ਕਾਬੁਲ ਵਿੱਚ ਗੁਰਦੁਆਰੇ ਨੇੜੇ ਬੰਬ ਧਮਾਕਾ

ਕਾਬੁਲ, 27 ਜੁਲਾਈ

ਕਾਬੁਲ ਵਿੱਚ ਅੱਜ ਗੁਰਦੁਆਰਾ ਕਰਤੇ ਪਰਵਾਨ ਨੇੜੇ ਇਕ ਬੰਬ ਧਮਾਕਾ ਹੋਇਆ। ਇਹ ਧਮਾਕਾ ਇਸ ਪਵਿੱਤਰ ਅਸਥਾਨ ’ਤੇ ਇਸਲਾਮਿਕ ਸਟੇਟ ਦੇ ਅਤਿਵਾਦੀਆਂ ਵੱਲੋਂ ਕੀਤੇ ਗਏ ਹਮਲੇ ਤੋਂ ਇਕ ਮਹੀਨੇ ਬਾਅਦ ਹੋਇਆ ਹੈ।

ਇੰਡੀਅਨ ਵਰਲਡ ਫੋਰਮ ਦੇ ਪ੍ਰਧਾਨ ਪੁਨੀਤ ਸਿੰਘ ਚੰਡੋਕ ਨੇ ਦੱਸਿਆ ‘‘ਸਿੱਖ ਤੇ ਹਿੰਦੂ ਭਾਈਚਾਰਿਆਂ ਦੇ ਲੋਕ ਸੁਰੱਖਿਅਤ ਹਨ। ਅੱਗੇ ਵਿਸਥਾਰ ਵਿੱਚ ਜਾਣਕਾਰੀ ਦੀ ਉਡੀਕ ਕੀਤੀ ਜਾ ਰਹੀ ਹੈ।’’ ਉਨ੍ਹਾਂ ਦੱਸਿਆ ਕਿ ਇਹ ਇਹ ਧਮਾਕਾ ਇਕ ਅਫਗਾਨੀ ਸਿੱਖ ਦੀ ਦੁਕਾਨ ਨੇੜੇ ਵਾਪਰਿਆ ਹੈ ਜੋ ਹਰਬਲ ਦਵਾਈਆਂ ਵੇਚਦਾ ਹੈ। ਇਸ ਦੌਰਾਨ ਇੱਕ ਵੀਡੀਓ ਵੀ ਵਾਇਰਲ ਹੋਈ ਹੈ ਜਿਸ ਵਿੱਚ ਦੁਕਾਨ ਦਾ ਮਾਲਕ ਹਰਜੀਤ ਸਿੰਘ ਦੱਸ ਰਿਹਾ ਹੈ ਕਿ ਇਕ ਟਾਈਮ ਬੰਬ ਸੀ ਜੋ ਉਸ ਦੀ ਦੁਕਾਨ ਦੇ ਨੇੜੇ ਰੱਖਿਆ ਗਿਆ ਸੀ। ਇਹ ਧਮਾਕਾ ਉਸ ਵੇਲੇ ਹੋਇਆ ਜਦੋਂ ਉਹ ਦੁਪਹਿਰ ਦਾ ਭੋਜਨ ਕਰਨ ਵਾਸਤੇ ਘਰ ਗਿਆ ਹੋਇਆ ਸੀ। ਰਾਜ ਸਭਾ ਮੈਂਬਰ ਵਿਕਰਮਜੀਤ ਸਿੰਘ ਸਾਹਨੀ ਨੇ ਵਿਦੇਸ਼ ਮੰਤਰਾਲੇ ਨੂੰ ਅਫ਼ਗਾਨਿਸਤਾਨ ਵਿੱਚ ਰਹਿ ਗਏ ਸਿੱਖਾਂ ਅਤੇ ਹਿੰਦੂਆਂ ਨੂੰ ਭਾਰਤ ਲਿਆਉਣ ਦੀ ਅਪੀਲ ਕੀਤੀ ਹੈ। ਦਿੱਲੀ ਕਮੇਟੀ ਦੇ ਪ੍ਰਧਾਨ ਹਰਮੀਤ ਸਿੰਘ ਕਾਲਕਾ ਨੇ ਅਫ਼ਗਾਨਿਸਤਾਨ ਵਿਚ ਰਹਿ ਗਏ ਘੱਟ ਗਿਣਤੀਆਂ ਨੂੰ ਆਖਿਆ ਕਿ ਉਹ ਆਪਣੀ ਸੁਰੱਖਿਆ ਨੂੰ ਧਿਆਨ ਵਿਚ ਰੱਖਦਿਆਂ ਇਹ ਜਗ੍ਹਾ ਛੱਡ ਦੇਣ। 

Add a Comment

Your email address will not be published. Required fields are marked *