ਦੁਨੀਆ ਭਰ ’ਚ ਵੱਧ ਰਹੀ ਹੈ ਚਾਂਦੀ ਦੀ ਮੰਗ

ਜਲੰਧਰ  – ਸੋਲਰ ਪੈਨਲ ਦੀ ਤਕਨੀਕ ’ਚ ਬਦਲਾਅ ਕਾਰਣ ਦੁਨੀਆ ਭਰ ’ਚ ਚਾਂਦੀ ਦੀ ਮੰਗ ’ਤੇ ਅਸਰ ਪਿਆ ਹੈ। ਸੋਲਰ ਐਨਰਜੀ ਵਿਚ ਹਾਲੇ ਵੀ ਕੁੱਲ ਸਿਲਵਰ ਦੀ ਮੰਗ ਦਾ ਕਾਫੀ ਛੋਟਾ ਹਿੱਸਾ ਹੈ ਪਰ ਇਹ ਇੰਡਸਟਰੀ ਸਮੇਂ ਦੇ ਨਾਲ ਬਹੁਤ ਤੇਜ਼ੀ ਨਾਲ ਵਧ ਰਹੀ ਹੈ।

ਇਕ ਇੰਡਸਟਰੀ ਐਸੋਸੀਏਸ਼ਨ ਦਿ ਸਿਲਵਰ ਇੰਸਟੀਚਿਊਟ ਦੀ ਇਕ ਰਿਪੋਰਟ ਮੁਤਾਬਕ ਇਸ ਸਾਲ ਸਪਲਾਈ ਦਾ 14 ਫੀਸਦੀ ਹੋਣ ਦਾ ਅਨੁਮਾਨ ਹੈ ਜੋ 2014 ਵਿਚ ਲਗਭਗ 5 ਫੀਸਦੀ ਸੀ। ਇਸ ਵਾਧੇ ਦਰਮਿਆਨ ਚੀਨ ਇਕ ਅਹਿਮ ਭੂਮਿਕਾ ਨਿਭਾ ਰਿਹਾ ਹੈ ਜੋ ਇਸ ਸਾਲ ਅਮਰੀਕਾ ਤੋਂ ਵੀ ਵੱਧ ਸੋਲਰ ਪੈਨਲਸ ਸਥਾਪਿਤ ਕਰਨ ਦੇ ਰਾਹ ’ਤੇ ਹੈ। ਸਿੰਗਾਪੁਰ ਸਥਿਤ ਡੀਲਰ ਸਿਲਵਰ ਬੁਲੀਅਨ ਦੇ ਸੰਸਥਾਪਕ ਗ੍ਰੇਗੋਰ ਗ੍ਰੇਗਰਸਨ ਨੇ ਕਿਹਾ ਕਿ ਸਿਲਵਰ ਦੀ ਮੰਗ ਦਾ ਪਤਾ ਲਗਾਉਣ ਲਈ ਸੋਲਰ ਇਕ ਚੰਗੀ ਉਦਾਹਰਣ ਹੈ।

ਸੋਲਰ ਪੈਨਲਸ ’ਚ ਤਿੰਨ ਤਰ੍ਹਾਂ ਦੇ ਸੈੱਲਸ ਦਾ ਇਸਤੇਮਾਲ ਕੀਤਾ ਜਾਂਦਾ ਹੈ, ਜਿਸ ’ਚ ਪੀ. ਈ. ਆਰ. ਸੀ., ਟੌਪਕਾਨ ਅਤੇ ਹੈਟੇਰੋਜੰਕਸ਼ਨ ਸੈਲਸ ਸ਼ਾਮਲ ਹਨ। ਪੀ. ਈ. ਆਰ.ਸੀ. ਸੈਲਸ ਨੂੰ ਪ੍ਰਤੀ ਵਾਟ ਲਗਭਗ 10 ਮਿਲੀਗ੍ਰਾਮ ਚਾਂਦੀ ਦੀ ਲੋੜ ਹੁੰਦੀ ਹੈ ਜਦ ਕਿ ਟੌਪਕਾਨ ਸੈਲਸ ਨੂੰ 13 ਮਿਲੀਗ੍ਰਾਮ ਪ੍ਰਤੀ ਵਾਟ ਦੀ ਲੋੜ ਪੈਂਦੀ ਹੈ। ਇਸ ਸਾਲ ਪ੍ਰੋਡਕਸ਼ਨ ’ਚ 2 ਫੀਸਦੀ ਦਾ ਵਾਧਾ ਹੋਣ ਦਾ ਅਨੁਮਾਨ ਹੈ ਜਦ ਕਿ ਉਦਯੋਗਿਕ ਖਪਤ 4 ਫੀਸਦੀ ਤੱਕ ਵਧ ਸਕਦੀ ਹੈ।

ਇਕ ਰਿਪੋਰਟ ਮੁਤਾਬਕ ਸਿਲਵਰ ਖਰੀਦਣ ਵਾਲਿਆਂ ਲਈ ਪ੍ਰੇਸ਼ਾਨੀ ਇਹ ਹੈ ਕਿ ਮੁੱਢਲੀਆਂ ਖਾਨਾਂ ਦੀ ਦੁਰਲੱਭਤਾ ਨੂੰ ਦੇਖਦੇ ਹੋਏ ਸਪਲਾਈ ਵਧਾਉਣਾ ਸੌਖਾਲਾ ਨਹੀਂ ਹੈ। ਮੈਟਲ ਦੀ ਲਗਭਗ 80 ਫੀਸਦੀ ਸਪਲਾਈ ਲੈੱਡ (ਸੀਸਾ), ਜਿੰਕ, ਤਾਂਬਾ ਅਤੇ ਸੋਨੇ ਦੇ ਪ੍ਰਾਜੈਕਟਸ ਨਾਲ ਹੁੰਦੀ ਹੈ, ਜਿੱਥੇ ਚਾਂਦੀ ਇਕ ਉਪ-ਉਤਪਾਦ ਰਹਿੰਦਾ ਹੈ।

ਸਪਲਾਈ ’ਤੇ ਦਬਾਅ ਨੂੰ ਦੇਖਦੇ ਹੋਏ ਸਾਊਥ ਵੇਲਸ ਯੂਨੀਵਰਸਿਟੀ ਦੀ ਇਕ ਸਟੱਡੀ ’ਚ ਅਨੁਮਾਨ ਲਗਾਇਆ ਗਿਆ ਹੈ ਕਿ 2050 ਤੱਕ ਸੋਲਰ ਸੈਕਟਰ ਗਲੋਬਲ ਸਿਲਵਰ ਸਟੋਰੇਜ ਦਾ 85-98 ਫੀਸਦੀ ਸਮਾਪਤ ਕਰ ਸਕਦਾ ਹੈ। ਪ੍ਰਤੀ ਸੈੱਲ ਇਸਤੇਮਾਲ ਕੀਤੇ ਜਾਣ ਵਾਲੇ ਸਿਲਵਰ ਦੀ ਮਾਤਰਾ ’ਚ ਵਾਧਾ ਹੋਵੇਗਾ ਅਤੇ ਇਸ ’ਚ ਸਮਾਂ ਲੱਗ ਸਕਦਾ ਹੈ।

Add a Comment

Your email address will not be published. Required fields are marked *