ਬ੍ਰਿਸਬੇਨ ‘ਚ ਸੁਰਤਾਲ ਭੰਗੜਾ ਅਕੈਡਮੀ ਵੱਲੋਂ ਲੋਕ ਨਾਚ ਵਰਕਸ਼ਾਪ ਆਯੋਜਿਤ

ਬ੍ਰਿਸਬੇਨ – ਸੁਰਤਾਲ ਭੰਗੜਾ ਅਕੈਡਮੀ ਵੱਲੋਂ ਇਕ ਦਿਨਾਂ ਭੰਗੜਾ ਟਰੇਨਿੰਗ ਵਰਕਸ਼ਾਪ ਬ੍ਰਿਸਬੇਨ ਵਿਖੇ ਆਯੋਜਿਤ ਕੀਤੀ ਗਈ। ਜਿਸ ਵਿੱਚ ਮੁੱਖ ਮਹਿਮਾਨ ਦੇ ਤੌਰ ‘ਤੇ ਲੋਕ ਕਲਾ ਰਤਨ ਅਵਾਰਡੀ ਤੇ ਲੋਕ ਨਾਚ ਸਕਾਲਰਸ਼ਿਪ ਭੰਗੜਾ ਕੋਚ ਨੀਤੀਰਾਜ ਸ਼ੇਰਗਿੱਲ ਪੰਜਾਬ ਤੋਂ ਵਿਸ਼ੇਸ਼ ਤੌਰ ‘ਤੇ ਇਥੇ ਸਿੱਖਿਆਰਥੀਆਂ ਨੂੰ ਲੋਕ ਨਾਚਾਂ ਦੀਆ ਬਾਰੀਕੀਆਂ ਦੇ ਗੁਰ ਦੱਸਣ ਲਈ ਪਹੁੰਚੇ ਸਨ। ਇਹ ਵਰਕਸ਼ਾਪ ਸੌਰਭ ਮਹਿਰਾ, ਮਨਦੀਪ, ਮਨਪ੍ਰੀਤ ਕੌਰ, ਰੁਪਿੰਦਰ ਦੀ ਦੇਖ ਰੇਖ ਹੇਠ ਕਰਵਾਈ ਗਈ। ਵਰਕਸ਼ਾਪ ਵਿੱਚ 150 ਦੇ ਕਰੀਬ ਨਵੇਂ ਸਿਖਿਆਰਥੀਆਂ ਨੇ ਭਾਗ ਲਿਆ ਅਤੇ ਲੋਕ ਨਾਚਾਂ ਦੀ ਸਿਖਲਾਈ ਹਾਸਲ ਕੀਤੀ। ਵੈਨੱਮ ਮਿਊਨੀਸਪਲ ਹਾਲ ਵਿੱਚ ਨੱਚਦੇ ਪੰਜਾਬ ਦਾ ਰੂਪ ਉਸ ਵੇਲੇ ਵੇਖਣ ਨੂੰ ਮਿਲਿਆ, ਜਿਸ ਸਮੇ ਸੁਰਤਾਲ ਭੰਗੜਾ ਅਕੈਡਮੀ ਵੱਲੋਂ ਲਗਾਈ ਵਰਰਸ਼ਾਪ ਨੇ ਮੇਲੇ ਦਾ ਰੂਪ ਧਾਰ ਲਿਆ, ਜਿਸ ਵਿੱਚ ਲੋਕ ਨਾਚ ਮਾਹਿਰ ਨੀਤੀਰਾਜ ਸ਼ੇਰਗਿੱਲ ਨੇ ਲੋਕ ਨਾਚ ਲੁੱਡੀ, ਸੰਮੀ, ਝੂਮਰ, ਧਮਾਲ ਤੇ ਭੰਗੜਾ ਦੇ ਬਾਰੇ ਤਫਸੀਲ ਨਾਲ ਜਾਣਕਾਰੀ ਸਾਂਝੀ ਕੀਤੀ। 

