆਗੂਆਂ ਨੇ ਹੁਣ ਜਲੰਧਰ ਤੋਂ ਨਿਗਮ ਚੋਣਾਂ ‘ਚ ਉਮੀਦਵਾਰ ਬਣਨ ਲਈ ਰਿੰਕੂ ਕੋਲ ਪਹੁੰਚ ਕਰਨੀ ਸ਼ੁਰੂ ਕਰ ਦਿੱਤੀ ਹੈ। ਨਵੇਂ ਸੰਸਦ ਮੈਂਬਰ ਦੀ ਭੂਮਿਕਾ ਅਹਿਮ ਹੋ ਸਕਦੀ ਹੈ।

Add a Comment

Your email address will not be published. Required fields are marked *