ਧਰੀਆਂ ਧਰਾਈਆਂ ਰਹਿ ਗਈਆਂ ਸਿੱਧੂ ਦੇ ਸਵਾਗਤ ਦੀਆਂ ਤਿਆਰੀਆਂ

ਪਟਿਆਲਾ, 27 ਜਨਵਰੀ-: ਆਜ਼ਾਦੀ ਦੇ ਅੰਮ੍ਰਿਤ ਮਹਾਉਤਸਵ ਦੇ ਅਧੀਨ ਭਾਰਤ ਸਰਕਾਰ ਵੱਲੋਂ ਗਣਤੰਤਰ ਦਿਵਸ ਮੌਕੇ ਦਿੱਤੀ ਜਾਣ ਵਾਲੀ ਅਗੇਤੀ ਰਿਹਾਈ ਹਾਸਲ ਕਰਨ ਵਾਲਿਆਂ ’ਚ ਭਾਵੇਂ ਕਾਂਗਰਸੀ ਆਗੂ ਨਵਜੋਤ ਸਿੱਧੂ ਦਾ ਨਾਮ ਸ਼ੁਮਾਰ ਸੀ ਪਰ ਉਨ੍ਹਾਂ ਦੀ ਰਿਹਾਈ ਨਾ ਹੋਣ ਕਾਰਨ ਪਾਰਟੀ ਵਰਕਰਾਂ ਵੱਲੋਂ ਕੀਤੀਆਂ ਤਿਆਰੀਆਂ ਧਰੀਆਂ ਧਰਾਈਆਂ ਰਹਿ ਗਈਆਂ। ਉਨ੍ਹਾਂ ਦੇ ਹਮਾਇਤੀਆਂ ਨੇ ਨਾ ਸਿਰਫ਼ ਸਵਾਗਤੀ ਬੋਰਡ, ਬਲਕਿ ਆਪਣੀਆਂ ਗੱਡੀਆਂ ’ਤੇ ਵੀ ਸਿੱਧੂ ਦੀ ਰਿਹਾਈ ਸਬੰਧੀ ਪੋਸਟਰ ਲਾਏ ਹੋਏ ਸਨ। ਰਿਹਾਈ ਨਾ ਹੋਣ ਕਾਰਨ ਨਿਰਾਸ਼ ਆਗੂਆਂ ਤੇ ਵਰਕਰਾਂ ਨੇ ਸੂਬਾ ਸਰਕਾਰ ਦੀ ਆਲੋਚਨਾ ਕੀਤੀ ਹੈ। ਇਸ ਤੋਂ ਇਲਾਵਾ ਕਾਂਗਰਸ ਦੇ ਸਾਬਕਾ ਸੂਬਾਈ ਪ੍ਰਧਾਨ ਸ਼ਮਸ਼ੇਰ ਦੂਲੋ, ਮਹਿੰਦਰ ਸਿੰਘ ਕੇਪੀ ਤੇ ਸਾਬਕਾ ਵਿਧਾਇਕ ਕਾਕਾ ਰਾਜਿੰਦਰ ਸਿੰਘ ਸਮਾਣਾ ਸਣੇ ਕੁਝ ਹੋਰ ਆਗੂ ਤਾਂ ਸਿੱਧੂ ਦੇ ਯਾਦਵਿੰਦਰਾ ਕਲੋਨੀ ’ਚ ਸਥਿਤ ਘਰ ਵਿੱਚ ਵੀ ਪਹੁੰਚ ਗਏ ਸਨ। ਕਾਂਗਰਸੀ ਆਗੂਆਂ ਨੇ ‘ਆਪ’ ਸਰਕਾਰ ਦੀ ਨਿੰਦਾ ਕਰਦਿਆਂ ਇਸ ਨੂੰ ਸਰਕਾਰ ਦੀ ਘਬਰਾਹਟ ਦੀ ਨਿਸ਼ਾਨੀ ਦੱਸਿਆ। ਉਨ੍ਹਾਂ ਕਿਹਾ ਕਿ ਸਰਕਾਰ ਸਿੱਧੂ ਤੋਂ ਪੂਰੀ ਤਰ੍ਹਾਂ ਘਬਰਾਈ ਹੋਈ ਹੈ। ਟਕਸਾਲੀ ਨੇਤਾ ਲਾਲ ਸਿੰਘ ਨੇ ਵੀ ‘ਆਪ’ ਸਰਕਾਰ ਦੀ ਆਲੋਚਨਾ ਕੀਤੀ ਹੈ। ਜ਼ਿਕਰਯੋਗ ਹੈ ਕਿ ਸਿੱਧੂ ਰੋਡ ਰੇਜ ਦੇ ਮਾਮਲੇ ’ਚ ਪਟਿਆਲਾ ਜੇਲ੍ਹ ਵਿੱਚ ਬੰਦ ਹਨ। ਉਕਤ ਯੋਜਨਾ ਤਹਿਤ ਸੰਗੀਨ ਅਪਰਾਧਾਂ ਵਾਲੇ ਕੈਦੀਆਂ ਨੂੰ ਛੱਡ ਕੇ ਬਾਕੀ ਦੇ 66 ਫ਼ੀਸਦੀ ਤੱਕ ਦੀ ਸਜ਼ਾ ਪੂਰੀ ਕਰਨ ਵਾਲੇ ਕੈਦੀਆਂ ਨੂੰ ਰਿਹਾਅ ਕੀਤਾ ਜਾਣਾ ਸੀ। 

Add a Comment

Your email address will not be published. Required fields are marked *