ਨੀਤੀਰਾਜ ਨੇ ਵਰਕਸ਼ਾਪ ਵਿੱਚ ਭਾਗ ਲੈਣ ਵਾਲੇ ਪ੍ਰੇਮੀਆਂ ਨੂੰ ਆਪਣੇ ਤਜ਼ਰਬੇ ਨਾਲ ਪ੍ਰੇਰਿਤ ਕੀਤਾ ਤਾਂ ਜੋ ਉਹ ਲੋਕ ਨਾਚਾਂ ਰਾਹੀਂ ਪੰਜਾਬੀਅਤ ਤੇ ਪੰਜਾਬੀ ਸਭਿਆਚਾਰ ਨਾਲ ਜੁੜ ਸਕਣ। ਉਹਨਾਂ ਵੱਲੋਂ ਸਿੱਖਿਆਰਥੀਆਂ ਨੂੰ ਪੁਰਾਤਨ ਭੰਗੜੇ ਅਤੇ ਲੋਕ ਨਾਚਾਂ ਦੀਆਂ ਬਰੀਕੀਆਂ ਬਾਰੇ ਸੁਚੱਜੇ ਢੰਗ ਨਾਲ ਦੱਸਿਆ ਗਿਆ। ਭੰਗੜੇ ਦੀ ਸਿਖਲਾਈ ਲੈ ਰਹੇ ਬੱਚਿਆਂ ਨੂੰ ਪਿਆਰ ਤੇ ਵਧਾਈ ਦਿੱਤੀ ਤੇ ਇਸ ਕਾਰਜ ਲਈ ਸੁਰਤਾਲ ਸੰਸਥਾ ਦੀ ਪ੍ਰਸ਼ੰਸਾ ਕੀਤੀ ਤੇ ਕਿਹਾ ਕਿ ਬੱਚਿਆਂ ਨੂੰ ਆਪਣੇ ਵਿਰਸੇ ਤੇ ਸੱਭਿਆਚਾਰ ਨਾਲ ਜੋੜਨਾ ਬਹੁਤ ਹੀ ਸ਼ਲਾਘਾ ਯੋਗ ਉਪਰਾਲਾ ਹੈ।

ਨਿਊਜ਼ੀਲੈਂਡ ਤੋਂ ਉਚੇਚੇ ਤੌਰ ‘ਤੇ ਪਹੁੰਚੇ ਗੁਰਿੰਦਰ ਸਿੰਘ ਆਸੀ ਨੇ ਬੋਲੀਆਂ ਨਾਲ ਦਿਲ ਮੋਹ ਲਿਆ। ਪਰਥ ਭੰਗੜਾ ਅਕੈਡਮੀ ਤੋਂ ਆਏ ਟੀ ਜੇ ਸਿੰਘ ਨੇ ਸਾਥ ਦਿੱਤਾ। ਮੰਚ ਸੰਚਾਲਨ ਦੀ ਭੂਮਿਕਾ ਅਮਨ ਔਲਖ ਤੇ ਰਾਜੀ ਸੋਹਲ ਨੇ ਬਾਖੂਬੀ ਨਿਭਾਈ। ਸੁਰਤਾਲ ਭੰਗੜਾ ਅਕੈਡਮੀ ਵੱਲੋਂ ਬ੍ਰਿਸਬੇਨ ਵਾਸੀਆਂ ਖ਼ਾਸ ਕਰਕੇ ਵੱਖ ਵੱਖ ਸਹਿਯੋਗੀਆਂ, ਲੋਕ ਨਾਚ ਅਕੈਡਮੀਆਂ ਅਤੇ ਮਾਪਿਆਂ ਦਾ ਵਿਸ਼ੇਸ਼ ਤੌਰ ‘ਤੇ ਧੰਨਵਾਦ ਕੀਤਾ, ਜਿਹਨਾਂ ਇਸ ਵਰਕਸ਼ਾਪ ਨੂੰ ਕਾਮਯਾਬ ਕਰਨ ਲਈ ਯੋਗਦਾਨ ਪਾਇਆ।

Add a Comment

Your email address will not be published. Required fields are marked *