54 ਸਾਲਾਂ ਬਾਅਦ ਸਹੀ ਪਤੇ ’ਤੇ ਪਹੁੰਚਿਆ Postcard

ਪੈਰਿਸ : ਬੇਸ਼ੱਕ ਅੱਜ ਦੁਨੀਆ ਬਹੁਤ ਤਰੱਕੀ ਕਰ ਚੁੱਕੀ ਹੈ ਅਤੇ ਦੁਨੀਆ ‘ਚ ਕਿਤੇ ਵੀ ਕਿਸੇ ਨਾਲ ਵੀ ਮੋਬਾਇਲ ਰਾਹੀਂ ਗੱਲਬਾਤ ਹੋ ਜਾਂਦੀ ਹੈ। ਹਾਲਾਂਕਿ, ਇਕ ਸਮਾਂ ਅਜਿਹਾ ਵੀ ਸੀ, ਜਦੋਂ ਸਿਰਫ਼ ਚਿੱਠੀਆਂ ਅਤੇ ਪੋਸਟਕਾਰਡ ਹੀ ਚੱਲਦੇ ਸਨ। ਖੁਸ਼ਖਬਰੀ ਹੋਵੇ ਜਾਂ ਦੁਖਦਾਈ ਖ਼ਬਰ, ਡਾਕੀਆ ਚਿੱਠੀਆਂ ਰਾਹੀਂ ਹੀ ਪਹੁੰਚਾਉਂਦਾ ਸੀ। ਭਾਵੇਂ ਪੱਤਰ ਸਹੀ ਸਮੇਂ ’ਤੇ ਪਹੁੰਚ ਜਾਂਦੇ ਸਨ ਪਰ ਇਸ ਸਮੇਂ ਇਕ ਅਜਿਹੇ ਪੋਸਟਕਾਰਡ ਦੀ ਚਰਚਾ ਹੋ ਰਹੀ ਹੈ, ਜਿਸ ਨੂੰ ਸਹੀ ਪਤੇ ’ਤੇ ਪਹੁੰਚਣ ਲਈ 54 ਸਾਲ ਲੱਗ ਗਏ। ਇਸ ਪੋਸਟਕਾਰਡ ਦੇ ਸਫਰ ਦੀ ਕਹਾਣੀ ਬੇਹੱਦ ਦਿਲਚਸਪ ਹੈ।

ਬੈਂਗੋਰ ਡੇਲੀ ਨਿਊਜ਼ ਦੀ ਰਿਪੋਰਟ ਮੁਤਾਬਕ ਜੈਸਿਕਾ ਮੀਨਸ ਨਾਂ ਦੀ ਔਰਤ ਨੂੰ ਇਹ ਪੋਸਟਕਾਰਡ ਮਿਲਿਆ ਹੈ। ਬੀਤੇ ਸੋਮਵਾਰ ਨੂੰ ਜਦੋਂ ਉਸ ਨੇ ਆਪਣਾ ਮੇਲ ਬਾਕਸ ਖੋਲ੍ਹਿਆ ਤਾਂ ਉਸ ਨੂੰ ਇਕ ਵਿਅਕਤੀ ਦਾ ਪੋਸਟਕਾਰਡ ਮਿਲਿਆ, ਜਿਸ ਨੂੰ ਮਰੇ ਹੋਏ 30 ਸਾਲ ਤੋਂ ਜ਼ਿਆਦਾ ਸਮਾਂ ਹੋ ਗਿਆ ਹੈ। ਜੈਸਿਕਾ ਮੁਤਾਬਕ ਇਹ ਪੋਸਟਕਾਰਡ ਪੈਰਿਸ ਤੋਂ ਸਾਲ 1969 ’ਚ ਭੇਜਿਆ ਗਿਆ ਸੀ, ਜੋ 54 ਸਾਲਾਂ ਬਾਅਦ ਯਾਨੀ 2023 ’ਚ ਸਹੀ ਪਤੇ ’ਤੇ ਪਹੁੰਚਿਆ। ਜੈਸਿਕਾ ਇਹ ਦੇਖ ਕੇ ਹੈਰਾਨ ਰਹਿ ਗਈ ਤੇ ਉਸ ਨੇ ਸੋਚਿਆ ਕਿ ਇਹ ਕਿਸੇ ਗੁਆਂਢੀ ਲਈ ਹੋਵੇਗਾ ਪਰ  ਬਾਅਦ ਵਿੱਚ ਪਤਾ ਲੱਗਾ ਕਿ ਪੋਸਟਕਾਰਡ ਮਿਸਟਰ ਅਤੇ ਮਿਸਿਜ਼ ਰੇਨੇ ਏ. ਗਗਨਨ ਲਈ ਸੀ, ਜੋ ਘਰ ਦੇ ਅਸਲ ਮਾਲਕ ਸਨ।

ਜੈਸਿਕਾ ਨੇ ਅੱਗੇ ਦੱਸਿਆ ਕਿ ਇਸ ਰਹੱਸਮਈ ਪੋਸਟਕਾਰਡ ‘ਚ ਲਿਖਿਆ ਸੀ, ‘‘ਜਦੋਂ ਤੱਕ ਤੁਹਾਨੂੰ ਇਹ ਕਾਰਡ ਮਿਲੇਗਾ, ਮੈਂ ਘਰ ਆ ਚੁੱਕਾ ਹੋਵਾਂਗਾ ਪਰ ਮੈਨੂੰ ਇਸ ਨੂੰ ਆਈਫਲ ਟਾਵਰ ਤੋਂ ਭੇਜਣਾ ਸਹੀ ਲੱਗਾ, ਜਿੱਥੇ ਮੈਂ ਹੁਣ ਮੌਜੂਦ ਹਾਂ। ਬਹੁਤ ਕੁਝ ਦੇਖਣ ਦਾ ਮੌਕਾ ਤਾਂ ਨਹੀਂ ਮਿਲਿਆ ਪਰ ਜੋ ਕੁਝ ਵੀ ਦੇਖਿਆ, ਉਹ ਮਜ਼ੇਦਾਰ ਸੀ। ਜੈਸਿਕਾ ਨੇ ਇਹ ਕਾਰਡ ਸੋਸ਼ਲ ਮੀਡੀਆ ’ਤੇ ਪੋਸਟ ਕਰ ਦਿੱਤਾ ਹੈ, ਜੋ ਕਾਫੀ ਵਾਇਰਲ ਹੋ ਰਿਹਾ ਹੈ। ਲੋਕ ਇਸ ਨੂੰ ਇਸ ਉਮੀਦ ਨਾਲ ਇਕ-ਦੂਜੇ ਨੂੰ ਟੈਗ ਕਰ ਰਹੇ ਹਨ ਕਿ ਸ਼ਾਇਦ ਕੋਈ ਸ਼ਖਸ ਇਸ ਪੋਰਟ ਕਾਰਡ ਨੂੰ ਲਿਖਣ ਵਾਲੇ ਨੂੰ ਜਾਣਦਾ ਹੋਵੇ।

Add a Comment

Your email address will not be published. Required fields are marked *