ਬੱਚਿਆਂ ਨੂੰ ਜ਼ਹਿਰ ਦੇਣ ਮਗਰੋਂ ਮਾਪਿਆਂ ਨੇ ਵੀ ਦੇ ਦਿੱਤੀ ਜਾਨ

ਮੱਧ ਪ੍ਰਦੇਸ਼ ਦੀ ਰਾਜਧਾਨੀ ਭੋਪਾਲ ਵਿਚ ਕਰਜ਼ੇ ਤੋਂ ਪਰੇਸ਼ਾਨ ਹੋ ਕੇ ਪਰਿਵਾਰ ਨੇ ਸਮੂਹਿਕ ਖ਼ੁਦਕੁਸ਼ੀ ਕਰ ਲਈ। ਘਟਨਾ ਬੁੱਧਵਾਰ ਦੇਰ ਰਾਤ ਦੀ ਹੈ। ਘਟਨਾ ਰਾਤੀਬੜ ਥਾਣਾ ਖੇਤਰ ਦੇ ਨੀਲਬੜ੍ਹ ਵਿਚ ਹਰਿਹਰ ਨਗਰ ਸਥਿਤ ਸ਼ਿਵ ਵਿਹਾਰ ਕਲੋਨੀ ਦੀ ਹੈ। ਨੌਜਾਵਨ ਜੋੜੇ ਨੇ ਦੋ ਮਾਸੂਮ ਬੱਚਿਆਂ ਨੂੰ ਕੋਲਡ ਡਰਿੰਕ ਵਿਚ ਜ਼ਹਿਰ ਘੋਲ ਕੇ ਪਿਆਈ ਤੇ ਫ਼ਿਰ ਆਪ ਵੀ ਫਾਹਾ ਲਾ ਲਿਆ। ਸੂਚਨਾ ਮਿਲਣ ‘ਤੇ ਪੁਲਸ ਤੇ ਜ਼ਿਲ੍ਹਾ ਪ੍ਰਸ਼ਾਸਨ ਦੇ ਅਧਿਕਾਰੀ ਮੌਕੇ ‘ਤੇ ਪਹੁੰਚੇ। ਮ੍ਰਿਤਕ ਦੇ ਕੋਲ 4 ਪੇਜ ਦਾ ਸੁਸਾਈਡ ਨੋਟ ਵੀ ਮਿਲਿਆ ਹੈ। 

ਰਾਤੀਬੜ ਥਾਣਾ ਪੁਲਸ ਮੁਤਾਬਕ 35 ਸਾਲਾ ਭੂਪਿੰਦਰ ਵਿਸ਼ਵਕਰਮਾ ਮੂਲ ਤੌਰ ‘ਤੇ ਰੀਵਾ ਦਾ ਰਹਿਣ ਵਾਲਾ ਸੀ। ਉਹ ਸ਼ਿਵ ਵਿਹਾਰ ਕਲੋਨੀ ਵਿਚ 29 ਸਾਲਾ ਪਤਨੀ ਰਿਤੂ ਵਿਸ਼ਵਕਰਮਾ, 8 ਸਾਲਾ ਬੱਚੇ ਰਿਤੂਰਾਜ ਤੇ 3 ਸਾਲਾ ਬੱਚੇ ਰਿਸ਼ੀਰਾਜ ਨਾਲ ਰਹਿੰਦਾ ਸੀ। ਭੂਪਿੰਦਰ ਪ੍ਰਾਈਵੇਟ ਨੌਕਰੀ ਕਰਦਾ ਸੀ। ਕੁਝ ਮਹੀਨੇ ਪਹਿਲਾਂ ਉਸ ਨੇ ਆਨਲਾਈਨ ਐਪ ਤੋਂ ਲੋਨ ਲਿਆ ਸੀ। ਆਰਥਿਕ ਤੰਗੀ ਦੇ ਚਲਦਿਆਂ ਲੋਨ ਦੀਆਂ ਕਿਸ਼ਤਾਂ ਸਮੇਂ ਸਿਰ ਨਾ ਦੇਣ ਕਾਰਨ ਲੋਨ ਵਧਦਾ ਚਲਾ ਗਿਆ। ਇਸ ਤੋਂ ਬਾਅਦ ਲੋਨ ਰਿਕਵਰੀ ਕਰਨ ਵਾਲਿਆਂ ਨੇ ਪਰੇਸ਼ਾਨ ਕਰਨਾ ਸ਼ੁਰੂ ਕਰ ਦਿੱਤਾ। 

ਉਸ ਨੂੰ ਕੰਪਨੀ ਦੇ ਅਧਿਕਾਰੀਆਂ ਨੇ ਦੁਬਾਰਾ ਲੋਨ ਲੈਣ ਦਾ ਆਫ਼ਰ ਦਿੱਤਾ। ਭੂਪਿੰਦਰ ਵਿਸ਼ਵਕਰਮਾ ਨੇ ਦੁਬਾਰਾ ਲੋਨ ਲਿਆ ਤੇ ਪੁਰਾਣੇ ਲੋਨ ਦਾ ਭੁਗਤਾਨ ਕਰ ਦਿੱਤਾ। ਇਸ ਤੋਂ ਬਾਅਦ ਲੋਨ ਦੀਆਂ ਵਧੀਆਂ ਹੋਈਆਂ ਕਿਸ਼ਤਾਂ ਦੇਣ ਲਈ ਦਬਾਅ ਬਣਾਇਆ ਜਾਣ ਲੱਗਿਆ। ਜੁਲਾਈ ਦੀ ਕਿਸ਼ਤ ਸਮੇਂ ਸਿਰ ਜਮ੍ਹਾਂ ਨਾ ਕਰਨ ‘ਤੇ ਹੋਰ ਦਬਾਅ ਬਣਾਇਆ ਜਾਣ ਲੱਗ ਪਿਆ।

