ਲਾਹੌਰ ਸਥਿਤ ਇਤਿਹਾਸਕ ਗੁਰਦੁਆਰਾ ਰੋੜੀ ਸਾਹਿਬ ਨੂੰ ਲੈ ਕੇ RP Singh ਦਾ Tweet

ਨਵੀਂ ਦਿੱਲੀ/ਪਾਕਿਸਤਾਨ : ਲਾਹੌਰ ‘ਚ ਭਾਰੀ ਮੀਂਹ ਕਾਰਨ ਇਤਿਹਾਸਕ ਗੁਰਦੁਆਰਾ ਰੋੜੀ ਸਾਹਿਬ ਦੀ ਇਕ ਇਮਾਰਤ ਬੁਰੀ ਤਰ੍ਹਾਂ ਨੁਕਸਾਨੀ ਗਈ ਹੈ। ਇਸ ਬਾਰੇ ਟਵੀਟ ਕਰਦਿਆਂ ਭਾਜਪਾ ਦੇ ਕੌਮੀ ਬੁਲਾਰੇ ਆਰ. ਪੀ. ਸਿੰਘ ਨੇ ਕਿਹਾ ਹੈ ਕਿ ਜਿੱਥੇ ਸ੍ਰੀ ਗੁਰੂ ਨਾਨਕ ਦੇਵ ਜੀ ਕਦੇ ਕੰਕਰ-ਪੱਥਰ ‘ਤੇ ਬੈਠੇ ਸਨ, ਉੱਥੇ ਗੁਰਦੁਆਰਾ ਰੋੜੀ ਸਾਹਿਬ ਬਣਾਇਆ ਗਿਆ ਸੀ। ਉਨ੍ਹਾਂ ਕਿਹਾ ਕਿ ਪਾਕਿਸਤਾਨ ਸਰਕਾਰ ਨੇ ਇਸ ਵੱਲ ਕੋਈ ਧਿਆਨ ਨਹੀਂ ਦਿੱਤਾ, ਜਿਸ ਕਾਰਨ ਇਹ ਕੰਕਰ-ਪੱਥਰ ‘ਚ ਤਬਦੀਲ ਹੋ ਗਿਆ ਹੈ।

ਉਨ੍ਹਾਂ ਨੇ ਸਿੱਖਸ ਫਾਰ ਜਸਟਿਸ ਦੇ ਗੁਰਪਤਵੰਤ ਸਿੰਘ ਪੰਨੂ ‘ਤੇ ਨਿਸ਼ਾਨਾ ਵਿੰਨ੍ਹਦਿਆਂ ਕਿਹਾ ਕਿ ਇਸ ਦੇ ਲਈ ਪੰਨੂ ਵਰਗੇ ਕਿਸੇ ਵੀ ਕੱਟੜਪੰਥੀ ਨੇ ਪਾਕਿਸਤਾਨ ਸਰਕਾਰ ਦੇ ਖ਼ਿਲਾਫ਼ ਇੱਕ ਵੀ ਸ਼ਬਦ ਨਹੀਂ ਬੋਲਿਆ ਹੈ। ਇਸ ਦੇ ਨਾਲ ਹੀ ਉਨ੍ਹਾਂ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਵੀ ਨਿਸ਼ਾਨੇ ‘ਤੇ ਲਿਆ ਹੈ। ਉਨ੍ਹਾਂ ਕਿਹਾ ਕਿ ਇਸ ਮਾਮਲੇ ਸਬੰਧੀ ਅੰਮ੍ਰਿਤਸਰ ਦੀ ਐੱਸ. ਜੀ. ਪੀ. ਸੀ. ਨੇ ਵੀ ਕੋਈ ਪ੍ਰਤੀਕਿਰਿਆ ਨਹੀਂ ਦਿੱਤੀ ਹੈ।

ਭਾਰੀ ਮੀਂਹ ਕਾਰਨ ਲਾਹੌਰ ਦੇ ਨਜ਼ਦੀਕੀ ਪਿੰਡ ਜਾਹਮਣ ਸਥਿਤ ਇਤਿਹਾਸਕ ਗੁਰਦੁਆਰਾ ਰੋੜੀ ਸਾਹਿਬ ਦੀ ਇਕ ਇਮਾਰਤ ਬੁਰੀ ਤਰ੍ਹਾਂ ਨੁਕਸਾਨੀ ਗਈ। ਦੋਸ਼ ਹੈ ਕਿ ਦੇਸ਼ ਦੀ ਵੰਡ ਤੋਂ ਬਾਅਦ ਤੋਂ ਹੀ ਇਸ ਗੁਰੂ ਘਰ ਵੱਲ ਸਰਕਾਰ ਨੇ ਕਦੇ ਕੋਈ ਧਿਆਨ ਨਹੀਂ ਦਿੱਤਾ। ਹੁਣ ਇਸ ਗੁਰਦੁਆਰਾ ਸਾਹਿਬ ਦੀ ਸਿਰਫ਼ ਇੱਕ ਕੰਧ ਖੜ੍ਹੀ ਰਹਿ ਗਈ ਹੈ। ਇਹ ਗੁਰਦੁਆਰਾ ਸਾਹਿਬ ਭਾਰਤ-ਪਾਕਿਸਤਾਨ ਸਰਹੱਦ ਦੇ ਬਿਲਕੁਲ ਨੇੜੇ ਸਥਿਤ ਹੈ। ਸ੍ਰੀ ਗੁਰੂ ਨਾਨਕ ਦੇਵ ਜੀ ਨੇ ਭਾਈ ਮਰਦਾਨਾ ਨਾਲ ਇੱਥੇ ਆਪਣੇ ਚਰਨ ਪਾਏ ਸਨ। ਪਿੰਡ ਜਾਹਮਣ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਨਾਨਕੇ ਪਿੰਡ ਡੇਰਾ ਚਾਹਲ ਦੇ ਨੇੜੇ ਸਥਿਤ ਹੈ ਤੇ ਗੁਰੂ ਜੀ ਇਸ ਪਿੰਡ ‘ਚ ਵੀ ਅਕਸਰ ਆਉਂਦੇ-ਜਾਂਦੇ ਰਹਿੰਦੇ ਸਨ ਕਿਉਂਕਿ ਇਹ ਉਨ੍ਹਾਂ ਦੇ ਨਾਨਕੇ ਪਿੰਡ ਦੇ ਰਾਹ ‘ਚ ਪੈਂਦਾ ਸੀ।

Add a Comment

Your email address will not be published. Required fields are marked *