ਫਰਾਂਸ ‘ਚ ਹੁਣ ਤੱਕ 3600 ਤੋਂ ਵਧੇਰੇ ਲੋਕ ਲਏ ਗਏ ਹਿਰਾਸਤ ‘ਚ

ਪੈਰਿਸ: ਫਰਾਂਸ ਵਿਚ ਬੀਤੇ 6 ਦਿਨਾਂ ਤੋਂ ਹਿੰਸਾ ਜਾਰੀ ਹੈ। ਫਰਾਂਸ ਦੀ ਪੁਲਸ ਨੇ ਪਿਛਲੇ ਛੇ ਦਿਨਾਂ ਵਿਚ ਫਰਾਂਸ ਦੇ ਦੰਗਿਆਂ ਵਿਚ ਸ਼ਾਮਲ 3,625 ਲੋਕਾਂ ਨੂੰ ਹਿਰਾਸਤ ਵਿਚ ਲਿਆ ਹੈ। ਇਹ ਜਾਣਕਾਰੀ ਫਰਾਂਸ ਦੇ ਮੀਡੀਆ ਨੇ ਨਿਆਂ ਮੰਤਰਾਲੇ ਦੇ ਹਵਾਲੇ ਨਾਲ ਮੰਗਲਵਾਰ ਨੂੰ ਦਿੱਤੀ। ਇਸ ਤੋਂ ਪਹਿਲਾਂ ਫਰਾਂਸ ਦੇ ਰਾਸ਼ਟਰਪਤੀ ਇਮੈਨੁਅਲ ਮੈਕਰੋਨ ਨੇ ਕਿਹਾ ਸੀ ਕਿ ਦੰਗੇ ਪਹਿਲਾਂ ਨਾਲੋਂ ਘੱਟ ਗਏ ਹਨ। ਮੈਕਰੋਨ ਨੇ ਕਿਹਾ ਕਿ ਜੇਕਰ ਦੇਸ਼ ‘ਚ ਹਾਲਾਤ ਵਿਗੜਦੇ ਹਨ ਤਾਂ ਸੋਸ਼ਲ ਨੈੱਟਵਰਕ ਨੂੰ ਬੰਦ ਕੀਤਾ ਜਾ ਸਕਦਾ ਹੈ। 

ਪਿਛਲੇ ਸ਼ੁੱਕਰਵਾਰ ਮੈਕਰੋਨ ਨੇ ਕਿਹਾ ਸੀ ਕਿ ਉਹਨਾਂ ਲੋਕਾਂ ਦੀ ਪਛਾਣ ਕੀਤੀ ਜਾਵੇਗੀ, ਜਿਨ੍ਹਾਂ ਨੇ ਨੌਜਵਾਨ ਦੇ ਕਤਲ ਤੋਂ ਬਾਅਦ ਸੋਸ਼ਲ ਮੀਡੀਆ ‘ਤੇ ਵਿਰੋਧ ਪ੍ਰਦਰਸ਼ਨ ਦਾ ਸੱਦਾ ਦਿੱਤਾ ਅਤੇ ਅਸ਼ਾਂਤੀ ਫੈਲਾਈ। ਪ੍ਰਸਾਰਕ ਬੀਐਫਐਮਟੀਵੀ ਅਨੁਸਾਰ ਕੁੱਲ 3,625 ਲੋਕਾਂ ਨੂੰ ਹਿਰਾਸਤ ਵਿੱਚ ਲਿਆ ਗਿਆ ਸੀ, ਜਿਨ੍ਹਾਂ ਵਿੱਚੋਂ 1,124 ਨਾਬਾਲਗ ਹਨ। ਰਿਪੋਰਟਾਂ ਅਨੁਸਾਰ ਹੁਣ ਤੱਕ 990 ਮੁਲਜ਼ਮਾਂ ਨੂੰ ਅਦਾਲਤ ਵਿੱਚ ਪੇਸ਼ ਕੀਤਾ ਗਿਆ ਹੈ ਅਤੇ 380 ਨੂੰ ਜੇਲ੍ਹ ਦੀ ਸਜ਼ਾ ਸੁਣਾਈ ਗਈ ਹੈ।

‘ਲਾ ਮਾਰਸੇਲੀਜ਼’ ਅਖਬਾਰ ਅਨੁਸਾਰ ਫਰਾਂਸ ਦੇ ਸ਼ਹਿਰ ਮਾਰਸੇਲੇ ਵਿੱਚ ਸਰਕਾਰੀ ਵਕੀਲ ਦੇ ਦਫਤਰ ਨੇ ਨੌਜਵਾਨ ਦੀ ਮੌਤ ਦੀ ਸ਼ੁਰੂਆਤੀ ਜਾਂਚ ਸ਼ੁਰੂ ਕਰ ਦਿੱਤੀ ਹੈ। ਪੈਰਿਸ ਦੇ ਉਪਨਗਰ ਨੈਨਟੇਰੇ ਵਿੱਚ,17 ਸਾਲਾ ਨਾਹੇਲ ਨੂੰ ਇੱਕ ਪੁਲਸ ਅਧਿਕਾਰੀ ਨੇ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਕਰਨ ਲਈ ਗੋਲੀ ਮਾਰ ਦਿੱਤੀ ਗਈ ਸੀ। ਅਧਿਕਾਰੀ ਨੂੰ ਕਤਲ ਦੇ ਦੋਸ਼ ‘ਚ ਹਿਰਾਸਤ ‘ਚ ਲੈ ਲਿਆ ਗਿਆ ਹੈ ਪਰ ਪ੍ਰਦਰਸ਼ਨਕਾਰੀਆਂ ‘ਤੇ ਇਸ ਦਾ ਕੋਈ ਅਸਰ ਨਹੀਂ ਹੋਇਆ।

Add a Comment

Your email address will not be published. Required fields are marked *