ਪਰਵਾਸੀ ਪੰਜਾਬੀਆਂ ਨਾਲ ਕਿਸਾਨ ਅੰਦੋਲਨ ਦੀ ‘ਕਿੜ’ ਕੱਢਣ ਲੱਗਿਆ ਕੇਂਦਰ

ਸੂਬਾ ਸਰਕਾਰ ਵੱਲੋਂ ‘ਪੰਜਾਬੀ ਐੱਨਆਰਆਈਜ਼ ਨਾਲ ਮਿਲਣੀ’ ਨਾਂ ਦੇ ਸ਼ੁਰੂ ਕੀਤੇ ਗਏ ਪ੍ਰੋਗਰਾਮ ਵਿੱਚ ਕੈਨੇਡਾ ਤੋਂ ਆਏ ਪਰਵਾਸੀ ਪੰਜਾਬੀਆਂ ਨੇ ਆਖਿਆ ਕਿ ਕਿਸਾਨ ਅੰਦੋਲਨ ਤੋਂ ਬਾਅਦ ਕੈਨੇਡਾ ਵਸਦੇ ਪੰਜਾਬੀਆਂ ਨੂੰ ਪੰਜਾਬ ਆਉਣਾ ਬਹੁਤ ਔਖਾ ਹੋ ਗਿਆ ਹੈ। ਕੈਨੇਡਾ ਤੋਂ ਆਏ ਪੰਜਾਬੀਆਂ ਨੇ ਇਹ ਖੁਲਾਸਾ ਪਰਵਾਸੀ ਭਾਰਤੀ ਮਾਮਲਿਆਂ ਬਾਰੇ ਪੰਜਾਬ ਦੇ ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਕੋਲ ਕੀਤਾ, ਜੋ ਐਨਆਰਆਈਜ਼ ਦੀਆਂ ਮੁਸ਼ਕਲਾਂ ਸੁਣ ਰਹੇ ਸਨ। ਪਰਵਾਸੀ ਪੰਜਾਬੀ ਫਰੈਂਡਜ਼ ਆਫ ਇੰਡੀਆ-ਕੈਨੇਡਾ ਦੇ ਪ੍ਰਧਾਨ ਮਨਿੰਦਰ ਗਿੱਲ ਨੇ ਕੈਨੇਡਾ ਤੋਂ ਪੰਜਾਬ ਆਉਣ ਲਈ ਈ-ਵੀਜ਼ਾ ਦੀ ਸਹੂਲਤ ਵਿੱਚ ਪਰਵਾਸੀ ਪੰਜਾਬੀਆਂ ਨੂੰ ਪੇਸ਼ ਆ ਰਹੀਆਂ ਮੁਸ਼ਕਿਲਾਂ ਦਾ ਮਾਮਲਾ ਵੀ ਮੰਤਰੀ ਕੋਲ ਚੁੱਕਿਆ। ਉਨ੍ਹਾਂ ਕਿਹਾ ਕਿ ਕਈ ਪਰਿਵਾਰਾਂ ਨੇ ਆਪਣੇ ਬਜ਼ੁਰਗਾਂ ਦੀਆਂ ਅਸਥੀਆਂ ਲਿਆਉਣੀਆਂ ਹੁੰਦੀਆਂ ਹਨ ਪਰ ਉਨ੍ਹਾਂ ਨੂੰ ਵੀ ਵੀਜ਼ਾ ਲੈਣ ਵਿੱਚ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਉਨ੍ਹਾਂ ਕਿਹਾ ਕਿ ਕੈਨੇਡਾ ਦੇ ਪੰਜਾਬੀਆਂ ਨੇ ਕਿਸਾਨ ਅੰਦੋਲਨ ਦੀ ਖੁੱਲ੍ਹ ਕੇ ਕੀਤੀ ਮਦਦ ਕੀਤੀ ਸੀ, ਜਿਸ ਕਾਰਨ ਹੁਣ ਉਨ੍ਹਾਂ ਨੂੰ ਭਾਰਤ ਆਉਣ ਲੱਗਿਆਂ ਵੀਜ਼ੇ ਦੀ ਵੱਡੀ ਸਮੱਸਿਆ ਆ ਰਹੀ ਹੈ। ਪੰਜਾਬ ਵਿੱਚ 6 ਹਵਾਈ ਅੱਡੇ ਹੋਣ ਦੇ ਬਾਵਜੂਦ ਕਿਸੇ ਵੀ ਹਵਾਈ ਅੱਡੇ ਤੋਂ ਕੈਨੇਡਾ ਲਈ ਸਿੱਧੀ ਉਡਾਣ ਦਾ ਕੋਈ ਪ੍ਰਬੰਧ ਨਹੀਂ ਕੀਤਾ ਜਾ ਰਿਹਾ।

