ਰਤਨ ਟਾਟਾ ਦੀ ਇਹ ਕੰਪਨੀ ਤਾਮਿਲਨਾਡੂ ‘ਚ ਕਰਨ ਜਾ ਰਹੀ ਹੈ ਵੱਡਾ ਨਿਵੇਸ਼
ਰਤਨ ਟਾਟਾ ਦੀ ਕੰਪਨੀ ਟਾਟਾ ਪਾਵਰ ਰੀਨਿਊਏਬਲ ਐਨਰਜੀ ਲਿਮਿਟੇਡ (TPREL) ਤਾਮਿਲਨਾਡੂ ਵਿੱਚ ਵੱਡਾ ਨਿਵੇਸ਼ ਕਰਨ ਜਾ ਰਹੀ ਹੈ। ਕੰਪਨੀ ਦੀ ਤਾਮਿਲਨਾਡੂ ਵਿੱਚ ਨਵਿਆਉਣਯੋਗ ਊਰਜਾ ਪ੍ਰਾਜੈਕਟਾਂ ਵਿੱਚ 70,800 ਕਰੋੜ ਰੁਪਏ ਨਿਵੇਸ਼ ਕਰਨ ਦੀ ਯੋਜਨਾ ਹੈ। ਟਾਟਾ ਪਾਵਰ ਦੀ ਇਕ ਇਕਾਈ TPREL ਨੇ ਰਾਜ ਦੇ ਨਵਿਆਉਣਯੋਗ ਊਰਜਾ ਦੇ ਲੈਂਡਸਕੇਪ ਦੇ ਵਿਕਾਸ ਅਤੇ ਦੇਸ਼ ਦੀ ਸਵੱਛ ਊਰਜਾ ਤਬਦੀਲੀ ਨੂੰ ਤੇਜ਼ ਕਰਨ ਲਈ ਤਾਮਿਲਨਾਡੂ ਸਰਕਾਰ ਨਾਲ ਦੋ ਸਮਝੌਤਿਆਂ (ਐੱਮਓਯੂ) ‘ਤੇ ਹਸਤਾਖ਼ਰ ਕੀਤੇ ਹਨ।
ਦੱਸ ਦੇਈਏ ਕਿ ਕੰਪਨੀ ਨੇ ਮੰਗਲਵਾਰ ਨੂੰ ਸ਼ੇਅਰ ਬਾਜ਼ਾਰਾਂ ਨੂੰ ਇਹ ਜਾਣਕਾਰੀ ਦਿੱਤੀ। ਐੱਮਓਯੂ ਦੇ ਇਸ ਸਮਝੌਤੇ ‘ਤੇ ਸੋਮਵਾਰ ਨੂੰ ਦਸਤਖ਼ਤ ਕੀਤੇ ਗਏ ਹਨ। ਪਹਿਲੇ ਐੱਮਓਯੂ ਦੇ ਤਹਿਤ TPREL ਅਗਲੇ ਪੰਜ ਤੋਂ ਸੱਤ ਸਾਲਾਂ ਵਿੱਚ ਸੂਰਜੀ, ਹਵਾ, ਹਾਈਬ੍ਰਿਡ (ਇੱਕ ਸਥਾਨ ‘ਤੇ ਸੂਰਜੀ ਅਤੇ ਪੌਣ ਊਰਜਾ ਪ੍ਰਾਜੈਕਟ) ਵਰਗੇ ਖੇਤਰਾਂ ਵਿੱਚ 10,000 ਮੈਗਾਵਾਟ ਦੇ ਨਵਿਆਉਣਯੋਗ ਊਰਜਾ ਪ੍ਰਾਜੈਕਟਾਂ ਨੂੰ ਵਿਕਸਤ ਕਰਨ ਦੇ ਮੌਕਿਆਂ ਦੀ ਖੋਜ ਕਰੇਗਾ।
ਇਹ ਨਵਿਆਉਣਯੋਗ ਪ੍ਰਾਜੈਕਟ ਤਾਮਿਲਨਾਡੂ ਵਿੱਚ 50,000 ਏਕੜ ਜ਼ਮੀਨ ‘ਤੇ ਸਥਿਤ ਹੋਣਗੇ। ਇਨ੍ਹਾਂ ‘ਚ ਲਗਭਗ 70,000 ਕਰੋੜ ਰੁਪਏ ਦੇ ਨਿਵੇਸ਼ ਦੀ ਸੰਭਾਵਨਾ ਹੋਵੇਗੀ। ਕੰਪਨੀ ਨੇ ਕਿਹਾ ਕਿ ਇਸ ਪਹਿਲਕਦਮੀ ਵਿੱਚ ਲਗਭਗ 3,000 ਹਰੀ ਨੌਕਰੀ ਦੇ ਮੌਕੇ ਪੈਦਾ ਕਰਨ ਦੀ ਸਮਰੱਥਾ ਹੈ। ਦੂਜਾ ਸਮਝੌਤਾ ਤਿਰੂਨੇਲਵੇਲੀ ਜ਼ਿਲ੍ਹੇ ਦੇ ਗੰਗਾਈਕੋਂਡਨ ਵਿਖੇ ਦੋ ਪੜਾਵਾਂ ਵਿੱਚ ਚਾਰ ਗੀਗਾਵਾਟ ਸੋਲਰ ਸੈੱਲ ਅਤੇ ਸੋਲਰ ਮੋਡੀਊਲ ਪਲਾਂਟ ਸਥਾਪਤ ਕਰਨ ਲਈ ਨਿਵੇਸ਼ ਪ੍ਰਤੀਬੱਧਤਾ ਨੂੰ 3,800 ਕਰੋੜ ਰੁਪਏ ਤੱਕ ਵਧਾਉਣਾ ਹੈ। 4 ਜੁਲਾਈ, 2022 ਨੂੰ, ਕੰਪਨੀ ਨੇ ਇੱਕ ਐੱਮਓਯੂ ‘ਤੇ ਦਸਤਖ਼ਤ ਕੀਤੇ ਸਨ, ਜਿਸ ਵਿੱਚ ਨਿਵੇਸ਼ ਦਾ ਅਨੁਮਾਨ 3,000 ਕਰੋੜ ਰੁਪਏ ਸੀ। ਹੁਣ ਇਸ ਨੂੰ ਵਧਾ ਕੇ 3,800 ਕਰੋੜ ਰੁਪਏ ਕਰਨ ਦਾ ਪ੍ਰਸਤਾਵ ਹੈ।

