ਤਰਨਤਾਰਨ ’ਚ ਪੁਲਸ ਨੇ ਗੈਂਗਸਟਰਾਂ ਨੂੰ ਪਾਇਆ ਘੇਰਾ, ਅੰਨ੍ਹੇਵਾਹ ਚੱਲੀਆਂ ਗੋਲ਼ੀਆਂ

ਤਰਨਤਾਰਨ : ਤਰਨਤਾਰਨ ਪੁਲਸ ਅਤੇ ਗੈਂਗਸਟਰਾਂ ਵਿਚਕਾਰ ਸੋਮਵਾਰ ਸ਼ਾਮ ਮੁੱਠਭੇੜ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ, ਜਿਸ ਦੌਰਾਨ ਵੱਡੀ ਗਿਣਤੀ ਵਿਚ ਦੋਵੇਂ ਪਾਸਿਓਂ ਫਾਇਰਿੰਗ ਕੀਤੀ ਗਈ। ਇਸ ਫਾਇਰਿੰਗ ਦੌਰਾਨ ਜਿੱਥੇ ਥਾਣਾ ਸਦਰ ਤਰਨਤਾਰਨ ਦੀ ਪੁਲਸ ਨੇ ਬਹਾਦਰੀ ਨਾਲ ਸਾਹਮਣਾ ਕਰਦੇ ਹੋਏ ਦੋ ਗੈਂਗਸਟਰਾਂ ਨੂੰ ਦੋ ਪਿਸਤੌਲਾਂ ਅਤੇ ਦੋ ਮੋਟਰਸਾਈਕਲਾਂ ਮੇਤ  ਗ੍ਰਿਫ਼ਤਾਰ ਕਰ ਲਿਆ ਹੈ, ਉਥੇ ਹੀ ਤਿੰਨ ਗੈਂਗਸਟਰ ਭੱਜਣ ਵਿਚ ਕਾਮਯਾਬ ਹੋ ਗਏ, ਜਿਨ੍ਹਾਂ ਦੀ ਗ੍ਰਿਫਤਾਰੀ ਲਈ ਛਾਪੇਮਾਰੀ ਜਾਰੀ ਹੈ। ਥਾਣਾ ਸਦਰ ਤਰਨਤਾਰਨ ਦੀ ਪੁਲਸ ਨੂੰ ਗੁਪਤ ਸੂਚਨਾ ਮਿਲੀ ਸੀ ਕਿ ਪਿੰਡ ਸੰਘੇ ਦੀ ਨਹਿਰ ਨਜ਼ਦੀਕ ਸੁੰਨਸਾਨ ਜਗ੍ਹਾ ’ਤੇ ਗੈਂਗਸਟਰਾਂ ਦਾ ਇਕ ਟੋਲਾ ਕਿਸੇ ਵੱਡੀ ਵਾਰਦਾਤ ਨੂੰ ਅੰਜਾਮ ਦੇਣ ਦੀ ਫਿਰਾਕ ਵਿਚ ਹੈ। ਇਸ ਸੂਚਨਾ ਮਿਲਣ ਤੋਂ ਤੁਰੰਤ ਬਾਅਦ ਥਾਣਾ ਸਦਰ ਤਰਨਤਾਰਨ ਦੇ ਮੁਖੀ ਇੰਸਪੈਕਟਰ ਗੁਰਚਰਨ ਸਿੰਘ ਸਮੇਤ ਪੁਲਸ ਪਾਰਟੀ ਬਹਾਦਰੀ ਨਾਲ ਦੱਸੀ ਸੂਚਨਾ ’ਤੇ ਕਾਰਵਾਈ ਕਰਨ ਲਈ ਜਾ ਪੁੱਜੇ। 

ਪੁਲਸ ਪਾਰਟੀ ਨੂੰ ਵੇਖਦੇ ਹੀ ਗੈਂਗਸਟਰਾਂ ਨੇ ਪੁਲਸ ਉਪਰ ਫਾਇਰਿੰਗ ਕਰਨੀ ਸ਼ੁਰੂ ਕਰ ਦਿੱਤੀ, ਜਿਸ ਨੂੰ ਵੇਖਦੇ ਹੋਏ ਪੁਲਸ ਨੂੰ ਵੀ ਫਾਇਰਿੰਗ ਕਰਨੀ ਪਈ। ਇਸ ਫਾਇਰਿੰਗ ਦੌਰਾਨ ਕੋਈ ਵੀ ਵਿਅਕਤੀ ਜ਼ਖ਼ਮੀ ਨਹੀਂ ਹੋਇਆ ਪ੍ਰੰਤੂ ਪੁਲਸ ਨੇ ਬਹਾਦਰੀ ਨਾਲ ਗੈਂਗਸਟਰ ਚਰਨਜੀਤ ਸਿੰਘ ਰਾਜੂ ਵਾਸੀ ਪਿੰਡ ਸੰਘਾ ਅਤੇ ਗੁਰਦੇਵ ਸਿੰਘ ਪ੍ਰਿੰਸ ਨਿਵਾਸੀ ਕੱਕਾ ਕੰਡਿਆਲਾ ਨੂੰ ਦੋ 32 ਬੋਰ ਪਿਸਤੌਲਾਂ ਅਤੇ ਦੋ ਮੋਟਰਸਾਈਕਲਾਂ ਸਮੇਤ ਗ੍ਰਿਫਤਾਰ ਕਰ ਲਿਆ। ਇਸ ਦੌਰਾਨ ਤਿੰਨ ਗੈਂਗਸਟਰ ਮੌਕੇ ਤੋਂ ਕਾਰ ਸਮੇਤ ਫ਼ਰਾਰ ਹੋਣ ਵਿਚ ਕਾਮਯਾਬ ਹੋ ਗਏ। ਐੱਸ. ਪੀ. ਇਨਵੈਸਟੀਗੇਸ਼ਨ ਵਿਸ਼ਾਲਜੀਤ ਸਿੰਘ ਨੇ ਦੱਸਿਆ ਕਿ ਇਸ ਸਾਰੇ ਮਾਮਲੇ ਦੀ ਪੁਲਸ ਵੱਲੋਂ ਬਾਰੀਕੀ ਨਾਲ ਜਾਂਚ ਕਰਦੇ ਹੋਏ ਮੁਲਜ਼ਮਾਂ ਪਾਸੋਂ ਪੁੱਛਗਿੱਛ ਸ਼ੁਰੂ ਕਰ ਦਿੱਤੀ ਗਈ ਹੈ, ਜਿਨ੍ਹਾਂ ਖ਼ਿਲਾਫ਼ ਪਹਿਲਾਂ ਕਈ ਅਪਰਾਧਿਕ ਮਾਮਲੇ ਵੀ ਦਰਜ ਹਨ।

Add a Comment

Your email address will not be published. Required fields are marked *