ਗਣਤੰਤਰ ਦਿਹਾੜੇ ਦੇ ਪ੍ਰੋਗਰਾਮ ‘ਚ CM ਮਾਨ ਬੋਲੇ ਮੈਂ ‘ਦੁੱਖ ਮੰਤਰੀ’, ‘ਮੇਰਾ ਇੱਕ-ਇੱਕ ਸਾਹ ਪੰਜਾਬ ਵਾਸਤੇ

ਬਠਿੰਡਾ : ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਗਣਤੰਤਰ ਦਿਹਾੜੇ ਦੇ ਮੌਕੇ ‘ਤੇ ਬਠਿੰਡਾ ਵਿਖੇ ਤਿਰੰਗਾ ਝੰਡਾ ਲਹਿਰਾਇਆ ਗਿਆ। ਇਸ ਮੌਕੇ ਪੰਜਾਬ ਵਾਸੀਆਂ ਨੂੰ ਸੰਬੋਧਨ ਕਰਦੇ ਹੋਏ ਮੁੱਖ ਮੰਤਰੀ ਨੇ ਕਿਹਾ ਕਿ ਸ਼ਹੀਦ ਭਗਤ ਸਿੰਘ, ਰਾਜਗੁਰੂ ਅਤੇ ਸੁਖਦੇਵ ਨੇ ਆਜ਼ਾਦੀ ਖ਼ਾਤਰ ਕੁਰਬਾਨੀਆਂ ਦਿੱਤੀਆਂ ਹਨ। ਉਨ੍ਹਾਂ ਕਿਹਾ ਕਿ ਪੰਜਾਬ ਨੂੰ ਅਸੀਂ ਪੈਰਿਸ ਨਹੀਂ, ਸਗੋਂ ਦੁਬਾਰਾ ਪੰਜਾਬ ਬਣਾਵਾਂਗੇ। ਉਨ੍ਹਾਂ ਕਿਹਾ ਕਿ ਇਸੇ ਧਰਤੀ ਤੇ ਭੰਗੜੇ ਅਤੇ ਗਿੱਧੇ ਪੈਣਗੇ ਅਤੇ ਪੰਜਾਬ ਖ਼ੁਸ਼ਹਾਲ ਹੋਵੇਗਾ। ਉਨ੍ਹਾਂ ਕਿਹਾ ਕਿ ਪੰਜਾਬ ‘ਚ ਸਭ ਤੋਂ ਪਹਿਲਾਂ ਅਸੀਂ ਭ੍ਰਿਸ਼ਟਾਚਾਰ ਖ਼ਿਲਾਫ਼ ਜਾਂਚ ਵਿੱਢੀ ਹੈ ਅਤੇ ਕਈ ਆਗੂਆਂ ਨੂੰ ਜੇਲ੍ਹਾਂ ‘ਚ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਸਾਡਾ ਸਭ ਤੋਂ ਪਹਿਲਾ ਅਤੇ ਵੱਡਾ ਵਾਅਦਾ ਸੀ ਕਿ ਬਿਜਲੀ ਮੁਫ਼ਤ ਕਰ ਦੇਵਾਂਗੇ ਅਤੇ ਇਕ ਜੁਲਾਈ ਤੋਂ ਪੰਜਾਬ ‘ਚ ਬਿਜਲੀ ਮੁਫ਼ਤ ਕਰ ਦਿੱਤੀ ਗਈ।

ਉਨ੍ਹਾਂ ਕਿਹਾ ਕਿ ਸਾਡੇ ਧੀਆਂ-ਪੁੱਤਾਂ ਨੂੰ ਯੂਕਰੇਨ ਨਹੀਂ ਜਾਣਾ ਪਵੇਗਾ ਕਿਉਂਕਿ ਪੰਜਾਬ ‘ਚ 16 ਮੈਡੀਕਲ ਕਾਲਜ ਖੋਲ੍ਹੇ ਜਾਣੇ ਹਨ। ਉਨ੍ਹਾਂ ਕਿਹਾ ਕਿ ਅਸੀਂ ਪੰਜਾਬ ਨੂੰ ਮੈਡੀਕਲ ਹੱਬ ਬਣਾਵਾਂਗੇ ਅਤੇ ਟੂਰਿਜ਼ਮ ‘ਚ ਵੀ ਪੰਜਾਬ ਕੋਲ ਬੇਹੱਦ ਕੁੱਝ ਪਿਆ ਹੋਇਆ ਹੈ। ਮੁੱਖ ਮੰਤਰੀ ਮਾਨ ਨੇ ਕਿਹਾ ਕਿ ਮਜ਼ਦੂਰਾਂ ਵਾਸਤੇ ਵੀ ਪੈਕੇਜ ਆ ਰਹੇ ਹਨ। ਉਨ੍ਹਾਂ ਕਿਹਾ ਕਿ ਬਹੁਤ ਵੱਡੀਆਂ-ਵੱਡੀਆਂ ਕੰਪਨੀਆਂ ਪੰਜਾਬ ਆਉਣਾ ਚਾਹੁੰਦੀਆਂ ਹਨ ਪਰ ਉਨ੍ਹਾਂ ਦਾ ਕਹਿਣਾ ਹੈ ਕਿ ਸਾਨੂੰ ਕਿਸੇ ਨੇ ਪੰਜਾਬ ਆਉਣ ਲਈ ਕਿਹਾ ਹੀ ਨਹੀਂ। ਉਨ੍ਹਾਂ ਕਿਹਾ ਕਿ ਇਹ ਗੁਰੂਆਂ, ਪੀਰਾਂ ਦੀ ਧਰਤੀ ਹੈ ਅਤੇ ਇੱਥੇ ਪੈਦਾ ਹੋਣਾ ਹੀ ਸਾਡੇ ਲਈ ਮਾਣ ਵਾਲੀ ਗੱਲ ਹੈ। ਉਨ੍ਹਾਂ ਕਿਹਾ ਕਿ ਪੰਜਾਬੀ ਹਮੇਸ਼ਾ ਕਾਮਯਾਬ ਹਨ ਅਤੇ ਹੁਣ ਪੰਜਾਬ ਦੇ ਨੌਜਵਾਨਾਂ ਨੂੰ ਆਈਲੈੱਟਸ ਕਰ ਕੇ ਬਾਹਰ ਭੱਜਣਾ ਨਹੀਂ ਪਵੇਗਾ।

