ਹਥਿਆਰਾਂ ਨਾਲ ਲੈਸ ਨਿਹੰਗ ਸਿੰਘਾਂ ਨੇ ਗੁਰਦੁਆਰਾ ਸੁਲਤਾਨਪੁਰ ਲੋਧੀ ’ਤੇ ਕੀਤਾ ਕਬਜ਼ਾ

ਸੁਲਤਾਨਪੁਰ ਲੋਧੀ: ਗੁਰਦੁਆਰਾ ਅਕਾਲ ਬੁੰਗਾ ਸਾਹਿਬ ਯਾਦਗਾਰ ਸਿੰਘ ਸਾਹਿਬ ਨਵਾਬ ਕਪੂਰ ਸਿੰਘ, ਛਾਉਣੀ ਨਿਹੰਗ ਸਿੰਘ ਬੁੱਢਾ ਦਲ ਜਿਸ ’ਤੇ ਸਿੰਘ ਸਾਹਿਬ ਬਾਬਾ ਬਲਬੀਰ ਸਿੰਘ ਅਕਾਲੀ 96 ਕਰੋੜੀ ਦੇ ਦਲ ਦਾ ਕਬਜ਼ਾ ਹੈ, ’ਤੇ ਮੰਗਲਵਾਰ ਸਵੇਰੇ ਬੁੱਢਾ ਦਲ ਦੇ ਦੂਜੇ ਧੜੇ ਦੇ ਮੁਖੀ ਸਿੰਘ ਸਾਹਿਬ ਬਾਬਾ ਮਾਨ ਸਿੰਘ ਦੀ ਅਗਵਾਈ ‘ਚ ਨਿਹੰਗ ਸਿੰਘ ਜਥੇਬੰਦੀ ਵੱਲੋਂ ਤੇਜ਼ਧਾਰ ਹਥਿਆਰਾਂ ਨਾਲ ਲੈਸ ਹੋ ਕੇ ਜਬਰੀ ਹਮਲਾ ਕਰਕੇ ਡੇਰੇ ਅਤੇ ਗੁਰਦੁਆਰਾ ਸਾਹਿਬ ’ਤੇ ਕਬਜ਼ਾ ਕਰ ਲਿਆ ਗਿਆ।

