‘ਆਦਿਪੁਰਸ਼’ ਦੇ ਡਾਇਲਾਗਜ਼ ’ਤੇ ਟ੍ਰੋਲ ਹੋਣ ਮਗਰੋਂ ਮਨੋਜ ਮੁੰਤਸ਼ਿਰ ਨੇ ਮੰਗੀ ਮੁਆਫ਼ੀ

ਮੁੰਬਈ : ਓਮ ਰਾਉਤ ਦੇ ਨਿਰਦੇਸ਼ਨ ’ਚ ਬਣੀ ‘ਆਦਿਪੁਰਸ਼’ ਰਿਲੀਜ਼ ਤੋਂ ਬਾਅਦ ਖ਼ੂਬ ਚਰਚਾ ਵਿਚ ਆਈ ਸੀ। ਫਿਲਮ ਦੇ ਡਾਇਲਾਗਜ਼ ਅਤੇ ਕਿਰਦਾਰਾਂ ’ਤੇ ਲੋਕਾਂ ਨੇ ਕਾਫ਼ੀ ਇਤਰਾਜ਼ ਜਤਾਇਆ ਅਤੇ ਕਈ ਸਿਤਾਰੇ ਫਿਲਮ ਦੇ ਕਿਰਦਾਰਾਂ ਨੂੰ ਲੈ ਕੇ ਆਪਣੀ ਨਾਰਾਜ਼ਗੀ ਜ਼ਾਹਿਰ ਕਰਦੇ ਵੀ ਨਜ਼ਰ ਆਏ। ਹਾਲਾਂਕਿ, ਫਿਲਮ ਦੀ ਆਲੋਚਨਾ ਹੋਣ ’ਤੇ ਫਿਲਮ ਨਿਰਮਾਤਾਵਾਂ ਨੇ ਆਪਣਾ ਸਪੱਸ਼ਟੀਕਰਨ ਵੀ ਪੇਸ਼ ਕੀਤਾ। ਇਸੇ ਦਰਮਿਆਨ ‘ਆਦਿਪੁਰਸ਼’ ਦੇ ਡਾਇਲਾਗ ਲੇਖਕ ਮਨੋਜ ਮੁੰਤਸ਼ਿਰ ਨੇ ਇਕ ਟਵੀਟ ਕਰਕੇ ਲੋਕਾਂ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਲਈ ਮੁਆਫ਼ੀ ਮੰਗੀ ਹੈ।

ਮਨੋਜ ਮੁੰਤਸ਼ਿਰ ਨੇ ਟਵੀਟ ਕਰਦਿਆਂ ਲਿਖਿਆ, ‘‘ਮੈਂ ਸਵੀਕਾਰ ਕਰਦਾ ਹਾਂ ਕਿ ਫ਼ਿਲਮ ਆਦਿਪੁਰਸ਼ ਨਾਲ ਲੋਕਾਂ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚੀ ਹੈ। ਮੈਂ ਆਪਣੇ ਸਾਰੇ ਭੈਣਾਂ-ਭਰਾਵਾਂ, ਬਜ਼ੁਰਗਾਂ, ਪੂਜਣਯੋਗ ਸਾਧੂਆਂ-ਸੰਤਾਂ ਅਤੇ ਸ਼੍ਰੀ ਰਾਮ ਦੇ ਭਗਤਾਂ ਤੋਂ ਹੱਥ ਜੋੜ ਕੇ ਬਿਨਾਂ ਸ਼ਰਤ ਮੁਆਫ਼ੀ ਮੰਗਦਾ ਹਾਂ। ਭਗਵਾਨ ਬਜਰੰਗ ਬਲੀ ਸਾਡੇ ਸਾਰਿਆਂ ’ਤੇ ਕ੍ਰਿਪਾ ਕਰਨ, ਅਸੀਂ ਇਕ ਅਤੇ ਅਟੁੱਟ ਰਹਿ ਕੇ ਆਪਣੇ ਪਵਿੱਤਰ ਸਨਾਤਨ ਅਤੇ ਮਹਾਨ ਦੇਸ਼ ਦੀ ਸੇਵਾ ਕਰਨ ਦੀ ਤਾਕਤ ਦੇਣ !’’

ਤੁਹਾਨੂੰ ਦੱਸ ਦੇਈਏ ਕਿ ‘ਆਦਿਪੁਰਸ਼’ ਦੇ ਰਿਲੀਜ਼ ਹੋਣ ਤੋਂ ਬਾਅਦ ਫਿਲਮ ਦੇ ਡਾਇਲਾਗਜ਼ ‘ਤੇ ਲੋਕਾਂ ਨੂੰ ਕਾਫ਼ੀ ਗੁੱਸਾ ਆਇਆ ਸੀ। ਲੋਕਾਂ ਦਾ ਕਹਿਣਾ ਹੈ ਕਿ ਮਨੋਜ ਮੁੰਤਸ਼ਿਰ ਨੇ ਰਾਮਾਇਣ ਦੇ ਸਮੇਂ ਮੁਤਾਬਕ ਫਿਲਮ ਦੇ ਡਾਇਲਾਗ ਨਹੀਂ ਲਿਖੇ ਸਨ। ਮਨੋਜ ਮੁੰਤਸ਼ਿਰ ਨੂੰ ਡਾਇਲਾਗਸ ਨੂੰ ਲੈ ਕੇ ਕਾਫ਼ੀ ਟ੍ਰੋਲ ਕੀਤਾ ਗਿਆ ਸੀ।

Add a Comment

Your email address will not be published. Required fields are marked *