ਮਨਿੰਦਰ ਗਿੱਲ ਨੇ ਕਿਹਾ ਕਿ ਮੋਦੀ ਸਰਕਾਰ ਦੇ ਪਹਿਲੇ ਪੰਜ ਸਾਲਾਂ ਦੌਰਾਨ ਕਾਲੀ ਸੂਚੀ ਨੂੰ ਖ਼ਤਮ ਕਰ ਦਿੱਤਾ ਸੀ। ਉਹ ਖੁਦ ਵੀ 19 ਸਾਲਾਂ ਤੱਕ ਕਾਲੀ ਸੂਚੀ ਵਿੱਚ ਰਹੇ। ਕਾਲੀ ਸੂਚੀ ਖਤਮ ਹੋਣ ਤੋਂ ਬਾਅਦ ਗਰਮਖਿਆਲੀ ਸਿੱਖ ਕਾਰਕੁਨ ਵੀ ਭਾਰਤ ਦਾ ਦੌਰਾ ਆਮ ਕਰ ਸਕਦੇ ਸਨ ਅਤੇ ਉਨ੍ਹਾਂ ਨੂੰ ਪੁਲੀਸ ਤੰਗ ਵੀ ਨਹੀਂ ਸੀ ਕਰਦੀ ਪਰ ਹੁਣ ਉਹ ਮਹਿਸੂਸ ਕਰਦੇ ਹਨ ਕਿ ਕਿਸਾਨ ਅੰਦੋਲਨ ਤੋਂ ਬਾਅਦ ਹਾਲਾਤ ਬਦਲ ਗਏ ਹਨ।

ਇੰਡੋ-ਕੈਨੇਡੀਅਨ ਵਰਕਰਜ਼ ਐਸੋਸੀਏਸ਼ਨ ਦੇ ਕੁਲਵੰਤ ਸਿੰਘ ਢੇਸੀ ਨੇ ਕਿਹਾ ਕਿ ਵੀਜ਼ਾ ਅਪਲਾਈ ਕਰਨ ਲਈ ਲੋਕਾਂ ਨੂੰ ਘੰਟਿਆਂਬੱਧੀ ਲਾਈਨਾਂ ਵਿੱਚ ਖੜ੍ਹੇ ਰਹਿੰਦੇ ਹਨ ਅਤੇ ਫਿਰ ਵੀ ਵੀਜ਼ਾ ਲੈਣ ਲਈ 3-4 ਮਹੀਨੇ ਉਡੀਕ ਕਰਨੀ ਪੈਂਦੀ ਹੈ। ਉਨ੍ਹਾਂ ਆਖਿਆ ਕਿ ਭਾਰਤ ਸਰਕਾਰ ਦਾ ਇਹ ਰਵੱਈਆ ਕਿਸਾਨ ਅੰਦੋਲਨ ਤੋਂ ਬਾਅਦ ਬਦਲਿਆ ਹੈ। ਟੋਰਾਂਟੋ ਤੋਂ ਆਏ ਹਰਭਜਨ ਸਿੰਘ ਨੇ ਦੱਸਿਆ ਕਿ ਪਹਿਲਾਂ ਉਨ੍ਹਾਂ ਨੂੰ ਇੱਕ ਤੋਂ ਪੰਜ ਦਿਨਾਂ ਵਿੱਚ ਵੀਜ਼ਾ ਮਿਲ ਜਾਂਦਾ ਸੀ ਪਰ ਇਸ ਵਾਰ ਇੱਕ ਮਹੀਨਾ ਤੋਂ ਵੱਧ ਸਮਾਂ ਲੱਗਾ ਹੈ। ਇੱਕ ਹੋਰ ਕੈਨੇਡੀਅਨ ਪੰਜਾਬੀ ਪਿਆਰਾ ਸਿੰਘ ਗੋਸਲ ਨੇ ਦੱਸਿਆ ਕਿ ਇਸ ਵਾਰ ਵੀਜ਼ਾ ਅਰਜ਼ੀ ਕੇਂਦਰ ਵਿੱਚ ਕਤਾਰ ਵਿੱਚ 11 ਘੰਟੇ ਉਡੀਕ ਕਰਨੀ ਪਈ।

