6 ਸਾਲਾ ਬੱਚੀ ਦੀ ਮੌਤ ਤੋਂ ਬਾਅਦ ਮਾਪਿਆਂ ਨੇ ਹਸਪਤਾਲ ਮੂਹਰੇ ਕੀਤਾ ਰੋਸ ਪ੍ਰਦਰਸ਼ਨ

ਮੋਗਾ : ਫਿਰੋਜ਼ਪੁਰ ਰੋਡ ‘ਤੇ ਸਥਿਤ ਇਕ ਨਿੱਜੀ ਹਸਪਤਾਲ ’ਚ ਉਦੋਂ ਮਾਹੌਲ ਗਰਮਾ ਗਿਆ, ਜਦੋਂ ਫਰੀਦਕੋਟ ਨਿਵਾਸੀ ਇਕ 6 ਸਾਲਾ ਬੱਚੀ ਰਿਧੀ, ਜਿਸ ਦਾ ਪੀ. ਜੀ. ਆਈ. ‘ਚ ਇਲਾਜ ਚੱਲ ਰਿਹਾ ਸੀ, ਦੀ ਰਸਤੇ ‘ਚ ਅਚਾਨਕ ਤਬੀਅਤ ਵਿਗੜਨ ਕਾਰਨ ਉਸ ਨੂੰ ਹਸਪਤਾਲ ਵਿਖੇ ਲਿਆਂਦਾ ਗਿਆ, ਜਿੱਥੇ ਉਸ ਦੀ ਮੌਤ ਹੋ ਗਈ। ਬੱਚੀ ਦੀ ਮੌਤ ਤੋਂ ਬਾਅਦ ਮਾਪਿਆਂ ਅਤੇ ਹੋਰ ਪਰਿਵਾਰਕ ਮੈਂਬਰਾਂ ਨੇ ਹਸਪਤਾਲ ਮੂਹਰੇ ਰੋਸ ਪ੍ਰਦਰਸ਼ਨ ਕੀਤਾ। ਦਾਦਾ ਨਰਿੰਦਰ ਕੁਮਾਰ ਨੇ ਕਿਹਾ ਕਿ ਹਸਪਤਾਲ ‘ਚ ਲਿਜਾਣ ਵੇਲੇ ਬੱਚੀ ਦੀ ਹਾਲਤ ਇੰਨੀ ਜ਼ਿਆਦਾ ਗੰਭੀਰ ਨਹੀਂ ਸੀ ਪਰ ਜਦੋਂ ਬੱਚੀ ਦੇ ਮੂੰਹ ‘ਚ ਪਾਈਪ ਪਾਈ ਤਾਂ ਸਾਰੇ ਪਰਿਵਾਰਕ ਮੈਂਬਰਾਂ ਨੂੰ ਐਮਰਜੈਂਸੀ ’ਚੋਂ ਬਾਹਰ ਕੱਢ ਦਿੱਤਾ ਗਿਆ ਤੇ 10 ਮਿੰਟਾਂ ਮਗਰੋਂ ਡਾਕਟਰ ਨੇ ਆ ਕੇ ਸਪੱਸ਼ਟ ਕਰ ਦਿੱਤਾ ਕਿ ਬੱਚੀ ਦੀ ਮੌਤ ਹੋ ਚੁੱਕੀ ਹੈ।

