ਤਮਗਾ ਜਿੱਤ ਕੇ ਪਰਤੇ ਅੰਤਰਰਾਸ਼ਟਰੀ ਖਿਡਾਰੀ ਦਾ ਅਪਮਾਨ, ਗੁੱਸੇ ‘ਚ ਲੈ ਲਿਆ ਸੰਨਿਆਸ

ਖੰਨਾ : ਖੰਨਾ ‘ਚ ਅੰਤਰਰਾਸ਼ਟਰੀ ਪੈਰਾ ਕਰਾਟੇ ਖਿਡਾਰੀ ਦਾ ਅਪਮਾਨ ਹੋਇਆ ਹੈ। ਮਲੇਸ਼ੀਆ ਤੋਂ ਭਾਰਤ ਲਈ ਕਾਂਸੀ ਦਾ ਤਮਗਾ ਜਿੱਤ ਕੇ ਸ਼ਹਿਰ ਪਰਤੇ ਇਸ ਖਿਡਾਰੀ ਦਾ ਸਵਾਗਤ ਵੀ ਨਹੀਂ ਕੀਤਾ ਗਿਆ। ਖਿਡਾਰੀ ਤਰੁਣ ਸ਼ਰਮਾ ਨੇ ਨਿਰਾਸ਼ ਹੋ ਕੇ ਸੰਨਿਆਸ ਲੈਣ ਦਾ ਐਲਾਨ ਕਰ ਦਿੱਤਾ। ਦੱਸ ਦੇਈਏ ਕਿ ਤਰੁਣ ਸ਼ਰਮਾ 21 ਤੋਂ 23 ਜੁਲਾਈ ਤੱਕ ਹੋਈ ਦੂਜੀ ਏਸ਼ੀਅਨ ਕਰਾਟੇ ਚੈਂਪੀਅਨਸ਼ਿਪ ਵਿੱਚ ਭਾਰਤ ਵੱਲੋਂ ਭਾਗ ਲੈਣ ਮਲੇਸ਼ੀਆ ਗਿਆ ਸੀ। ਇਸ ਚੈਂਪੀਅਨਸ਼ਿਪ ਵਿੱਚ 43 ਦੇਸ਼ਾਂ ਦੇ ਪੈਰਾ ਖਿਡਾਰੀ ਪਹੁੰਚੇ।

ਭਾਰਤ ਦੇ 2 ਹੀ ਖਿਡਾਰੀ ਸਨ, ਇਕ ਤਰੁਣ ਸ਼ਰਮਾ ਤੇ ਦੂਜਾ ਦਿੱਲੀ ਦਾ ਖਿਡਾਰੀ। ਤਰੁਣ ਨੇ ਮਲੇਸ਼ੀਆ ‘ਚ ਆਪਣੀ ਕਾਬਲੀਅਤ ਦਾ ਸਬੂਤ ਦਿੱਤਾ ਅਤੇ ਭਾਰਤ ਨੂੰ ਕਾਂਸੀ ਦਾ ਤਮਗਾ ਦਿਵਾਇਆ। ਉਸ ਨੂੰ ਉਮੀਦ ਸੀ ਕਿ ਜਦੋਂ ਉਹ ਸ਼ਹਿਰ ਪਹੁੰਚੇਗਾ ਤਾਂ ਉਸ ਦਾ ਸਨਮਾਨ ਕੀਤਾ ਜਾਵੇਗਾ ਪਰ ਜਦੋਂ ਤਰੁਣ ਬੱਸ ਸਟੈਂਡ ‘ਤੇ ਉੱਤਰਿਆ ਤਾਂ ਉਸ ਦੀ ਖੁਸ਼ੀ ਦਾ ਕੋਈ ਨਾਮੋ-ਨਿਸ਼ਾਨ ਤੱਕ ਨਹੀਂ ਸੀ। ਤਰੁਣ ਨੂੰ ਲੈਣ ਉਸ ਦੇ ਕੁਝ ਦੋਸਤ ਹੀ ਪਹੁੰਚੇ ਸਨ। ਇਸ ਦੌਰਾਨ ਤਰੁਣ ਨੇ ਨਿਰਾਸ਼ ਹੋ ਕੇ ਸੰਨਿਆਸ ਲੈਣ ਦਾ ਐਲਾਨ ਕਰ ਦਿੱਤਾ।