ਇਸ ਦੌਰਾਨ ਗੁਰਦੁਆਰਾ ਸਾਹਿਬ ਦੇ ਡੇਰੇ ‘ਚ ਸਿੰਘ ਸਾਹਿਬ ਬਾਬਾ ਬਲਬੀਰ ਸਿੰਘ ਦੇ ਦਲ ਨਾਲ ਸਬੰਧਤ ਮਹੰਤ ਨਿਹੰਗ ਜਥੇ ਨਿਰਵੈਰ ਸਿੰਘ ਤੇ ਰਾਗੀ ਭਾਈ ਜਗਜੀਤ ਸਿੰਘ ਦੀਆਂ ਬਾਹਾਂ ਬੰਨ੍ਹ ਕੇ ਬੁਰੀ ਤਰ੍ਹਾਂ ਕੁੱਟਮਾਰ ਕੀਤੀ ਗਈ। ਇਸ ਸਬੰਧੀ ਜਿਵੇਂ ਹੀ ਥਾਣਾ ਸੁਲਤਾਨਪੁਰ ਲੋਧੀ ਪੁਲਸ ਨੂੰ ਸੂਚਨਾ ਮਿਲੀ ਤਾਂ ਡੀ.ਐੱਸ.ਪੀ. ਬਬਨਦੀਪ ਸਿੰਘ ਤੇ ਐੱਸ.ਐੱਚ.ਓ. ਲਖਵਿੰਦਰ ਸਿੰਘ ਥਿੰਦ ਦੀ ਅਗਵਾਈ ’ਚ ਪੁਲਸ ਨੇ ਤੁਰੰਤ ਮੌਕੇ ’ਤੇ ਪੁੱਜ ਕੇ ਜ਼ਖ਼ਮੀ ਹਾਲਤ ਵਿੱਚ ਬੰਦੀ ਬਣਾਏ ਮਹੰਤ ਨਿਰਵੈਰ ਸਿੰਘ ਤੇ ਰਾਗੀ ਜਗਜੀਤ ਸਿੰਘ ਨੂੰ ਛੁਡਵਾ ਕੇ ਸਿਵਲ ਹਸਪਤਾਲ ਦਾਖਲ ਕਰਵਾਇਆ। ਹੋਰ ਜਾਣਕਾਰੀ ਅਨੁਸਾਰ ਪੁਲਸ ਨੇ ਦੋਵੇਂ ਜ਼ਖ਼ਮੀਆਂ ਦੇ ਬਿਆਨਾਂ ’ਤੇ ਥਾਣਾ ਸੁਲਤਾਨਪੁਰ ਲੋਧੀ ਵਿਖੇ ਸਿੰਘ ਸਾਹਿਬ ਬਾਬਾ ਮਾਨ ਸਿੰਘ ਤੇ ਹੋਰ ਵੱਡੀ ਗਿਣਤੀ ‘ਚ ਨਿਹੰਗ ਸਿੰਘਾਂ ’ਤੇ ਕੇਸ ਦਰਜ ਕਰ ਲਿਆ ਹੈ। ਇਸੇ ਦੌਰਾਨ ਇਸ ਡੇਰੇ ’ਤੇ ਪਹਿਲਾਂ ਕਾਬਜ਼ ਸਿੰਘ ਸਾਹਿਬ ਬਾਬਾ ਬਲਬੀਰ ਸਿੰਘ ਅਕਾਲੀ ਦੇ ਦਲ ਨਾਲ ਸਬੰਧਤ ਵੱਡੀ ਗਿਣਤੀ ’ਚ ਨਿਹੰਗ ਸਿੰਘ ਸੁਲਤਾਨਪੁਰ ਲੋਧੀ ਪੁੱਜ ਗਏ ਤੇ ਕਿਸੇ ਤਰ੍ਹਾਂ ਦਾ ਟਕਰਾਅ ਰੋਕਣ ਲਈ ਪੁਲਸ ਨੇ ਉਨ੍ਹਾਂ ਨੂੰ ਤਲਵੰਡੀ ਪੁਲ ਸੁਲਤਾਨਪੁਰ ਲੋਧੀ ਵਿਖੇ ਰੋਕ ਛੱਡਿਆ।

ਇਸੇ ਦੌਰਾਨ ਘਟਨਾ ਸਥਾਨ ‘ਤੇ ਐੱਸ.ਐੱਸ.ਪੀ. ਕਪੂਰਥਲਾ ਸ਼੍ਰੀਮਤੀ ਵਤਸਲਾ ਗੁਪਤਾ, ਐੱਸ. ਪੀ. ਹੈੱਡਕੁਆਰਟਰ ਤੇਜਵੀਰ ਸਿੰਘ ਹੁੰਦਲ, ਡੀ.ਐੱਸ.ਪੀ. (ਡੀ.) ਕਪੂਰਥਲਾ ਗੁਰਮੀਤ ਸਿੰਘ ਸਿੱਧੂ, ਡੀ.ਐੱਸ.ਪੀ. ਸੁਲਤਾਨਪੁਰ ਲੋਧੀ ਬਬਨਦੀਪ ਸਿੰਘ ਵੀ ਭਾਰੀ ਗਿਣਤੀ ‘ਚ ਪੁਲਸ ਫੋਰਸ ਤੇ ਦੰਗਾ ਰੋਕੂ ਦਸਤੇ ਸਮੇਤ ਪਹੁੰਚ ਗਏ ਤੇ ਬੜੀ ਸੂਝ-ਬੂਝ ਨਾਲ ਅਮਨ-ਸ਼ਾਂਤੀ ਨੂੰ ਬਹਾਲ ਕਰਵਾਇਆ। ਇਸ ਸਮੇਂ ਕਿਸੇ ਤਰ੍ਹਾਂ ਦਾ ਟਕਰਾਅ ਰੋਕਣ ਲਈ ਪੁਲਸ ਵੱਲੋਂ ਪੂਰਾ ਦਿਨ ਗੁਰਦੁਆਰਾ ਅਕਾਲ ਬੁੰਗਾ ਸਾਹਿਬ ਦੀ ਘੇਰਾਬੰਦੀ ਕਰਕੇ ਪੂਰੀ ਨਿਗਰਾਨੀ ਰੱਖੀ ਗਈ।

