‘ਆਪ’ ਵਿਧਾਇਕ ਗੱਜਣਮਾਜਰਾ ਦੇ ਟਿਕਾਣਿਆਂ ’ਤੇ ਈਡੀ ਦੇ ਛਾਪੇ

ਮਾਲੇਰਕੋਟਲਾ/ਅਮਰਗੜ੍ਹ, 8 ਸਤੰਬਰ

ਐਨਫੋਰਸਮੈਂਟ ਡਾਇਰੈਕਟੋਰੇਟ ਦੀਆਂ ਟੀਮਾਂ ਨੇ ਅੱਜ ਹਲਕਾ ਅਮਰਗੜ੍ਹ ਤੋਂ ‘ਆਪ’ ਵਿਧਾਇਕ ਜਸਵੰਤ ਸਿੰਘ ਗੱਜਣਮਾਜਰਾ ਤੇ ਉਨ੍ਹਾਂ ਦੇ ਪਰਿਵਾਰ ਨਾਲ ਸਬੰਧਤ ਕਾਰੋਬਾਰੀ ਅਦਾਰਿਆਂ ’ਤੇ ਛਾਪੇ ਮਾਰੇ ਹਨ। ਟੀਮ ਨੇ ਵਿਧਾਇਕ ਦੇ ਘਰ, ਜਿੱਤਵਾਲ ਵਿਚਲੀ ਫੀਡ ਫੈਕਟਰੀ ਤੋਂ ਇਲਾਵਾ ਤਾਰਾ ਕਾਨਵੈਂਟ ਸਕੂਲ ਮਾਲੇਰਕੋਟਲਾ ਵਿਖੇ ਕਾਰੋਬਾਰੀ ਰਿਕਾਰਡ ਦੀ ਜਾਂਚ ਕੀਤੀ। ਛਾਪਿਆਂ ਦੌਰਾਨ ਈਡੀ ਦੀ ਟੀਮ ਨਾਲ ਸੀਆਰਪੀਐੱਫ ਦੇ ਸੁਰੱਖਿਆ ਕਰਮੀ ਵੀ ਮੌਜੂਦ ਸਨ। ਸਿਆਸੀ ਹਲਕਿਆਂ ਵਿੱਚ ਈਡੀ ਦੀ ਕਾਰਵਾਈ ਨੂੰ 40 ਕਰੋੜ ਦੇ ਬੈਂਕ ਲੈਣ-ਦੇਣ ਨਾਲ ਜੋੜ ਕੇ ਵੇਖਿਆ ਜਾ ਰਿਹਾ ਹੈ। ਜਾਣਕਾਰੀ ਅਨੁਸਾਰ ਅੱਜ ਸਵੇਰੇ ਛੇ ਵਜੇ ਦੇ ਕਰੀਬ ਜਲੰਧਰ ਤੋਂ ਆਈਆਂ ਟੀਮਾਂ ਨੇ ਗੱਜਣਮਾਜਰਾ ਪਰਿਵਾਰ ਦੀ ਨੇੜਲੇ ਪਿੰਡ ਗੱਜਣਮਾਜਰਾ ਸਥਿਤ ਸਾਂਝੀ ਰਿਹਾਇਸ਼ ਸਮੇਤ ਕਾਰੋਬਾਰੀ ਅਦਾਰਿਆਂ (ਤਾਰਾ ਗਰੁੱਪ ਆਫ਼ ਕੰਪਨੀਜ਼) ਅਤੇ ਕੰਮਕਾਜ ਦੇਖਣ ਵਾਲੇ ਤਿੰਨ ਡਾਇਰੈਕਟਰਾਂ ਦੇ ਘਰਾਂ ’ਤੇ ਛਾਪੇ ਮਾਰੇ। ਵਿਧਾਇਕ ਗੱਜਣਮਾਜਰਾ ਦੀ ਪਿੰਡ ਵਿਚਲੀ ਰਿਹਾਇਸ਼, ਸਥਾਨਕ ਤਾਰਾ ਕਾਨਵੈਂਟ ਸਕੂਲ, ਤਾਰਾ ਹੈਲਥ ਫੂਡ ਜਿੱਤਵਾਲ ਅਤੇ ਤਾਰਾ ਐਸਟੇਟ ਗੌਂਸਪੁਰਾ ਦੇ ਦਫ਼ਤਰ ਬਾਹਰ ਤਾਇਨਾਤ ਈਡੀ ਦੀ ਛਾਪਾਮਾਰ ਟੀਮਾਂ ਨਾਲ ਆਏ ਸੀਆਰਪੀਐੱਫ ਜਵਾਨਾਂ ਨੇ ਪੱਤਰਕਾਰਾਂ ਨੂੰ ਨੇੜੇ ਨਹੀਂ ਢੁੱਕਣ ਦਿੱਤਾ। ਪੱਤਰਕਾਰਾਂ ਨੇ ਸਕੂਲ ਨੇੜੇ ਫੋਟੋ ਖਿੱਚਣ ਦੀ ਕੋਸ਼ਿਸ਼ ਕੀਤੀ ਤਾਂ ਈਡੀ ਦੀ ਟੀਮ ਨਾਲ ਆਏ ਸੁਰੱਖਿਆ ਕਰਮੀਆਂ ਨੇ ਅਜਿਹਾ ਕਰਨ ਤੋਂ ਵਰਜ ਦਿੱਤਾ। ਇੱਕ ਪੱਤਰਕਾਰ ਨੇ ਫੋਟੋ ਖਿੱਚ ਵੀ ਲਈ ਸੀ, ਪਰ ਪਤਾ ਲਗਦਿਆਂ ਹੀ ਸੁਰੱਖਿਆ ਕਰਮੀਆਂ ਨੇ ਕੈਮਰਾ ਲੈ ਕੇ ਫ਼ੋਟ‌ੋ ਡਿਲੀਟ ਕਰ ਦਿੱਤੀ। ਈਡੀ ਨੇ ਗੱਜਣਮਾਜਰਾ ਪਰਿਵਾਰ ਦੇ ਕਾਰੋਬਾਰੀ ਅਦਾਰਿਆਂ ਨਾਲ ਸਬੰਧਤ ਅਧਿਕਾਰੀਆਂ ਦੇ ਪਿੰਡ ਲਸੋਈ, ਸਿਰਥਲਾ ਅਤੇ ਅਲੀਪੁਰ ਸਥਿਤ ਘਰਾਂ ਵਿੱਚ ਵੀ ਛਾਪੇ ਮਾਰੇ।