ਕਰਾਟੇ ਖਿਡਾਰੀ ਇੰਨਾ ਨਿਰਾਸ਼ ਸੀ ਕਿ ਉਸ ਨੇ ਗੁੱਸੇ ‘ਚ ਆ ਕੇ ਕਹਿ ਦਿੱਤਾ ਕਿ ਹੁਣ ਉਹ ਭੁੱਕੀ, ਅਫੀਮ ਅਤੇ ਸ਼ਰਾਬ ਵੇਚੇਗਾ। ਜਿਸ ਤਰੀਕੇ ਨਾਲ ਕਰਜ਼ਾ ਹੈ, ਉਸ ਨੂੰ ਚੁਕਾਉਣਾ ਤਾਂ ਪੈਣਾ ਹੀ ਹੈ। ਥੋੜ੍ਹਾ ਸ਼ਾਂਤ ਹੋਣ ਤੋਂ ਬਾਅਦ ਉਸ ਨੇ ਕਿਹਾ ਕਿ ਇਹ ਉਸ ਦੀ ਮਜਬੂਰੀ ਹੈ। ਪਰਿਵਾਰ ਦੀ ਦੇਖਭਾਲ ਵੀ ਕਰਨੀ ਹੈ। ਝੋਨੇ ਦਾ ਸੀਜ਼ਨ ਚੱਲ ਰਿਹਾ ਹੈ, 400 ਰੁਪਏ ਦਿਹਾੜੀ ਕਰਾਂਗਾ। ਸਰਕਾਰ ਕੋਲੋਂ ਤਾਂ ਹੁਣ ਕੋਈ ਉਮੀਦ ਨਹੀਂ ਹੈ।

ਤਰੁਣ ਸ਼ਰਮਾ ਇਕ ਪੈਰਾ ਕਰਾਟੇ ਖਿਡਾਰੀ ਹੈ। ਗਰੀਬ ਪਰਿਵਾਰ ਨਾਲ ਸਬੰਧ ਰੱਖਦਾ ਹੈ। ਪਰਿਵਾਰ ਦਾ ਗੁਜ਼ਾਰਾ ਚਲਾਉਣ ਲਈ ਉਹ ਆਪਣੇ ਪਿਤਾ ਨਾਲ ਸਬਜ਼ੀ ਦੀ ਰੇਹੜੀ ਲਾਉਂਦਾ ਸੀ। ਪਿਤਾ ਦੀ ਕੁਝ ਮਹੀਨੇ ਪਹਿਲਾਂ ਮੌਤ ਹੋ ਗਈ। ਹੁਣ ਉਹ ਖੁਦ ਰੇਹੜੀ ਲਗਾ ਰਿਹਾ ਹੈ। ਉਸ ਨੇ ਕਈ ਵਾਰ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਪੱਧਰ ‘ਤੇ ਦੇਸ਼ ਅਤੇ ਸੂਬੇ ਦਾ ਨਾਂ ਰੌਸ਼ਨ ਕੀਤਾ। ਲੰਬੇ ਸਮੇਂ ਤੋਂ ਉਹ ਸਰਕਾਰ ਕੋਲ ਨੌਕਰੀ ਲਈ ਤਰਲੇ ਕੱਢ ਰਿਹਾ ਹੈ। ਕਿਸੇ ਵੀ ਤਰ੍ਹਾਂ ਦੀ ਸਰਕਾਰੀ ਮਦਦ ਨਹੀਂ ਮਿਲਦੀ। ਖੇਡਾਂ ਪ੍ਰਤੀ ਆਪਣੇ ਜਨੂੰਨ ਨੂੰ ਪੂਰਾ ਕਰਨ ਲਈ ਤਰੁਣ ਨੇ ਆਪਣਾ ਘਰ ਗਿਰਵੀ ਰੱਖਿਆ ਹੋਇਆ ਹੈ। 12 ਲੱਖ ਰੁਪਏ ਦਾ ਕਰਜ਼ਾ ਹੈ। ਇਸ ਵਾਰ ਵੀ ਉਹ 1 ਲੱਖ ਰੁਪਏ ਦਾ ਕਰਜ਼ਾ ਲੈ ਕੇ ਮਲੇਸ਼ੀਆ ਗਿਆ ਸੀ। ਇੰਨੀ ਗਰੀਬੀ ਹੈ ਕਿ ਦਿੱਲੀ ਤੋਂ ਰੋਡਵੇਜ਼ ਦੀ ਬੱਸ ਵਿੱਚ ਖੰਨਾ ਵਾਪਸ ਪਰਤਿਆ। ਸ਼ਹਿਰ ਪਹੁੰਚ ਕੇ ਵੀ ਜਦੋਂ ਕਿਸੇ ਨੇ ਤਰੁਣ ਦੀ ਜਿੱਤ ’ਤੇ ਖੁਸ਼ੀ ਨਾ ਮਨਾਈ ਤਾਂ ਉਹ ਨਿਰਾਸ਼ ਹੋ ਗਿਆ।

Add a Comment

Your email address will not be published. Required fields are marked *