ਕੰਵਰ ਗਰੇਵਾਲ ਅਤੇ ਰਣਜੀਤ ਬਾਵਾ ਦੇ ਘਰਾਂ ’ਤੇ ਇਨਕਮ ਟੈਕਸ ਦੇ ਛਾਪੇ

ਇਨਕਮ ਟੈਕਸ ਵਿਭਾਗ (ਆਈਟੀ) ਦੀਆਂ ਵੱਖ-ਵੱਖ ਟੀਮਾਂ ਨੇ ਅੱਜ ਮੁਹਾਲੀ ਵਿੱਚ ਰਹਿੰਦੇ ਪੰਜਾਬੀ ਗਾਇਕ ਕੰਵਰ ਗਰੇਵਾਲ ਅਤੇ ਰਣਜੀਤ ਬਾਵਾ ਦੇ ਘਰਾਂ ’ਤੇ ਛਾਪੇ ਮਾਰੇ ਕੀਤੀ। ਕੇਂਦਰੀ ਟੀਮ ਨੇ ਕੰਵਰ ਗਰੇਵਾਲ ਦੇ ਜ਼ਿਲ੍ਹਾ ਬਠਿੰਡਾ ਦੇ ਪਿੰਡ ਮਹਿਮਾ ਸਵਾਈ ਵਿਚਲੇ ਘਰ ’ਤੇ ਵੀ ਛਾਪਾ ਮਾਰਿਆ।

ਪ੍ਰਾਪਤ ਜਾਣਕਾਰੀ ਇਨਕਮ ਟੈਕਸ ਵਿਭਾਗ ਦੀ ਟੀਮ ਨੇ ਕੰਵਰ ਗਰੇਵਾਲ ਦੇ ਮੁਹਾਲੀ ਦੇ ਸੈਕਟਰ-104 ਵਿਚਲੇ ਤਾਜ ਟਾਵਰ ਸਥਿਤ ਰਿਹਾਇਸ਼ ’ਤੇ ਛਾਪਾ ਮਾਰਿਆ। ਇਸ ਦੌਰਾਨ ਮੁਹਾਲੀ ਪੁਲੀਸ ਸਮੇਤ ਸੀਆਰਪੀਐੱਫ਼ ਦੇ ਜਵਾਨ ਵੀ ਤਾਇਨਾਤ ਰਹੇ। ਅਧਿਕਾਰੀਆਂ ਨੇ ਕੰਵਰ ਗਰੇਵਾਲ ਤੋਂ ਪੁੱਛ-ਪੜਤਾਲ ਕੀਤੀ। ਕਾਰਵਾਈ ਕਾਫ਼ੀ ਸਮੇਂ ਤੱਕ ਜਾਰੀ ਰਹੀ ਪਰ ਕੋਈ ਵੀ ਅਧਿਕਾਰੀ ਮੀਡੀਆ ਨੂੰ ਜਾਣਕਾਰੀ ਦੇਣ ਲਈ ਤਿਆਰ ਨਹੀਂ ਹੋਇਆ। ਉਧਰ ਸੂਤਰਾਂ ਦੀ ਜਾਣਕਾਰੀ ਅਨੁਸਾਰ ਗਾਇਕ ਕੋਲੋਂ ਗੈਂਗਸਟਰਾਂ ਦੇ ਪੰਜਾਬੀ ਸੰਗੀਤ ਇੰਡਸਟਰੀਜ਼ ਵਿੱਚ ਦਖ਼ਲ ਅਤੇ ਕੁਝ ਗਾਇਕਾਂ ਨਾਲ ਕਥਿਤ ਸਬੰਧਾਂ ਬਾਰੇ ਉਨ੍ਹਾਂ ਨੂੰ ਮਿਲਦੀਆਂ ਧਮਕੀਆਂ ਬਾਰੇ ਸਵਾਲ ਕੀਤੇ ਗਏ। ਇਸੇ ਤਰ੍ਹਾਂ ਕੇਂਦਰੀ ਟੀਮ ਨੇ ਇੱਥੋਂ ਦੇ ਸੈਕਟਰ-69 ਵਿੱਚ ਰਹਿੰਦੇ ਰਣਜੀਤ ਬਾਵਾ ਦੇ ਘਰ ਦੀ ਛਾਣਬੀਣ ਕੀਤੀ ਗਈ। ਸੂਤਰਾਂ ਦੀ ਜਾਣਕਾਰੀ ਅਨੁਸਾਰ ਇਨਕਮ ਟੈਕਸ ਵਿਭਾਗ ਨੇ ਜਦੋਂ ਇਸ ਕਾਰਵਾਈ ਨੂੰ ਅੰਜਾਮ ਦਿੱਤਾ ਤਾਂ ਉਸ ਸਮੇਂ ਰਣਜੀਤ ਬਾਵਾ ਘਰ ਵਿੱਚ ਮੌਜੂਦ ਨਹੀਂ ਸੀ।

