11 ਸਾਲਾ ਬੱਚੇ ਨੇ IQ ‘ਚ ਆਈਨਸਟਾਈਨ ਅਤੇ ਸਟੀਫਨ ਹਾਕਿੰਗ ਨੂੰ ਛੱਡਿਆ ਪਿੱਛੇ

ਕਿਸੇ ਵੀ ਵਿਅਕਤੀ ਦੇ ਦਿਮਾਗ਼ ਦਾ ਲੈਵਲ ਜਾਨਣ ਲਈ ਉਸ ਦਾ ਆਈਕਿਊ (Intelligence quotient) ਟੈਸਟ ਲਿਆ ਜਾਂਦਾ ਹੈ। ਇਹ ਮਨੋਵਿਗਿਆਨੀਆਂ ਦੁਆਰਾ ਤਿਆਰ ਕੀਤਾ ਗਿਆ ਇੱਕ ਅਜਿਹਾ ਟੈਸਟ ਹੈ, ਜੋ ਵਿਅਕਤੀ ਦੇ ਦਿਮਾਗ ਦੀ ਜਾਂਚ ਕਰਦਾ ਹੈ ਅਤੇ ਦੱਸਦਾ ਹੈ ਕਿ ਵਿਅਕਤੀ ਅਸਲ ਵਿੱਚ ਕਿੰਨਾ ਪ੍ਰਤਿਭਾਵਾਨ ਹੈ। ਅਲਬਰਟ ਆਇਨਸਟਾਈਨ ਅਤੇ ਸਟੀਫਨ ਹਾਕਿੰਗ ਵਰਗੇ ਵਿਗਿਆਨੀਆਂ ਦਾ ਆਈਕਿਊ ਪੱਧਰ ਬਹੁਤ ਉੱਚਾ ਮੰਨਿਆ ਜਾਂਦਾ ਹੈ। ਮੌਜੂਦਾ ਸਮੇਂ ਕੁਝ ਬੱਚੇ ਅਜਿਹੇ ਵੀ ਹਨ, ਜਿਹਨਾਂ ਨੇ ਇਹਨਾਂ ਵਿਗਿਆਨੀਆਂ ਨੂੰ ਪਿੱਛੇ ਛੱਡ ਦਿੱਤਾ ਹੈ।

ਮਿਰਰ ਦੀ ਰਿਪੋਰਟ ਮੁਤਾਬਕ ਹਾਲ ਹੀ ਵਿਚ 11 ਸਾਲ ਦੇ ਇਕ ਬੱਚੇ ਨੇ ਇਹ ਕਾਰਨਾਮਾ ਕੀਤਾ ਹੈ ਅਤੇ ਉਸ ਦਾ ਨਾਂ ਐਡਰੀਅਨ ਲੀ ਹੈ। ਇਸ ਵੰਡਰਕਿਡ ਨੇ ਦੁਨੀਆ ਦੇ 2 ਫੀਸਦੀ ਸਭ ਤੋਂ ਬੁੱਧੀਮਾਨ ਲੋਕਾਂ ‘ਚ ਆਪਣੀ ਜਗ੍ਹਾ ਬਣਾ ਲਈ ਹੈ। ਲੰਡਨ ਦੇ ਬਰਨੇਟ ਵਿਚ ਰਹਿਣ ਵਾਲਾ ਇਹ ਬੱਚਾ ਮੂਲ ਰੂਪ ਵਿਚ ਹਾਂਗਕਾਂਗ ਦਾ ਰਹਿਣ ਵਾਲਾ ਹੈ ਅਤੇ ਉਸ ਦੇ ਮਾਤਾ-ਪਿਤਾ ਦਾ ਕਹਿਣਾ ਹੈ ਕਿ ਉਹ ਛੋਟੀ ਉਮਰ ਤੋਂ ਹੀ ਕੁਝ ਵੱਖਰਾ ਦਿਖਾਈ ਦਿੰਦਾ ਸੀ। ਮਾਂ ਰੇਚਲ ਨੇ ਦੱਸਿਆ ਕਿ ਐਡਰੀਅਨ ਨੇ ਪ੍ਰਾਇਮਰੀ ਸਕੂਲ ਵਿੱਚ ਕਈ ਅਕਾਦਮਿਕ ਅਵਾਰਡ ਪ੍ਰਾਪਤ ਕੀਤੇ। ਐਡਰੀਅਨ ਸਤੰਬਰ ਵਿੱਚ ਬਾਰਨੇਟ ਵਿੱਚ ਕਵੀਨ ਐਲਿਜ਼ਾਬੈਥ ਦੇ ਸਕੂਲ ਵਿੱਚ ਦਾਖਲਾ ਲੈਣ ਲਈ ਤਿਆਰ ਹੈ।

