ਸੀਰੀਆ ‘ਚ ਇਮਾਰਤ ਢਹਿ-ਢੇਰੀ, ਬੱਚੇ ਸਮੇਤ 10 ਲੋਕਾਂ ਦੀ ਮੌਤ

ਬੇਰੂਤ – ਸੀਰੀਆ ਦੇ ਉੱਤਰੀ ਸ਼ਹਿਰ ਅਲੇਪੋ ਵਿੱਚ ਐਤਵਾਰ ਤੜਕੇ ਇੱਕ ਪੰਜ ਮੰਜ਼ਿਲਾ ਇਮਾਰਤ ਦੇ ਢਹਿ ਜਾਣ ਕਾਰਨ ਇੱਕ ਬੱਚੇ ਸਮੇਤ ਘੱਟੋ-ਘੱਟ 10 ਲੋਕਾਂ ਦੀ ਮੌਤ ਹੋ ਗਈ। ਮੀਡੀਆ ਰਿਪੋਰਟਾਂ ਮੁਤਾਬਕ ਇਹ ਘਟਨਾ ਸ਼ੇਖ ਮਕਸੂਦ ਇਲਾਕੇ ‘ਚ ਵਾਪਰੀ, ਜਿਸ ‘ਚ ਅਮਰੀਕੀ ਸਮਰਥਿਤ ਕੁਰਦਿਸ਼ ਦੀ ਅਗਵਾਈ ਵਾਲੀ ਸੀਰੀਅਨ ਡੈਮੋਕ੍ਰੇਟਿਕ ਫੋਰਸਿਜ਼ ਦਾ ਕੰਟਰੋਲ ਹੈ। ਹਾਦਸੇ ਦੇ ਸਮੇਂ ਇਮਾਰਤ ਵਿੱਚ 30 ਲੋਕ ਮੌਜੂਦ ਸਨ। 

ਰਿਪੋਰਟਾਂ ਵਿੱਚ ਕਿਹਾ ਗਿਆ ਕਿ ਪਾਣੀ ਦੀ ਲੀਕੇਜ ਕਾਰਨ ਇਮਾਰਤ ਦਾ ਢਾਂਚਾ ਕਮਜ਼ੋਰ ਹੋ ਗਿਆ ਸੀ। ਘਟਨਾ ਤੋਂ ਬਾਅਦ ਰਾਹਤ ਅਤੇ ਬਚਾਅ ਕਰਮਚਾਰੀ ਮਲਬੇ ਹੇਠਾਂ ਦੱਬੇ ਲੋਕਾਂ ਨੂੰ ਲੱਭਦੇ ਨਜ਼ਰ ਆਏ। ਸਮਾਚਾਰ ਏਜੰਸੀ ਹਵਾਰ ਨਿਊਜ਼ ਨੇ ਦੱਸਿਆ ਕਿ ਇਸ ਹਾਦਸੇ ਵਿਚ 7 ਲੋਕਾਂ ਦੀ ਮੌਤ ਹੋ ਗਈ ਅਤੇ ਤਿੰਨ ਲੋਕ ਜ਼ਖਮੀ ਹੋ ਗਏ। ਏਜੰਸੀ ਮੁਤਾਬਕ ਦੋ ਲੋਕ ਗੰਭੀਰ ਜ਼ਖਮੀ ਹੋ ਗਏ। ਸੀਰੀਆ ਦੇ 11 ਸਾਲਾਂ ਦੇ ਸੰਘਰਸ਼ ਦੌਰਾਨ ਅਲੇਪੋ ਦੀਆਂ ਕਈ ਇਮਾਰਤਾਂ ਤਬਾਹ ਹੋ ਚੁੱਕੀਆਂ ਹਨ। ਇਸ ਸੰਘਰਸ਼ ਵਿੱਚ ਹਜ਼ਾਰਾਂ ਲੋਕ ਮਾਰੇ ਜਾ ਚੁੱਕੇ ਹਨ ਅਤੇ ਲੱਖਾਂ ਲੋਕ ਬੇਘਰ ਹੋਏ ਹਨ। 

ਹਾਲਾਂਕਿ ਰਾਸ਼ਟਰਪਤੀ ਬਸ਼ਰ ਅਸਦ ਦੀ ਅਗਵਾਈ ਵਾਲੀ ਸੀਰੀਆ ਦੀ ਸਰਕਾਰ ਨੇ ਹਥਿਆਰਬੰਦ ਵਿਰੋਧੀ ਸਮੂਹਾਂ ਤੋਂ ਅਲੇਪੋ ਸ਼ਹਿਰ ਦਾ ਕੰਟਰੋਲ ਵਾਪਸ ਲੈ ਲਿਆ ਹੈ। ਸ਼ੇਖ ਮਕਸੂਦ ਕੁਰਦਿਸ਼ ਬਲਾਂ ਦੇ ਨਿਯੰਤਰਣ ਅਧੀਨ ਕੁਝ ਖੇਤਰਾਂ ਵਿੱਚੋਂ ਇੱਕ ਹੈ। ਅਲੇਪੋ ਸੀਰੀਆ ਦਾ ਸਭ ਤੋਂ ਵੱਡਾ ਸ਼ਹਿਰ ਹੈ ਅਤੇ ਕਦੇ ਸੀਰੀਆ ਦਾ ਵਪਾਰਕ ਕੇਂਦਰ ਸੀ।

Add a Comment

Your email address will not be published. Required fields are marked *