ਮੁੱਖ ਮੰਤਰੀ ਮਾਨ ਨੇ ਕਿਹਾ ਕਿ ਪਰਵਾਸੀ ਪੰਜਾਬੀਆਂ ਨੂੰ ਵੀ ਭਰੋਸਾ ਹੋ ਗਿਆ ਹੈ ਕਿ ਉਨ੍ਹਾਂ ਦਾ ਪੈਸਾ ਸਹੀ ਥਾਂ ‘ਤੇ ਲੱਗੇਗਾ ਅਤੇ ਉਹ ਪੰਜਾਬ ਦੀ ਤਰੱਕੀ ‘ਚ ਹਿੱਸਾ ਪਾਉਣ ਲਈ ਪੂਰੀ ਤਰ੍ਹਾਂ ਤਿਆਰ ਹਨ। ਮੁੱਖ ਮੰਤਰੀ ਨੇ ਕਿਹਾ ਕਿ ਕੋਈ ਵੀ ਅਜਿਹੀ ਸਕੀਮ, ਜਿਸ ਨਾਲ ਪੰਜਾਬ ਨੂੰ ਨੁਕਸਾਨ ਹੁੰਦਾ ਹੋਵੇ, ਮੈਂ ਉਸ ‘ਤੇ ਦਸਤਖ਼ਤ ਨਹੀਂ ਕਰਦਾ। ਉਨ੍ਹਾਂ ਕਿਹਾ ਕਿ ਜਿਸ ਦਿਨ ਮੈਂ ਅਜਿਹਾ ਕਰ ਦਿੱਤਾ ਤਾਂ ਸਮਝ ਲਿਓ ਕਿ ਭਗਵੰਤ ਮਾਨ ਨੇ ਆਪਣੇ ਡੈੱਥ ਵਾਰੰਟ ‘ਤੇ ਸਾਈਨ ਕਰ ਦਿੱਤੇ ਹਨ। ਉਨ੍ਹਾਂ ਕਿਹਾ ਕਿ ਮੇਰਾ ਇਕੱਲਾ-ਇਕੱਲਾ ਸਾਹ ਪੰਜਾਬ ਵਾਸਤੇ ਹਨ ਅਤੇ ਅਸੀਂ ਕਿਸੇ ਤੋਂ ਕਮਿਸ਼ਨ ਨਹੀਂ ਲੈਂਦੇ। ਉਨ੍ਹਾਂ ਕਿਹਾ ਕਿ ਮੈਂ 3 ਕਰੋੜ ਪੰਜਾਬੀਆਂ ਦੇ ਦੁੱਖਾਂ ‘ਚ ਹਿੱਸਾ ਪਾਉਣਾ ਹੈ। ਉਨ੍ਹਾਂ ਕਿਹਾ ਕਿ ਮੈਨੂੰ ਮੁੱਖ ਮੰਤਰੀ ਦੀ ਥਾਂ ਤੁਸੀਂ ‘ਦੁੱਖ ਮੰਤਰੀ’ ਵੀ ਕਹਿ ਸਕਦੇ ਹੋ ਕਿਉਂਕਿ ਦੁੱਖ ਵੰਡਾਉਣ ਨਾਲ ਘੱਟ ਜਾਂਦਾ ਹੈ। ਉਨ੍ਹਾਂ ਕਿਹਾ ਕਿ ਜਿਹੜੇ ਸਟੇਡੀਅਮ ‘ਚ ਮੈਂ ਕਬੱਡੀ ਦੀ ਕੁਮੈਂਟਰੀ ਕਰਨ ਜਾਂਦਾ ਸੀ, ਅੱਜ ਉੱਥੇ ਮੁੱਖ ਮੰਤਰੀ ਵੱਜੋਂ ਖੜ੍ਹਾ ਹਾਂ।

Add a Comment

Your email address will not be published. Required fields are marked *