ਸ੍ਰੀ ਧਾਲੀਵਾਲ ਨੇ ਅੱਜ ਆਖਿਆ ਕਿ ਉਹ ਪਰਵਾਸੀ ਪੰਜਾਬੀਆਂ ਦਾ ਮਸਲਾ ਕੇਂਦਰ ਸਰਕਾਰ ਕੋਲ ਚੁੱਕੇਗੀ। ਉਨ੍ਹਾਂ ਆਖਿਆ ਕਿ ਪੰਜਾਬ ਸਰਕਾਰ ਵਿਦੇਸ਼ਾਂ ਦੇ ਨਾਗਰਿਕ ਬਣ ਚੁੱਕੇ ਪ੍ਰਵਾਸੀ ਪੰਜਾਬੀਆਂ ਨੂੰ ਸੂਬੇ ਵਿਚ ਜ਼ਮੀਨਾਂ ਦੀ ਖਰੀਦੋ-ਫਰੋਖਤ ਦੇ ਹੱਕ ਦਿਵਾਉਣ ਲਈ ਚਾਰਾਜੋਈ ਕਰੇਗੀ। ਉਨ੍ਹਾਂ ਕਿਹਾ ਕਿ ਸੂਬਾ ਸਰਕਾਰ ਇਸ ਬਾਰੇ ਕਾਨੂੰਨ ਵਿਚ ਲੋੜੀਦੀ ਸੋਧ ਵੀ ਕਰੇਗੀ ਅਤੇ ਲੋੜ ਪੈਣ ’ਤੇ ਕੇਂਦਰ ਸਰਕਾਰ ਕੋਲ ਵੀ ਮਾਮਲਾ ਚੁੱਕਿਆ ਜਾਵੇਗਾ। ਉਨ੍ਹਾਂ ਕਿਹਾ ਕਿ ਅਗਲੇ ਵਰ੍ਹੇ ਪੰਜਾਬ ਸਰਕਾਰ ਵੱਲੋਂ ਵਿਦੇਸ਼ਾਂ ਵਿਚ ਐੱਨਆਰਆਈ ਸੰਮੇਲਨ ਕੀਤੇ ਜਾਣਗੇ ਤਾਂ ਜੋ ਉਨ੍ਹਾਂ ਦੇ ਬੂਹੇ ’ਤੇ ਜਾ ਕੇ ਮੁਸ਼ਕਲਾਂ ਜਾਣ ਸਕੀਏ। ਧਾਲੀਵਾਲ ਨੇ ਕਿਹਾ ਕਿ ਵਿਦੇਸ਼ਾਂ ਵਿਚ ਜਾ ਕੇ ਪ੍ਰਵਾਸੀ ਵੀਰਾਂ ਤੋਂ ਪੰਜਾਬ ਦੀ ਸਿੱਖਿਆ ਅਤੇ ਸਿਹਤ ਸੇਵਾਵਾਂ ਨੂੰ ਬਿਹਤਰ ਬਣਾਉਣ ਲਈ ਵਿੱਤੀ ਮਦਦ ਦੀ ਮੰਗ ਵੀ ਕੀਤੀ ਜਾਵੇਗੀ।

Add a Comment

Your email address will not be published. Required fields are marked *