ਯਾਦਗਾਰ ਨਵਾਬ ਕਪੂਰ ਸਿੰਘ ਛਾਉਣੀ ਨਿਹੰਗ ਸਿੰਘ ਬੁੱਢਾ ਦਲ ਦੇ ਦਫ਼ਤਰ ਮੂਹਰੇ ਬਾਬਾ ਮਾਨ ਸਿੰਘ ਆਪਣੇ ਤੇਜ਼ਧਾਰ ਹਥਿਆਰਾਂ ਨਾਲ ਲੈਸ ਨਿਹੰਗ ਸਿੰਘਾਂ ਸਮੇਤ ਬੈਠੇ ਰਹੇ, ਜਿਨ੍ਹਾਂ ਨੂੰ ਸਮਝਾਉਣ ਲਈ ਐੱਸ. ਪੀ. ਹੈੱਡਕੁਆਰਟਰ ਕਪੂਰਥਲਾ ਤੇਜਵੀਰ ਸਿੰਘ ਹੁੰਦਲ, ਡੀ.ਐੱਸ.ਪੀ. ਡੀ. ਕਪੂਰਥਲਾ ਗੁਰਮੀਤ ਸਿੰਘ ਸਿੱਧੂ ਤੇ ਡੀ.ਐੱਸ.ਪੀ. ਬਬਨਦੀਪ ਸਿੰਘ ਲੁਬਾਣਾ ਪੂਰਾ ਦਿਨ ਸਰਗਰਮ ਰਹੇ। ਪੁਲਸ ਅਧਿਕਾਰੀਆਂ ਨੇ ਬਾਬਾ ਮਾਨ ਸਿੰਘ ਨੂੰ ਬੇਨਤੀ ਕੀਤੀ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਸਮੇਂ ਇਹ ਵਿਵਾਦ ਨਾ ਕੀਤਾ ਜਾਵੇ ਤੇ ਇਸੇ ਤਰ੍ਹਾਂ ਇਹ ਡੇਰਾ ਛੱਡ ਕੇ ਝਗੜਾ ਖ਼ਤਮ ਕੀਤਾ ਜਾਵੇ। ਉਨ੍ਹਾਂ ਇਹ ਵੀ ਭਰੋਸਾ ਦਿਵਾਇਆ ਕਿ ਇਸ ਡੇਰੇ ਨੂੰ ਤਾਲਾ ਲਗਾ ਦਿੱਤਾ ਜਾਵੇਗਾ ਤੇ ਪ੍ਰਕਾਸ਼ ਪੁਰਬ ਜੋੜ ਮੇਲਾ ਲੰਘਣ ਉਪਰੰਤ ਦੋਵਾਂ ਧਿਰਾਂ ਨੂੰ ਬੁਲਾ ਕੇ ਮਾਮਲਾ ਸੁਲਝਾ ਦਿੱਤਾ ਜਾਵੇਗਾ ਪਰ ਗੱਲ ਸ਼ਾਮ ਤੱਕ ਕਿਸੇ ਪਾਸੇ ਨਾ ਲੱਗੀ ਤਾਂ ਪੁਲਸ ਅਧਿਕਾਰੀ ਦੋਵਾਂ ਧੜਿਆਂ ਨੂੰ ਵੱਖ-ਵੱਖ ਤੌਰ ’ਤੇ ਬੇਨਤੀ ਕਰਕੇ ਦਫ਼ਤਰਾਂ ਨੂੰ ਪਰਤ ਗਏ।