ਭੂਪਿੰਦਰ ਨੇ ਸੁਸਾਈਡ ਨੋਟ ‘ਚ ਲਿਖਿਆ ਕਿ ਐਪ ਦੇ ਅਧਿਕਾਰੀਆਂ ਵੱਲੋਂ ਸੋਸ਼ਲ ਮੀਡੀਆ ਤੋਂ ਉਸ ਦੀ ਫੋਟੋ ਲੈ ਕੇ ਅਸ਼ਲੀਲ ਬਣਾ ਕੇ ਬਲੈਕਮੇਲ ਕਰਨ ਦੇ ਨਾਲ ਹੀ ਬਦਨਾਮ ਕੀਤਾ ਜਾਣ ਲੱਗ ਪਿਆ।  ਭੂਪਿੰਦਰ ਜਿੱਥੇ ਕੰਮ ਕਰਦਾ ਸੀ, ਉਸ ਦੇ ਬੋਸ, ਰਿਸ਼ਤੇਦਾਰ ਤੇ ਹੋਰ ਰਿਸ਼ਤੇਦਾਰਾਂ ਨੂੰ ਵੀ ਡਿਟੇਲ ਭੇਜਣ ਲੱਗ ਪਏ। ਇਸ ਤੋਂ ਪਰੇਸ਼ਾਨ ਹੋ ਕੇ ਉਨ੍ਹਾਂ ਨੇ ਇਹ ਖ਼ੌਫ਼ਨਾਕ ਕਦਮ ਚੁੱਕ ਲਿਆ। ਉਸ ਨੇ ਲਿਖਿਆ ਕਿ ਜਿਸ ਤਰ੍ਹਾਂ ਮੇਰੇ ਪਰਿਵਾਰ ਨੂੰ ਬਦਨਾਮ ਕੀਤਾ ਜਾ ਰਿਹਾ ਹੈ, ਅਜਿਹੇ ਵਿਚ ਮੇਰੀ ਧੀ ਦਾ ਵਿਆਹ ਕਿਵੇਂ ਹੋਵੇਗਾ। ਮੈਂ ਆਪਣੇ ਘਰ ਵਾਲਿਆਂ ਮਾਪਿਆਂ, ਸਹੁਰਿਆਂ ਤੇ ਹੋਰ ਰਿਸ਼ਤੇਦਾਰਾਂ ਤੇ ਯਾਰਾਂ ਦੋਸਤਾਂ ਨੂੰ ਕੀ ਮੂੰਹ ਦਿਖਾਵਾਂਗਾ। 

ਭੂਪਿੰਦਰ ਵਿਸ਼ਵਕਰਮਾ ਨੇ ਆਪਣੇ ਸੁਸਾਈਡ ਨੋਟ ਵਿਚ ਲਿਖਿਆ ਕਿ ਮੈਂ ਆਪਣੇ ਛੋਟੇ ਪਰਿਵਾਰ ਰਿਸ਼ੂ ਤੇ ਕਿਸ਼ੂ ਨੂੰ ਇੱਥੇ ਕਿਸੇ ਤਕਲੀਫ਼ ਵਿਚ ਨਹੀਂ ਛੱਡ ਸਕਦਾ। ਇਸ ਲਈ ਮੈਂ ਆਪਣੇ ਬੱਚਿਆਂ ਨੂੰ ਵੀ ਨਾਲ ਲੈ ਕੇ ਜਾ ਰਿਹਾ ਹਾਂ। ਇਕ ਵਾਰ ਫ਼ਿਰ ਮੈ ਸਾਰਿਆਂ ਤੋਂ ਮੁਆਫ਼ੀ ਮੰਗਦਾ ਹਾਂ। ਸੁਸਾਈਡ ਨੋਟ ਵਿਚ ਇਹ ਵੀ ਅਪੀਲ ਕੀਤੀ ਗਈ ਹੈ ਕਿ ਸਾਡਾ ਪੋਸਟਮਾਰਟਮ ਨਾ ਕੀਤਾ ਜਾਵੇ, ਇਕੱਠਿਆਂ ਦਾ ਅੰਤਿਮ ਸਸਕਾਰ ਕੀਤਾ ਜਾਵੇ ਤੇ ਰਿਸ਼ਤੇਦਾਰਾਂ ਨੂੰ ਕਰਜ਼ੇ ਲਈ ਪਰੇਸ਼ਾਨ ਨਾ ਕੀਤਾ ਜਾਵੇ। 

Add a Comment

Your email address will not be published. Required fields are marked *