ਹਰਮਨਪ੍ਰੀਤ ਕੌਰ ‘ਤੇ ਭੜਕੇ ਸ਼ਾਹਿਦ ਅਫਰੀਦੀ, ਆਖ ਦਿੱਤੀ ਇਹ ਗੱਲ

ਨਵੀਂ ਦਿੱਲੀ– ਭਾਰਤੀ ਮਹਿਲਾ ਟੀਮ ਦੀ ਕਪਤਾਨ ਹਰਮਨਪ੍ਰੀਤ ਕੌਰ ਨੂੰ ਹੁਣ ਬੰਗਲਾਦੇਸ਼ ਦੇ ਖ਼ਿਲਾਫ਼ ਆਖ਼ਰੀ ਵਨਡੇ ਮੈਚ ‘ਚ ਆਪਣੇ ਕਾਰਨਾਮੇ ਲਈ ਆਲੋਚਨਾ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਪਿਛਲੇ ਮੈਚ ‘ਚ ਅੰਪਾਇਰ ਨੇ ਹਰਮਨਪ੍ਰੀਤ ਕੌਰ ਨੂੰ ਐੱਲਬੀਡਬਲਿਊ ਆਊਟ ਦਿੱਤਾ ਸੀ। ਇਸ ‘ਤੇ ਨਾਰਾਜ਼ਗੀ ਜ਼ਾਹਰ ਕਰਦਿਆਂ ਉਸ ਨੇ ਆਪਣਾ ਬੱਲਾ ਸਿੱਧਾ ਸਟੰਪ ‘ਤੇ ਮਾਰਿਆ। ਭਾਰਤ ਅਤੇ ਬੰਗਲਾਦੇਸ਼ ਵਿਚਾਲੇ ਆਖ਼ਰੀ ਵਨਡੇ ਮੈਚ ਟਾਈ ਹੋਣ ਕਾਰਨ ਸੀਰੀਜ਼ 1-1 ਨਾਲ ਡਰਾਅ ਰਹੀ।

ਹਰਮਨਪ੍ਰੀਤ ਕੌਰ ਦੀ ਇਸ ਹਰਕਤ ਨੂੰ ਲੈ ਕੇ ਹੁਣ ਪਾਕਿਸਤਾਨ ਦੇ ਸਾਬਕਾ ਕਪਤਾਨ ਸ਼ਾਹਿਦ ਅਫਰੀਦੀ ਨੇ ਵੀ ਆਪਣੀ ਨਾਰਾਜ਼ਗੀ ਜ਼ਾਹਰ ਕੀਤੀ ਹੈ। ਅਫਰੀਦੀ ਨੇ ਕਿਹਾ ਕਿ ਅਜਿਹੇ ਪਲ ਮੈਚ ਨੂੰ ਯਕੀਨੀ ਤੌਰ ‘ਤੇ ਇਕ ਵੱਖਰੇ ਪੱਧਰ ‘ਤੇ ਲੈ ਜਾਂਦੇ ਹਨ, ਪਰ ਮਹਿਲਾ ਕ੍ਰਿਕਟ ‘ਚ ਅਜਿਹੀ ਹਰਕਤ ਅਕਸਰ ਦੇਖਣ ਨੂੰ ਨਹੀਂ ਮਿਲਦੀ। ਸ਼ਾਹਿਦ ਅਫਰੀਦੀ ਨੇ ਸਮਾ ਟੀਵੀ ‘ਤੇ ਆਪਣੇ ਬਿਆਨ ‘ਚ ਕਿਹਾ ਕਿ ਇਹ ਸਿਰਫ਼ ਭਾਰਤ ‘ਚ ਹੀ ਨਹੀਂ ਹੈ। ਅਸੀਂ ਪਹਿਲਾਂ ਵੀ ਇਸ ਤਰ੍ਹਾਂ ਦੀਆਂ ਚੀਜ਼ਾਂ ਦੇਖੀਆਂ ਹਨ, ਪਰ ਮਹਿਲਾ ਕ੍ਰਿਕਟ ‘ਚ ਅਜਿਹਾ ਦ੍ਰਿਸ਼ ਅਕਸਰ ਨਹੀਂ ਦੇਖਿਆ ਜਾਂਦਾ। ਇਹ ਬਹੁਤ ਜ਼ਿਆਦਾ ਹੋ ਗਿਆ। ਆਈਸੀਸੀ ਲਈ ਇਹ ਵੱਡਾ ਮੈਚ ਸੀ। ਸਜ਼ਾ ਦੇ ਨਾਲ ਤੁਸੀਂ ਭਵਿੱਖ ਦੇ ਖਿਡਾਰੀਆਂ ਲਈ ਇੱਕ ਉਦਾਹਰਣ ਪੇਸ਼ ਕੀਤੀ ਹੈ। ਤੁਹਾਨੂੰ ਅੰਪਾਇਰ ਦੇ ਫ਼ੈਸਲੇ ‘ਤੇ ਗੁੱਸਾ ਆ ਸਕਦਾ ਹੈ, ਪਰ ਇਸ ਨੂੰ ਕਾਬੂ ਕੀਤਾ ਜਾਣਾ ਚਾਹੀਦਾ ਹੈ। ਇਹ ਹਰਕਤ ਸਹੀ ਨਹੀਂ ਹੈ।

ਹਰਮਨਪ੍ਰੀਤ ਕੌਰ ਦੀਆਂ ਕਾਰਵਾਈਆਂ ਦਾ ਨੋਟਿਸ ਲੈਂਦਿਆਂ, ਆਈਸੀਸੀ ਨੇ ਉਨ੍ਹਾਂ ਨੂੰ ਲੈਵਲ 2 ਦੇ ਅਪਰਾਧ ਲਈ ਦੋਸ਼ੀ ਪਾਇਆ। ਇਸ ਤੋਂ ਬਾਅਦ ਉਸ ‘ਤੇ ਮੈਚ ਫੀਸ ਦਾ 50 ਫ਼ੀਸਦੀ ਜੁਰਮਾਨਾ ਲਗਾਉਣ ਦੇ ਨਾਲ-ਨਾਲ ਉਸ ਦੇ ਖਾਤੇ ‘ਚ 3 ਡੀਮੈਰਿਟ ਅੰਕ ਵੀ ਜੋੜ ਦਿੱਤੇ ਗਏ। ਇਸ ਤੋਂ ਇਲਾਵਾ ਹਰਮਨਪ੍ਰੀਤ ਨੂੰ ਅੰਤਰਰਾਸ਼ਟਰੀ ਮੈਚ ਦੌਰਾਨ ਵਾਪਰੀ ਘਟਨਾ ਦੀ ਜਨਤਕ ਤੌਰ ‘ਤੇ ਆਲੋਚਨਾ ਕਰਨ ਲਈ ਵੀ ਲੈਵਲ 1 ਦਾ ਦੋਸ਼ੀ ਪਾਇਆ ਗਿਆ। ਇਸ ਦੇ ਲਈ ਉਸ ‘ਤੇ ਮੈਚ ਫੀਸ ਦਾ 25 ਫ਼ੀਸਦੀ ਜੁਰਮਾਨਾ ਲਗਾਉਣ ਦੇ ਨਾਲ-ਨਾਲ ਉਸ ‘ਤੇ 2 ਮੈਚਾਂ ਦੀ ਪਾਬੰਦੀ ਵੀ ਲਗਾਈ ਗਈ ਹੈ।

Add a Comment

Your email address will not be published. Required fields are marked *