US ‘ਚ 10 ਸਾਲ ਦੀ ਲੜਕੀ ਨੇ ਬਲੱਡ ਕੈਂਸਰ ਨਾਲ ਮਰਨ ਤੋਂ ਪਹਿਲਾਂ ਬੁਆਏਫ੍ਰੈਂਡ ਨਾਲ ਕਰਵਾਇਆ ਵਿਆਹ

ਅਮਰੀਕਾ ਦੇ ਉੱਤਰੀ ਕੈਰੋਲੀਨਾ ‘ਚ 10 ਸਾਲਾ ਐਮਾ ਐਡਵਰਡਸ ਨਾਂ ਦੀ ਲੜਕੀ ਦਾ ਬਲੱਡ ਕੈਂਸਰ ਨਾਲ ਦਿਹਾਂਤ ਹੋ ਗਿਆ ਹੈ। ਐਮਾ ਦੇ ਦੁਨੀਆ ਤੋਂ ਜਾਣ ਤੋਂ 12 ਦਿਨ ਪਹਿਲਾਂ ਉਸ ਦੇ ਮਾਤਾ-ਪਿਤਾ ਨੇ ਉਸ ਦੀ ਇਕ ਇੱਛਾ ਜ਼ਰੂਰ ਪੂਰੀ ਕਰ ਦਿੱਤੀ ਸੀ। ਐਮਾ ਦੇ ਮਾਤਾ-ਪਿਤਾ ਮੁਤਾਬਕ ਬੇਟੀ ਨੂੰ ਦੁਲਹਨ ਬਣਨ ਦਾ ਬਹੁਤ ਸ਼ੌਕ ਸੀ। ਜਦੋਂ ਡਾਕਟਰਾਂ ਨੇ ਕਿਹਾ ਕਿ ਐਮਾ ਕੁਝ ਹੀ ਦਿਨਾਂ ਦੀ ਮਹਿਮਾਨ ਹੈ ਤਾਂ ਅਸੀਂ ਉਸ ਦੀ ਦੁਲਹਨ ਬਣਨ ਦੀ ਇੱਛਾ ਪੂਰੀ ਕਰ ਦਿੱਤੀ। ਲੋਕਾਂ ਤੇ ਦੋਸਤਾਂ ਨੇ ਦਿਲ ਖੋਲ੍ਹ ਕੇ ਉਸ ਦੀ ਮਦਦ ਕੀਤੀ। ਹਰ ਕੰਮ ਡੋਨੇਸ਼ਨ ਨਾਲ ਹੋਇਆ।

ਨਿਊਯਾਰਕ ਪੋਸਟ ਦੇ ਅਨੁਸਾਰ, ਐਮਾ ਐਡਵਰਡਸ ਅਤੇ ਡੈਨੀਅਲ ਮਾਰਸ਼ਲ ਕ੍ਰਿਸਟੋਫਰ “ਡੀਜੇ” ਵਿਲੀਅਮਜ਼ ਨੇ 29 ਜੂਨ ਨੂੰ ਇਕ ਵੱਡੇ ਜਸ਼ਨ ਵਿੱਚ ਵਿਆਹ ਕੀਤਾ। ਐਮਾ ਨੂੰ ਪਿਛਲੇ ਸਾਲ ਅਪ੍ਰੈਲ ‘ਚ ਤੀਬਰ ਲਿਮਫੋਬਲਾਸਟਿਕ ਲਿਊਕੇਮੀਆ (ALL) ਦਾ ਪਤਾ ਲੱਗਾ ਸੀ ਪਰ ਉਸ ਦੇ ਮਾਤਾ-ਪਿਤਾ ਅਲੀਨਾ ਅਤੇ ਐਰੋਨ ਐਡਵਰਡਸ ਨੇ ਕਿਹਾ ਸੀ ਕਿ ਉਨ੍ਹਾਂ ਨੂੰ ਉਮੀਦ ਹੈ ਕਿ ਉਹ ਇਸ ਬਿਮਾਰੀ ਨੂੰ ਹਰਾ ਦੇਵੇਗੀ। ਹਾਲਾਂਕਿ, ਜੂਨ ਵਿੱਚ ਪਰਿਵਾਰ ਨੂੰ ਦਿਲ ਦਹਿਲਾਉਣ ਵਾਲੀ ਖ਼ਬਰ ਮਿਲੀ ਕਿ ਐਮਾ ਦਾ ਕੈਂਸਰ ਲਾਇਲਾਜ ਹੈ ਅਤੇ ਉਸ ਕੋਲ ਜਿਊਣ ਲਈ ਕੁਝ ਦਿਨ ਹੀ ਬਚੇ ਹਨ। 
ਸਾਨੂੰ ਇਹ ਸੁਣਨ ਦੀ ਬਿਲਕੁਲ ਉਮੀਦ ਨਹੀਂ ਸੀ।