ਐਡਰੀਅਨ ਲੀ ਨੇ ਮੇਨਸਾ ਸੋਸਾਇਟੀ ਦੁਆਰਾ ਆਯੋਜਿਤ ਆਈਕਿਊ ਟੈਸਟ ਵਿੱਚ 162 ਦਾ ਸਕੋਰ ਹਾਸਲ ਕੀਤਾ ਹੈ। ਇਹ ਅਲਬਰਟ ਆਇਨਸਟਾਈਨ ਅਤੇ ਸਟੀਫਨ ਹਾਕਿੰਗ ਵਰਗੇ ਵਿਗਿਆਨੀਆਂ ਦੇ ਸਕੋਰ ਤੋਂ 2 ਨੰਬਰ ਜ਼ਿਆਦਾ ਹੈ। ਹੁਣ ਬੱਚਾ ਮੇਨਸਾ ਸੋਸਾਇਟੀ ਦਾ ਮੈਂਬਰ ਬਣ ਗਿਆ ਹੈ, ਜੋ ਦੁਨੀਆ ਦੇ ਸਭ ਤੋਂ ਬੁੱਧੀਮਾਨ ਲੋਕਾਂ ਦਾ ਕਲੱਬ ਹੈ। ਐਡਰੀਅਨ ਦੀ ਮਾਂ ਰੇਚਲ ਦਾ ਕਹਿਣਾ ਹੈ ਕਿ ਐਡਰੀਅਨ 2 ਸਾਲ ਦੀ ਉਮਰ ਤੋਂ ਹੀ ਵੱਡੇ ਸਪੈਲਿੰਗ ਪੜ੍ਹਦਾ ਸੀ। ਉਸ ਨੂੰ ਪੜ੍ਹਨ ਵਿਚ ਬਹੁਤ ਦਿਲਚਸਪੀ ਹੈ। 8 ਸਾਲ ਦੀ ਉਮਰ ਵਿੱਚ ਉਸ ਨੇ ਇੱਕ ਨਾਵਲ ਵੀ ਲਿਖਣਾ ਸ਼ੁਰੂ ਕਰ ਦਿੱਤਾ ਸੀ, ਜਿਸ ਦਾ ਨਾਂ ‘‘Monster Quest’ ਰੱਖਿਆ ਗਿਆ।

ਐਡਰੀਅਨ ਸ਼ਤਰੰਜ, ਸਕੁਐਸ਼, ਤਲਵਾਰਬਾਜ਼ੀ, ਸਕੀਇੰਗ, ਟੇਬਲ ਟੈਨਿਸ ਅਤੇ ਤਾਈਕਵਾਂਡੋ ਵਰਗੀਆਂ ਖੇਡਾਂ ਦਾ ਸ਼ੌਕੀਨ ਹੈ। ਹਾਲਾਂਕਿ ਐਡਰੀਅਨ ਨੂੰ ਖੁਦ ਨੂੰ ਲੱਗ ਰਿਹਾ ਸੀ ਕਿ ਉਹ 148 ਤੱਕ ਸਕੋਰ ਬਣਾ ਲਵੇਗਾ ਪਰ ਉਸ ਨੂੰ ਉਮੀਦ ਨਹੀਂ ਸੀ ਕਿ ਉਹ 162 ਤੱਕ ਪਹੁੰਚ ਜਾਵੇਗਾ। ਵੱਡਾ ਹੋ ਕੇ ਐਡਰੀਅਨ ਇੱਕ ਕਾਰਡੀਓਲੋਜਿਸਟ ਬਣਨਾ ਚਾਹੁੰਦਾ ਹੈ। ਉਸ ਦੇ ਮਾਤਾ-ਪਿਤਾ ਨੂੰ ਉਸ ‘ਤੇ ਬਹੁਤ ਮਾਣ ਹੈ ਅਤੇ ਉਹ ਚਾਹੁੰਦੇ ਹਨ ਕਿ ਉਹ ਆਪਣੀ ਬੇਮਿਸਾਲ ਪ੍ਰਤਿਭਾ ਨਾਲ ਸਮਾਜ ਦਾ ਭਲਾ ਕਰੇ। ਜ਼ਿਕਰਯੋਗ ਹੈ ਕਿ ਬੀਤੇ ਸਾਲ ਵੀ 11 ਸਾਲ ਦੇ ਬ੍ਰਿਟਿਸ਼ ਮੁੰਡੇ ਯੂਸਫ ਸ਼ਾਹ ਦਾ ਆਈਕਿਊ ਐਲਬਰਟ ਆਇਨਸਟਾਈਨ ਅਤੇ ਸਟੀਫਨ ਹਾਕਿੰਗ ਨਾਲੋਂ ਉੱਚਾ ਦਰਜ ਕੀਤਾ ਗਿਆ ਸੀ। ਮੇਨਸਾ ਦੇ ਇੱਕ ਟੈਸਟ ਵਿੱਚ ਇਸ ਪ੍ਰਤਿਭਾਸ਼ਾਲੀ ਮੁੰਡੇ  ਨੇ 162 ਅੰਕ ਪ੍ਰਾਪਤ ਕੀਤੇ ਜੋ ਕਿ ਆਈਨਸਟਾਈਨ ਅਤੇ ਹਾਕਿੰਗ ਦੇ ਆਈਕਿਊ ਤੋਂ ਵੱਧ ਸੀ ਜੋ ਕਿ ਲਗਭਗ 160 ਸੀ।

Add a Comment

Your email address will not be published. Required fields are marked *