ਪੈਰੋਲ ‘ਤੇ ਬਾਹਰ ਆਏ ਸਿਰਸਾ ਮੁਖੀ ਦੇ ਆਨਲਾਈਨ ਸਤਿਸੰਗ ‘ਚ ਸ਼ਾਮਲ ਹੋਏ ਭਾਜਪਾ ਨੇਤਾ

ਕਰਨਾਲ – ਪੈਰੋਲ ‘ਤੇ ਬਾਹਰ ਆਇਆ ਡੇਰਾ ਸੱਚਾ ਸੌਦਾ ਮੁਖੀ ਗੁਰਮੀਤ ਰਾਮ ਰਹੀਮ ਪਿਛਲੇ ਕੁਝ ਦਿਨਾਂ ਤੋਂ ਆਨਲਾਈਨ ਸਤਿਸੰਗ ਕਰ ਰਿਹਾ ਹੈ, ਜਿਸ ‘ਚ ਭਾਜਪਾ ਦੀ ਹਰਿਆਣਾ ਇਕਾਈ ਦੇ ਕਈ ਨੇਤਾਵਾਂ ਨੇ ਹਿੱਸਾ ਲਿਆ। ਰਾਮ ਰਹੀਮ ਦੇ ਪੈਰੋਲ ‘ਤੇ ਬਾਹਰ ਆਉਣ ਦਾ ਸਮਾਂ ਇਕ ਵਾਰ ਫਿਰ ਖੇਤਰ ‘ਚ ਕੁਝ ਚੋਣਾਂ ਦੀ ਤਾਰੀਖ਼ਾਂ ਨਾਲ ਮੇਲ ਖਾ ਰਿਹਾ ਹੈ। ਇਸ ਸਾਲ ਇਹ ਤੀਜੀ ਉਦਾਹਰਣ ਹੈ। ਹਰਿਆਣਾ ‘ਚ ਅਗਲੇ ਮਹੀਨੇ ਪੰਚਾਇਤ ਚੋਣਾਂ ਅਤੇ ਆਦਮਪੁਰ ਵਿਧਾਨ ਸਭਾ ਸੀਟ ਲਈ ਜ਼ਿਮਨੀ ਚੋਣ ਹੋਣੀ ਹੈ। ਡੇਰਾ ਮੁਖੀ 2 ਸਾਧਵੀਆਂ ਨਾਲ ਜਬਰ ਜ਼ਿਨਾਹ ਕਰਨ ਦੇ ਦੋਸ਼ ਹੇਠ 20 ਸਾਲ ਦੀ ਜੇਲ੍ਹ ਦੀ ਸਜ਼ਾ ਕੱਟ ਰਿਹਾ ਹੈ। ਉਹ ਹਰਿਆਣਾ ‘ਚ 46 ਨਗਰ ਪਾਲਿਕਾਵਾਂ ਦੀਆਂ ਚੋਣਾਂ ਤੋਂ ਪਹਿਲਾਂ ਜੂਨ ‘ਚ ਇਕ ਮਹੀਨੇ ਦੀ ਪੈਰੋਲ ‘ਤੇ ਜੇਲ੍ਹ ਤੋਂ ਬਾਹਰ ਆਇਆ ਸੀ। ਡੇਰਾ ਮੁਖੀ ਨੂੰ ਪੰਜਾਬ ਵਿਧਾਨ ਸਭਾ ਚੋਣਾਂ ਤੋਂ ਕਰੀਬ 2 ਹਫ਼ਤੇ ਪਹਿਲਾਂ 7 ਫਰਵਰੀ ਤੋਂ ਤਿੰਨ ਹਫ਼ਤਿਆਂ ਦੀ ਛੁੱਟੀ ਦਿੱਤੀ ਗਈ ਸੀ। ਹਰਿਆਣਾ, ਪੰਜਾਬ, ਉੱਤਰ ਪ੍ਰਦੇਸ਼ ਅਤੇ ਰਾਜਸਥਾਨ ‘ਚ ਵੱਡੀ ਗਿਣਤੀ ‘ਚ ਸਿਰਸਾ ਡੇਰੇ ਦੇ ਸਮਰਥਕ ਹਨ। ਰਾਮ ਰਹੀਮ (55) ਉੱਤਰ ਪ੍ਰਦੇਸ਼ ਦੇ ਬਾਗਪਤ ‘ਚ ਡੇਰਾ ਦੇ ਬਰਨਾਵਾ ਆਸ਼ਰਮ ਤੋਂ ਆਨਲਾਈਨ ਸਤਿਸੰਗ ਕਰ ਰਿਹਾ ਹੈ। ਹਰਿਆਣਾ ਦੇ ਡਿਪਟੀ ਵਿਧਾਨ ਸਭਾ ਸਪੀਕਰ ਰਣਬੀਰ ਗੰਗਵਾ ਬੁੱਧਵਾਰ ਨੂੰ ਹਿਸਾਰ ‘ਚ ਆਨਲਾਈਨ ਸਤਿਸੰਗ ਸੁਣਨ ਲਈ ਡੇਰੇ ਦੇ ਸਮਰਥਕਾਂ ਦੀ ਇਕ ਸਭਾ ‘ਚ ਮੌਜੂਦ ਸਨ।