ਵਿਧਾਇਕ ਗੱਜਣਮਾਜਰਾ ਨੇ ਵਿਧਾਨ ਸਭਾ ਚੋਣਾਂ ਮੌਕੇ ਚੋਣ ਜਿੱਤਣ ਦੀ ਸੂਰਤ ’ਚ ਵਿਧਾਇਕ ਵਜੋਂ ਤਨਖ਼ਾਹ ਅਤੇ ਪੈਨਸ਼ਨ ਨਾ ਲੈਣ ਦਾ ਹਲਫ਼ੀਆ ਬਿਆਨ ਦਿੱਤਾ ਸੀ। ਲੁਧਿਆਣਾ ਸਥਿਤ ਬੈਂਕ ਦੀ ਸ਼ਿਕਾਇਤ ’ਤੇ ਮਈ ਮਹੀਨੇ ਸੀਬੀਆਈ ਟੀਮ ਨੇ ਵਿਧਾਇਕ ਗੱਜਣਮਾਜਰਾ ਦੀ ਰਿਹਾਇਸ਼ ਅਤੇ ਕਾਰੋਬਾਰੀ ਅਦਾਰਿਆਂ ’ਤੇ ਛਾਪੇ ਮਾਰੇ ਸਨ। ਸੀਬੀਆਈ ਦੀ ਟੀਮ ਉਦੋਂ ਕਰੀਬ 16 ਲੱਖ ਰੁਪਏ ਦੀ ਨਗ਼ਦੀ, ਵਿਦੇਸ਼ੀ ਕਰੰਸੀ ਤੇ ਕੁਝ ਦਸਤਾਵੇਜ਼ ਕਬਜ਼ੇ ਵਿੱਚ ਲੈਣ ਦਾ ਦਾਅਵਾ ਕੀਤਾ ਸੀ।

Add a Comment

Your email address will not be published. Required fields are marked *