ਜ਼ਿਕਰਯੋਗ ਹੈ ਕਿ ਕੰਵਰ ਗਰੇਵਾਲ ਨੇ ਤਿੰਨ ਖੇਤੀ ਸੁਧਾਰ ਕਾਨੂੰਨਾਂ ਖ਼ਿਲਾਫ਼ ਪੰਜਾਬ ਸਮੇਤ ਦਿੱਲੀ ਦੀਆਂ ਬਰੂਹਾਂ ’ਤੇ ਚੱਲੇ ਕਿਸਾਨ ਅੰਦੋਲਨ ਦੀ ਡਟ ਕੇ ਹਮਾਇਤ ਕੀਤੀ ਸੀ। ਦੂਜੇ ਪਾਸੇ ਆਮਦਨ ਕਰ ਵਿਭਾਗ ਦੀ ਟੀਮ ਨੇ ਅੱਜ ਪੰਜਾਬੀ ਗਾਇਕ ਕੰਵਰ ਗਰੇਵਾਲ ਦੇ ਪਿੰਡ ਮਹਿਮਾ ਸਵਾਈ (ਬਠਿੰਡਾ) ਵਿਚਲੇ ਘਰ ’ਚ ਛਾਪਾ ਮਾਰਿਆ। ਆਈਟੀ ਵਿਭਾਗ ਦੀ ਟੀਮ ਦੀ ਅਗਵਾਈ ਜੀਡੀ ਅਨੁਭਵ ਅਗਨੀਹੋਤਰੀ ਕਰ ਰਹੇ ਹਨ। ਸਵੇਰੇ 8.30 ਵਜੇ ਪਿੰਡ ਮਹਿਮਾ ਸਵਾਈ ਪਹੁੰਚੀ ਕੇਂਦਰੀ ਟੀਮ ਨਾਲ ਵੱਡੀ ਗਿਣਤੀ ’ਚ ਸੁਰੱਖਿਆ ਮੁਲਾਜ਼ਮ ਵੀ ਸਨ। ਮਿਲੀ ਜਾਣਕਾਰੀ ਅਨੁਸਾਰ ਅੱਜ ਕੇਂਦਰੀ ਟੀਮ ਨੇ ਗਾਇਕ ਦੇ ਪਿਤਾ ਬੇਅੰਤ ਸਿੰਘ ਗਰੇਵਾਲ ਤੋਂ ਤਕਰੀਬਨ 10 ਘੰਟੇ ਤੋਂ ਵੱਧ ਸਮਾਂ ਪੁੱਛ ਪੜਤਾਲ ਕੀਤੀ ਅਤੇ ਘਰ ਦੀ ਤਲਾਸ਼ੀ ਲਈ। ਇਸ ਮੌਕੇ ਪਿੰਡ ਦੇ ਸਰਪੰਚ ਜਸਵੰਤ ਸਿੰਘ ਬਰਾੜ ਵੀ ਮੌਜੂਦ ਰਹੇ। ਜਾਂਚ ਟੀਮ ਦੇ ਇੱਕ ਅਧਿਕਾਰੀ ਨੇ ਪੁਸ਼ਟੀ ਕਰਦਿਆਂ ਦੱਸਿਆ ਕਿ ਆਈਟੀ ਟੀਮ ਵੱਲੋਂ ਛਾਪੇ ਮਾਰੇ ਗਏ ਹਨ ਜਿਸ ਦੀ ਅਗਵਾਈ ਡਾਇਰੈਕਟਰ ਜਰਨਲ ਅਨੁਭਵ ਅਗਨੀਹੋਤਰੀ ਕਰ ਰਹੇ ਹਨ। ਕੰਵਰ ਗਰੇਵਾਲ ਦੇ ਪਿਤਾ ਨੇ ਦੱਸਿਆ ਕਿ ਉਹ ਟੀਮ ਦਾ ਪੂਰਾ ਸਾਥ ਦੇ ਰਹੇ ਹਨ।

Add a Comment

Your email address will not be published. Required fields are marked *