ਉਨ੍ਹਾਂ ਹਸਪਤਾਲ ਦੇ ਡਾਕਟਰਾਂ ’ਤੇ ਕਥਿਤ ਤੌਰ ’ਤੇ ਅਣਗਹਿਲੀ ਦਾ ਦੋਸ਼ ਲਾਉਂਦਿਆਂ ਕਿਹਾ ਕਿ ਲੜਕੀ ਦੇ ਮੂੰਹ ਅਤੇ ਨੱਕ ’ਚ ਪਾਈਪ ਪਾ ਕੇ ਇਲਾਜ ਕਰਨ ਨਾਲ ਲੜਕੀ ਦੀ ਸਿਹਤ ਖਰਾਬ ਹੋਈ। ਉਨ੍ਹਾਂ ਕਿਹਾ ਕਿ ਪਰਿਵਾਰਕ ਮੈਂਬਰਾਂ ਨਾਲ ਗੱਲਾਂ ਕਰਦੀ ਰਿਧੀ ਨੂੰ ਇੰਨੀ ਜਲਦੀ ਕੁਝ ਨਹੀਂ ਹੋ ਸਕਦਾ। ਇਹ ਸਭ ਹਸਪਤਾਲ ਦੇ ਅਮਲੇ ਫੈਲੇ ਦੀ ਕਥਿਤ ਅਣਗਹਿਲੀ ਕਾਰਨ ਹੋਇਆ। ਉਨ੍ਹਾਂ ਮੰਗ ਕੀਤੀ ਕਿ ਸਿਹਤ ਵਿਭਾਗ ਅਤੇ ਪ੍ਰਸ਼ਾਸਨਿਕ ਅਧਿਕਾਰੀਆਂ ਨੂੰ ਇਸ ਮਾਮਲੇ ਦੀ ਜਾਂਚ ਕਰਕੇ ਲੋੜੀਂਦੀ ਕਾਰਵਾਈ ਕਰਨੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਹਸਪਤਾਲ ਦਾ ਲਾਇਸੈਂਸ ਵੀ ਰੱਦ ਕੀਤਾ ਜਾਵੇ ਤਾਂ ਜੋ ਭਵਿੱਖ ਵਿੱਚ ਕਿਸੇ ਨਾਲ ਅਜਿਹੀ ਮੰਦਭਾਗੀ ਘਟਨਾ ਨਾ ਵਾਪਰੇ। ਪੁਲਸ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।

ਇਸੇ ਦੌਰਾਨ ਗੋਮਤੀ ਥਾਪਰ ਹਸਪਤਾਲ ਮੋਗਾ ਦੇ ਡਾ. ਨੀਲੂ ਕੌੜਾ ਦਾ ਕਹਿਣਾ ਸੀ ਕਿ ਬੱਚੀ ਦੀ ਇਲਾਜ ਦੌਰਾਨ ਕਿਸੇ ਲਾਪ੍ਰਵਾਹੀ ਕਾਰਨ ਮੌਤ ਨਹੀਂ ਹੋਈ ਅਤੇ ਲਾਏ ਜਾ ਰਹੇ ਸਾਰੇ ਦੋਸ਼ ਬੇਬੁਨਿਆਦ ਹਨ। ਉਨ੍ਹਾਂ ਕਿਹਾ ਕਿ ਜਦੋਂ ਲੜਕੀ ਨੂੰ ਹਸਪਤਾਲ ਲਿਆਂਦਾ ਗਿਆ, ਉਦੋਂ ਉਸ ਦੇ ਦਿਲ ਦੀ ਧੜਕਣ ਰੁਕੀ ਹੋਈ ਸੀ। ਉਨ੍ਹਾਂ ਕਿਹਾ ਕਿ ਡਾਕਟਰਾਂ ਵੱਲੋਂ ਲੜਕੀ ਨੂੰ ਬਚਾਉਣ ਲਈ ਯਤਨ ਕੀਤੇ ਗਏ ਪਰ ਸਫ਼ਲ ਨਹੀਂ ਹੋ ਸਕੇ। ਡਾਕਟਰਾਂ ਨੇ ਸਪੱਸ਼ਟ ਕੀਤਾ ਕਿ ਬੱਚੀ ਦੇ ਪਹਿਲਾਂ ਹੀ ਡਾਇਲਸਿਸ ਹੋ ਰਹੇ ਸਨ।

Add a Comment

Your email address will not be published. Required fields are marked *