ਓਧਰ ਸਿਵਲ ਹਸਪਤਾਲ ਵਿਖੇ ਜ਼ੇਰੇ ਇਲਾਜ ਰਾਗੀ ਭਾਈ ਜਗਜੀਤ ਸਿੰਘ ਤੇ ਬਾਬਾ ਨਿਰਵੈਰ ਸਿੰਘ ਨੇ ਗੱਲਬਾਤ ਕਰਦਿਆਂ ਦੱਸਿਆ ਕਿ ਉਨ੍ਹਾਂ ਦੀ ਬਾਬਾ ਮਾਨ ਸਿੰਘ ਤੇ ਹੋਰ ਵੱਡੀ ਗਿਣਤੀ ‘ਚ ਵਿਅਕਤੀਆਂ ਵੱਲੋਂ ਕੁੱਟਮਾਰ ਕੀਤੀ ਗਈ। ਉਨ੍ਹਾਂ ਮੰਗ ਕੀਤੀ ਕਿ ਸਾਰੇ ਦੋਸ਼ੀਆਂ ਖ਼ਿਲਾਫ਼ ਕਾਨੂੰਨੀ ਕਾਰਵਾਈ ਕੀਤੀ ਜਾਵੇ। ਦੂਜੇ ਪਾਸੇ ਇਸ ਮਾਮਲੇ ਸਬੰਧੀ ਸਿੰਘ ਸਾਹਿਬ ਬਾਬਾ ਮਾਨ ਸਿੰਘ ਨੇ ਕਿਹਾ ਕਿ ਇਹ ਡੇਰਾ ਪਹਿਲਾਂ ਤੋਂ ਹੀ ਸਾਡਾ ਸੀ ਤੇ ਇਸ ’ਤੇ ਦੂਜੇ ਧੜੇ ਵੱਲੋਂ ਜਬਰੀ ਕਬਜ਼ਾ ਕਰ ਲਿਆ ਗਿਆ ਸੀ। ਉਨ੍ਹਾਂ ਕਿਹਾ ਕਿ ਉਹ ਕਿਸੇ ਕੀਮਤ ’ਤੇ ਡੇਰਾ ਨਹੀਂ ਛੱਡਣਗੇ।

ਉਥੇ ਹੀ ਪੁਲਸ ਅਧਿਕਾਰੀਆਂ ਨੇ ਸਿਰਫ ਇੰਨਾ ਹੀ ਕਿਹਾ ਕਿ ਦੋਵੇਂ ਧਿਰਾਂ ਦਾ ਟਕਰਾਅ ਨਹੀਂ ਹੋਣ ਦਿੱਤਾ ਜਾਵੇਗਾ ਤੇ ਅਮਨ-ਸ਼ਾਂਤੀ ਹਰ ਕੀਮਤ ’ਤੇ ਬਹਾਲ ਰੱਖੀ ਜਾਵੇਗੀ। ਕਿਸੇ ਨੂੰ ਵੀ ਕਾਨੂੰਨ ਆਪਣੇ ਹੱਥ ‘ਚ ਨਹੀਂ ਲੈਣ ਦਿੱਤਾ ਜਾਵੇਗਾ ਤੇ ਪ੍ਰਕਾਸ਼ ਪੁਰਬ ਜੋੜ ਮੇਲੇ ’ਤੇ ਕਿਸੇ ਨੂੰ ਮਾਹੌਲ ਖਰਾਬ ਕਰਨ ਦੀ ਆਗਿਆ ਨਹੀਂ ਦਿੱਤੀ ਜਾਵੇਗੀ। ਉਨ੍ਹਾਂ ਦੱਸਿਆ ਕਿ ਪੁਲਸ ਦੇ ਵੱਡੀ ਗਿਣਤੀ ’ਚ ਕਰਮਚਾਰੀ ਸੰਗਤਾਂ ਦੀ ਸੁਰੱਖਿਆ ਲਈ ਨਿਯੁਕਤ ਕੀਤੇ ਗਏ ਹਨ। ਪੁਲਸ ਅਧਿਕਾਰੀਆਂ ਨੇ ਕਿਹਾ ਕਿ ਕਾਨੂੰਨ ਅਨੁਸਾਰ ਬਣਦੀ ਕਾਰਵਾਈ ਹੋਵੇਗੀ ਤੇ ਕਿਸੇ ਨਾਲ ਧੱਕੇਸ਼ਾਹੀ ਨਹੀਂ ਕੀਤੀ ਜਾਵੇਗੀ।

Add a Comment

Your email address will not be published. Required fields are marked *