ਘੁਸਪੈਠ ਨੂੰ ਰੋਕਣ ਲਈ ਮੈਕਸੀਕੋ ਸਰਹੱਦ ‘ਤੇ ਕੰਧ ਬਣਾਏਗਾ ਅਮਰੀਕਾ

ਵਾਸ਼ਿੰਗਟਨ : ਇਸ ਸਾਲ ਅਗਸਤ ਤੱਕ ਅਮਰੀਕਾ-ਮੈਕਸੀਕੋ ਸਰਹੱਦ ‘ਤੇ ਕੁਲ 20,273 ਚੀਨੀ ਪ੍ਰਵਾਸੀਆਂ ਨੂੰ ਫੜਿਆ ਗਿਆ ਸੀ। ਹੁਣ ਅਮਰੀਕਾ ‘ਚ ਇਮੀਗ੍ਰੇਸ਼ਨ ਦੀ ਨੀਤੀ ਨੂੰ ਲੈ ਕੇ ਆਲੋਚਨਾ ਦਾ ਸਾਹਮਣਾ ਕਰ ਰਹੇ ਬਾਈਡੇਨ ਪ੍ਰਸ਼ਾਸਨ ਨੇ ਮੈਕਸੀਕਨ ਸਰਹੱਦ ਪਾਰ ਕਰਨ ਵਾਲੇ ਲੋਕਾਂ ਨੂੰ ਰੋਕਣ ਲਈ ਨੀਤੀ ਪੱਧਰ ‘ਤੇ ਮਹੱਤਵਪੂਰਨ ਯੂ-ਟਰਨ ਲੈ ਲਿਆ ਹੈ। ਬਾਈਡੇਨ ਪ੍ਰਸ਼ਾਸਨ ਦੇ ਗ੍ਰਹਿ ਦਫ਼ਤਰ ਨੇ ਅਮਰੀਕਾ ਦੇ ਟੈਕਸਾਸ ਰਾਜ ਤੋਂ ਗੈਰ-ਕਾਨੂੰਨੀ ਪ੍ਰਵਾਸੀਆਂ ਦੇ ਵਧ ਰਹੇ ਪ੍ਰਵਾਹ ਨੂੰ ਰੋਕਣ ਲਈ ਦੱਖਣੀ ਟੈਕਸਾਸ ਵਿੱਚ ਕੰਧ ਦੇ ਇਕ ਹਿੱਸੇ ਨੂੰ ਬਣਾਉਣ ਦੀ ਤੁਰੰਤ ਲੋੜ ‘ਤੇ ਜ਼ੋਰ ਦਿੱਤਾ ਹੈ।

ਮੈਕਸੀਕੋ ਨਾਲ ਲੱਗਦੀ ਸਰਹੱਦ ‘ਤੇ ਸਟਾਰ ਕਾਊਂਟੀ ‘ਚ ਕਰੀਬ 32 ਕਿਲੋਮੀਟਰ ਦੀ ਇਹ ਸਰਹੱਦ ਬਣਾਈ ਜਾਵੇਗੀ, ਜਿਸ ਵਿੱਚ ਪਿਛਲੇ ਕੁਝ ਦਿਨਾਂ ਤੋਂ ਘੁਸਪੈਠ ‘ਚ ਬਹੁਤ ਤੇਜ਼ੀ ਦੇਖਣ ਨੂੰ ਮਿਲੀ ਹੈ। ਵਿਭਾਗ ਦੇ ਅੰਕੜਿਆਂ ਅਨੁਸਾਰ ਇਸ ਮਾਲੀ ਸਾਲ ਵਿੱਚ ਹੁਣ ਤੱਕ ਕਰੀਬ 245,000 ਗ਼ੈਰਕਾਨੂੰਨੀ ਪ੍ਰਵਾਸੀ ਇਸ ਖੇਤਰ ਵਿੱਚ ਦਾਖ਼ਲ ਹੋਏ ਹਨ। 26 ਸੰਘੀ ਕਾਨੂੰਨ ਜਿਵੇਂ ਕਿ ਲੁਪਤ ਪ੍ਰਜਾਤੀ ਐਕਟ, ਕਲੀਨ ਵਾਟਰ ਐਕਟ ਆਦਿ ਨੂੰ ਵੀ ਬਾਈਪਾਸ ਕਰਨ ਦੀ ਇਜਾਜ਼ਤ ਦਿੱਤੀ ਗਈ ਹੈ ਤਾਂ ਜੋ ਇਹ ਯਕੀਨੀ ਬਣਾਇਆ ਜਾ ਸਕੇ ਕਿ ਇਸ ਦੀਵਾਰ ਦੀ ਤੇਜ਼ੀ ਨਾਲ ਉਸਾਰੀ ਵਿੱਚ ਕੋਈ ਰੁਕਾਵਟ ਵੀ ਨਾ ਆਵੇ।