ਇਸ ਦੌਰਾਨ ਉਨ੍ਹਾਂ ਨੇ ਸਿਰਸਾ ਡੇਰੇ ਤੋਂ ਆਪਣੇ ਪਰਿਵਾਰ ਨਾਲ ਜੁੜਾਵ ਦੀ ਚਰਚਾ ਕੀਤੀ। ਇਸ ਤੋਂ ਪਹਿਲਾਂ ਕਰਨਾਲ ਦੀ ਮੇਅਰ ਰੇਨੂੰ ਬਾਲਾ ਕੁਝ ਹੋਰ ਭਾਜਪਾ ਨੇਤਾਵਾਂ ਨਾਲ ਮੰਗਲਵਾਰ ਨੂੰ ਇਕ ਆਨਲਾਈਨ ਸਤਿਸੰਗ ‘ਚ ਸ਼ਾਮਲ ਹੋਈ। ਡੇਰਾ ਮੁਖੀ ਨੂੰ 14 ਅਕਤੂਬਰ ਨੂੰ 40 ਦਿਨਾਂ ਦੀ ਪੈਰੋਲ ‘ਤੇ ਰਿਹਾਅ ਕੀਤਾ ਗਿਆ ਸੀ। ਉਸ ਤੋਂ ਬਾਅਦ ਡੇਰਾ ਮੁਖੀ ਰੋਹਤਕ ਦੀ ਸੁਨਾਰੀਆ ਜੇਲ੍ਹ ਤੋਂ ਬਰਨਾਵਾ ਆਸ਼ਰਮ ਗਿਆ। ਆਨਲਾਈਨ ਸਤਿਸੰਗ ਦੌਰਾਨ ਡੇਰਾ ਮੁਖੀ ਨਾਲ ਗੱਲਬਾਤ ਕਰਦੇ ਹੋਏ ਗੰਗਵਾ ਨੇ ਕਿਹਾ ਕਿ ਉਹ ਡੇਰਾ ਮੁਖੀ ਵਲੋਂ ਦਿੱਤੇ ਗਏ ਆਸ਼ੀਰਵਾਦ ਤੋਂ ਖੁਸ਼ ਹੈ। ਰੇਨੂੰ ਬਾਲਾ ਨੇ ਡੇਰਾ ਮੁਖੀ ਨੂੰ ‘ਪਿਤਾਜੀ’ ਦੇ ਰੂਪ ‘ਚ ਸੰਬੋਧਨ ਕੀਤਾ ਅਤੇ ਕਿਹਾ ਕਿ ਡੇਰਾ ਮੁਖੀ ਦਾ ਆਸ਼ੀਰਵਾਦ ਹਮੇਸ਼ਾ ਉਨ੍ਹਾਂ ਨਾਲ ਰਹਿਣਾ ਚਾਹੀਦਾ। ਡੇਰਾ ਮੁਖੀ ਦੀ ਪੈਰੋਲ ਦੀ ਸਮਾਂ ਸੀਮਾ ਨੂੰ ਲੈ ਕੇ ਉੱਠੇ ਵਿਵਾਦ ‘ਤੇ ਗੰਗਵਾ ਨੇ ਕਿਹਾ, ”ਉਨ੍ਹਾਂ ਨੂੰ ਅਜਿਹੇ ਸਮੇਂ ਵੀ ਪੈਰੋਲ ਦਿੱਤੀ ਗਈ ਸੀ ਜਦੋਂ ਕੋਈ ਚੋਣ ਨਹੀਂ ਸੀ, ਇਸ ਲਈ ਮੈਨੂੰ ਇਸ ‘ਚ ਕੋਈ ਮੁੱਦਾ ਨਜ਼ਰ ਨਹੀਂ ਆਉਂਦਾ।”

Add a Comment

Your email address will not be published. Required fields are marked *