5 ਘੰਟਿਆਂ ਦੀ ਸਖ਼ਤ ਮੁਸ਼ੱਕਤ ਮਗਰੋਂ ਬੋਰਵੈੱਲ ‘ਚੋਂ ਕੱਢਿਆ ਗਿਆ 3 ਸਾਲਾ ‘ਸ਼ਿਵਮ’

ਬਿਹਾਰ- ਨਾਲੰਦਾ ਜ਼ਿਲ੍ਹੇ ਦੇ ਨਗਰ ਪੰਚਾਇਤ ਅਧੀਨ ਵਾਰਡ ਨੰਬਰ-17 ‘ਚ 3 ਸਾਲ ਦਾ ਇਕ ਬੱਚਾ ਐਤਵਾਰ ਦੀ ਸਵੇਰ ਨੂੰ ਖੇਡਦੇ ਹੋਏ ਬੋਰਵੈੱਲ ਵਿਚ ਡਿੱਗ ਗਿਆ ਸੀ। ਇਸ ਬੱਚੇ ਨੂੰ ਬੋਰਵੈੱਲ ‘ਚੋਂ ਸੁਰੱਖਿਅਤ ਬਾਹਰ ਕੱਢ ਲਿਆ ਗਿਆ ਹੈ। 3 ਸਾਲਾ ਸ਼ਿਵਮ ਨੂੰ NDRF ਦੀ ਟੀਮ ਨੇ 5 ਘੰਟਿਆਂ ਦੀ ਸਖ਼ਤ ਮੁਸ਼ੱਕਤ ਮਗਰੋਂ ਰੈਸਕਿਊ ਕੀਤਾ ਹੈ। NDRF ਅਧਿਕਾਰੀ ਜੇ. ਪੀ. ਪ੍ਰਸਾਦ ਨੇ ਦੱਸਿਆ ਬਚਾਅ ਮੁਹਿੰਮ ਵਿਚ 5 ਘੰਟੇ ਲੱਗ ਗਏ। ਬਹੁਤ ਵੱਡੀ ਚੁਣੌਤੀ ਸੀ, ਅਸੀਂ ਕੈਮਰੇ ਨਾਲ ਲਗਾਤਾਰ ਮਾਨੀਟਰਿੰਗ ਕਰ ਰਹੇ ਸੀ। 

ਜਿਸ ਬੋਰਵੈੱਲ ‘ਚ ਸ਼ਿਵਮ ਡਿੱਗਿਆ ਸੀ, ਉਸ ਦੀ ਡੂੰਘਾਈ 40 ਫੁੱਟ ਸੀ। ਬੱਚੇ ਨੂੰ ਸੁਰੱਖਿਅਤ ਬਾਹਰ ਕੱਢਣ ਲਈ NDRF ਅਤੇ SDRF ਦੀਆਂ ਟੀਮਾਂ ਨੇ ਸਖ਼ਤ ਮਿਹਨਤ ਕੀਤੀ। ਅਧਿਕਾਰੀਆਂ ਮੁਤਾਬਕ 6-7 ਜੇ. ਸੀ. ਬੀ. ਮਸ਼ੀਨਾਂ ਜ਼ਰੀਏ ਲਗਾਤਾਰ ਬੋਰਵੈੱਲ ਨੇੜੇ ਖੋਦਾਈ ਕੀਤੀ ਗਈ। ਬੋਰਵੈੱਲ ਵਿਚ ਫਸੇ ਬੱਚੇ ਨੂੰ ਆਕਸੀਜਨ ਦੀ ਸਪਲਾਈ ਕੀਤੀ ਗਈ ਅਤੇ ਉਸ ‘ਤੇ ਸੀ. ਸੀ. ਟੀ. ਵੀ. ਜ਼ਰੀਏ ਨਜ਼ਰ ਰੱਖੀ ਗਈ। 

ਓਧਰ ਲੋਕਾਂ ਦਾ ਕਹਿਣਾ ਹੈ ਕਿ ਪਿੰਡ ‘ਚ ਸਿੰਚਾਈ ਲਈ ਬੋਰਵੈੱਲ ਕਰਵਾਇਆ ਜਾ ਰਿਹਾ ਸੀ, ਜਿਸ ਵਿਚ ਬੱਚਾ ਡਿੱਗ ਗਿਆ। ਬੱਚੇ ਦੀ ਮਾਂ ਨੇ ਕਿਹਾ ਕਿ ਉਹ ਖੇਤਾਂ ਵਿਚ ਕੰਮ ਕਰ ਰਹੀ ਸੀ, ਬੱਚਾ ਉੱਥੇ ਖੇਡ ਰਿਹਾ ਸੀ। ਅਚਾਨਕ ਉਸ ਦਾ ਪੈਰ ਫਿਸਲ ਗਿਆ ਅਤੇ ਬੋਰਵੈੱਲ ‘ਚ ਜਾ ਡਿੱਗਿਆ। ਬਚਾਅ ਟੀਮਾਂ ਨੇ ਕਾਫੀ ਮੁਸ਼ੱਕਤ ਮਗਰੋਂ ਸ਼ਿਵਮ ਨੂੰ ਬਚਾਅ ਲਿਆ ਹੈ। 

Add a Comment

Your email address will not be published. Required fields are marked *