ਬਾਈਡੇਨ ਪ੍ਰਸ਼ਾਸਨ ਦੁਆਰਾ ਜਾਰੀ ਕਾਰਜਕਾਰੀ ਆਦੇਸ਼ ਵਿੱਚ ਕਿਹਾ ਗਿਆ ਹੈ, ”ਪ੍ਰੋਜੈਕਟ ਖੇਤਰਾਂ ਵਿੱਚ ਗੈਰ-ਕਾਨੂੰਨੀ ਪ੍ਰਵਾਸੀਆਂ ਦੇ ਦਾਖਲੇ ਨੂੰ ਰੋਕਣ ਲਈ ਅਮਰੀਕੀ ਸਰਹੱਦ ਦੇ ਨਾਲ ਇਕ ਕੰਧ ਅਤੇ ਸੜਕਾਂ ਦੇ ਤੇਜ਼ੀ ਨਾਲ ਨਿਰਮਾਣ ਦੀ ਵੀ ਤੁਰੰਤ ਲੋੜ ਹੈ, ਜੋ ਉਸ ਵੇਲੇ ਦੇ ਰਾਸ਼ਟਰਪਤੀ ਟ੍ਰੰਪ ਦੇ ਕਾਰਜਕਾਲ ਦੌਰਾਨ ਅਜਿਹੇ ਆਦੇਸ਼ ਵਿਆਪਕ ਪ੍ਰਭਾਵ ਨਾਲ ਜਾਰੀ ਕੀਤੇ ਗਏ ਸਨ ਅਤੇ ਹੁਣ ਰਾਸ਼ਟਰਪਤੀ ਬਾਈਡੇਨ ਦੇ ਕਾਰਜਕਾਲ ਦੌਰਾਨ ਪਹਿਲੀ ਵਾਰ ਵਰਤਿਆ ਗਿਆ ਹੈ।”

ਜ਼ਿਕਰਯੋਗ ਹੈ ਕਿ ਚੋਣਾਂ ਤੋਂ ਪਹਿਲਾਂ ਰਾਸ਼ਟਰਪਤੀ ਜੋਅ ਬਾਈਡੇਨ ਨੇ ਕਿਹਾ ਸੀ ਕਿ ਉਹ ਮੈਕਸੀਕੋ ਦੀ ਸਰਹੱਦ ‘ਤੇ ਕੰਧ ਨਹੀਂ ਬਣਾਉਣਗੇ। ਇੰਨਾ ਹੀ ਨਹੀਂ, ਅਹੁਦਾ ਸੰਭਾਲਣ ਤੋਂ ਬਾਅਦ ਵੀ ਬਾਈਡੇਨ ਪ੍ਰਸ਼ਾਸਨ ਨੇ ਐਲਾਨ ਕੀਤਾ ਸੀ ਕਿ ਦੱਖਣੀ ਸਰਹੱਦ ‘ਤੇ ਕੰਧ ਬਣਾਉਣਾ ਸਮੱਸਿਆ ਦਾ ਗੰਭੀਰ ਨੀਤੀਗਤ ਹੱਲ ਨਹੀਂ ਹੈ ਪਰ ਬਾਈਡੇਨ ਪ੍ਰਸ਼ਾਸਨ ਦਾ ਯੂ-ਟਰਨ ਦੇਖ ਕੇ ਹੁਣ ਸਾਬਕਾ ਰਾਸ਼ਟਰਪਤੀ ਡੋਨਾਲਡ ਟ੍ਰੰਪ ਵੀ  ਗੁੱਸੇ ‘ਚ ਆ ਗਏ ਹਨ।

ਦੱਸਣਯੋਗ ਹੈ ਕਿ ਦੱਖਣੀ ਸਰਹੱਦ ‘ਤੇ ਕੰਧ ਦਾ ਨਿਰਮਾਣ ਟ੍ਰੰਪ ਦੇ ਕਾਰਜਕਾਲ ਦੌਰਾਨ ਸ਼ੁਰੂ ਹੋਇਆ ਸੀ ਅਤੇ ਉਨ੍ਹਾਂ ਦੇ ਕਾਰਜਕਾਲ ਦੌਰਾਨ 80 ਕਿਲੋਮੀਟਰ ਲੰਬੀ ਕੰਧ ਬਣਾਈ ਗਈ ਸੀ ਅਤੇ 643 ਕਿਲੋਮੀਟਰ ਸਰਹੱਦੀ ਰੁਕਾਵਟਾਂ ਨੂੰ ਅਪਗ੍ਰੇਡ ਕੀਤਾ ਗਿਆ ਸੀ। ਅਮਰੀਕਾ-ਮੈਕਸੀਕੋ ਸਰਹੱਦ ‘ਤੇ ਹੁਣ ਤੱਕ ਬਹੁਤ ਜ਼ਿਆਦਾ ਘੁਸਪੈਠ ਵਧੀ ਹੈ। ਇਸ ਸਾਲ ਅਗਸਤ 2023 ਤੱਕ ਅਮਰੀਕਾ-ਮੈਕਸੀਕੋ  ਬਾਰਡਰ ਤੇ 20,273 ਚੀਨੀ ਘੁਸਪੈਠੀਏ ਫੜੇ ਗਏ ਸਨ, ਜਦਕਿ ਪਿਛਲੇ ਸਾਲ ਇਸੇ ਸਮੇਂ ਦੌਰਾਨ 2,176 ਚੀਨੀ ਘੁਸਪੈਠੀਆਂ ਨੂੰ ਫੜਿਆ ਗਿਆ ਸੀ। ਇਸ ਤਰ੍ਹਾਂ ਚੀਨੀ ਘੁਸਪੈਠੀਆਂ ਦੀ ਗਿਣਤੀ 831 ਫ਼ੀਸਦੀ ਵਧੀ ਹੈ।

Add a Comment

Your email address will not be published. Required fields are marked *