ਅਲੀਨਾ ਨੇ ਦੱਸਿਆ ਕਿ ਡੈਨੀਅਲ ਮਾਰਸ਼ਲ ਕ੍ਰਿਸਟੋਫਰ ਵਿਲੀਅਮਜ਼ ਐਮਾ ਦੀ ਕਲਾਸ ਵਿੱਚ ਉਸ ਦਾ ਸਭ ਤੋਂ ਵਧੀਆ ਦੋਸਤ ਸੀ। ਅਸੀਂ ਉਸਨੂੰ  ਪਿਆਰ ਨਾਲ ‘ਡੀਜੇ’ ਕਹਿੰਦੇ ਹਾਂ। ਐਮਾ ਅਕਸਰ ਕਹਿੰਦੀ ਸੀ ਕਿ ਉਹ ਦੁਲਹਨ ਬਣਨਾ ਚਾਹੁੰਦੀ ਹੈ। ਡੀਜੇ ਦੇ ਪਰਿਵਾਰ ਨਾਲ ਵੀ ਸਾਡੇ ਬਹੁਤ ਚੰਗੇ ਸਬੰਧ ਹਨ। ਐਮਾ ਸਕੂਲ ‘ਚ ਵਿਆਹ ਕਰਵਾਉਣਾ ਚਾਹੁੰਦੀ ਸੀ ਪਰ ਪ੍ਰਸ਼ਾਸਨ ਨੇ ਇਸ ਦੀ ਮਨਜ਼ੂਰੀ ਨਹੀਂ ਦਿੱਤੀ।

ਦੋਵਾਂ ਪਰਿਵਾਰਾਂ ਨੇ ਐਮਾ ਦੀ ਆਖਰੀ ਇੱਛਾ ਪੂਰੀ ਕਰਨ ਲਈ ਫਰਜ਼ੀ ਵਿਆਹ ਕਰਵਾਉਣ ਦਾ ਫ਼ੈਸਲਾ ਕੀਤਾ। ਉਨ੍ਹਾਂ ਤੈਅ ਕੀਤਾ ਸੀ ਕਿ ਜੋ ਮਰਜ਼ੀ ਕਰਨਾ ਪਵੇ, ਹਰ ਹਾਲਤ ‘ਚ 2 ਦਿਨਾਂ ਵਿੱਚ ਇਹ ਵਿਆਹ ਕਰਨਾ ਹੈ। ਇਕ ਬਾਗ ਵਿੱਚ ਵਿਆਹ ਸਮਾਗਮ ਦਾ ਪ੍ਰਬੰਧ ਕੀਤਾ ਗਿਆ ਸੀ। 100 ਤੋਂ ਵੱਧ ਮਹਿਮਾਨਾਂ ਨੂੰ ਸੱਦਾ ਦਿੱਤਾ ਗਿਆ ਸੀ। ਅਲੀਨਾ ਦੇ ਅਨੁਸਾਰ, ਇਕ ਦੋਸਤ ਨੇ ਬਾਈਬਲ ਦਾ ਕੁਝ ਹਿੱਸਾ ਪੜ੍ਹਿਆ। ਡੀਜੇ ਇਸ ਸੰਸਾਰ ਵਿੱਚ ਸਭ ਤੋਂ ਸੁੰਦਰ ਅਤੇ ਦਿਆਲੂ ਦਿਲ ਵਾਲਾ ਬੱਚਾ ਹੈ। ਉਹ ਸੱਚਮੁੱਚ ਆਪਣੇ ਦੋਸਤ ਨੂੰ ਬਹੁਤ ਪਿਆਰ ਕਰਦਾ ਹੈ।

Add a Comment

Your email address will not be published. Required fields are marked *