ਵਾਟਰ ਪਾਰਕ ਦਾ ਉਦਘਾਟਨ ਕਰਨ ਪੁੱਜੇ PM ਦਾ ਕਿਸਾਨਾਂ ਨੇ ਕੀਤਾ ਵਿਰੋਧ

ਮੈਲਬੌਰਨ- ਮੈਲਬੌਰਨ ਤੋਂ ਸਾਢੇ ਤਿੰਨ ਘੰਟੇ ਦੀ ਦੂਰੀ ‘ਤੇ ਸਥਿਤ ਇੱਕ ਖੇਤਰੀ ਸ਼ਹਿਰ ਹੌਰਸ਼ਾਮ ਵਿਚ ਇਕ ਵਾਟਰ ਪਾਰਕ ਦਾ ਉਦਘਾਟਨ ਕਰਨ ਲਈ ਇਕ ਪ੍ਰੋਗਰਾਮ ਦਾ ਆਯੋਜਨ ਕੀਤਾ ਗਿਆ ਸੀ, ਜਿਸ ਦਾ ਉਦਘਾਟਨ ਕਰਨ ਲਈ ਆਸਟ੍ਰੇਲੀਆਈ ਪੀ. ਐੱਮ. ਐਂਥਨੀ ਅਲਬਾਨੀਜ਼ ਪੁੱਜੇ ਹੋਏ ਸਨ। ਇਸ ਦੌਰਾਨ ਉੱਥੇ ਕਿਸਾਨਾਂ ਵੱਲੋਂ ਭੰਨ-ਤੋੜ ਸ਼ੁਰੂ ਕਰ ਦਿੱਤੀ ਗਈ, ਜਿਸ ਤੋਂ ਬਾਅਦ ਅਲਬਾਨੀਜ਼ ਨੂੰ ਉਥੋਂ ਸੁਰੱਖਿਅਤ ਉਨ੍ਹਾਂ ਦੀ ਕਾਰ ਤੱਕ ਪਹੁੰਚਾਇਆ ਗਿਆ। ਦਰਅਸਲ ਅਲਬਾਨੀਜ਼ ਜਦੋਂ ਹੌਰਸ਼ਾਮ ਵਿੱਚ ਇੱਕ ਵਾਟਰ ਪਾਰਕ ਦੇ ਉਦਘਾਟਨ ਦੌਰਾਨ ਲੋਕਾਂ ਨਾਲ ਗੱਲਬਾਤ ਕਰ ਰਹੇ ਸਨ, ਤਾਂ ਖੇਤਰ ਵਿੱਚ ਇੱਕ ਪਾਵਰਲਾਈਨ ਪ੍ਰੋਜੈਕਟ ਦਾ ਵਿਰੋਧ ਕਰ ਰਹੇ ਲਗਭਗ 40 ਕਿਸਾਨਾਂ ਨੇ ਪ੍ਰੋਗਰਾਮ ਵਿਚ ਅਚਾਨਕ ਵਿਘਨ ਪਾ ਦਿੱਤਾ। ਸਥਾਨਕ ਮੀਡੀਆ ਮੁਤਾਬਕ ਗੁੱਸੇ ਵਿੱਚ ਆਏ ਪ੍ਰਦਰਸ਼ਨਕਾਰੀਆਂ ਤੋਂ ਬਚਣ ਲਈ ਪ੍ਰਧਾਨ ਮੰਤਰੀ ਨੂੰ ਉਨ੍ਹਾਂ ਦੀ ਫੈਡਰਲ ਪੁਲਸ ਸੁਰੱਖਿਆ ਦਸਤੇ ਨੇ ਉਨ੍ਹਾਂ ਦੀ ਕਾਰ ਤੱਕ ਪਹੁੰਚਾਇਆ। ਏ.ਬੀ.ਸੀ. ਨਿਊਜ਼ ਮੁਤਾਬਕ ਜਿਵੇਂ ਹੀ ਅਲਬਾਨੀਜ਼ ਉਥੋਂ ਨਿਕਲੇ ਤਾਂ ਪ੍ਰਦਰਸ਼ਨਕਾਰੀਆਂ ਨੇ ਅਪਮਾਨਜਨਕ ਇਸ਼ਾਰੇ ਕੀਤੇ ਅਤੇ ਖ਼ੁਸ਼ ਹੋ ਕੇ ਇਕ-ਦੂਜੇ ਨੂੰ ਜੱਫੀ ਪਾਈ।

ਸਮਝਿਆ ਜਾਂਦਾ ਹੈ ਕਿ ਵਿਕਟੋਰੀਆ ਤੋਂ NSW ਇੰਟਰਕਨੈਕਟਰ ਵੈਸਟ ਪ੍ਰੋਜੈਕਟ ‘ਤੇ ਚਰਚਾ ਕਰਨ ਦੇ ਇਰਾਦੇ ਨਾਲ ਲਗਭਗ 40 ਕਿਸਾਨ ਪ੍ਰਧਾਨ ਮੰਤਰੀ ਨਾਲ ਗੱਲ ਕਰਨ ਦੀ ਉਮੀਦ ਨਾਲ ਇਸ ਸਮਾਗਮ ਵਿੱਚ ਆਏ ਸਨ। ਕਿਸਾਨਾਂ ਨੇ ਇਸ ਪ੍ਰੋਜੈਕਟ ਬਾਰੇ ਚਿੰਤਾਵਾਂ ਜ਼ਾਹਰ ਕੀਤੀਆਂ ਹਨ ਜੋ ਸੁਝਾਅ ਦਿੰਦੀਆਂ ਹਨ ਕਿ ਇਹ ਪ੍ਰਮੁੱਖ ਖੇਤੀ ਵਾਲੀ ਜ਼ਮੀਨ ਅਤੇ ਉਹਨਾਂ ਦੀਆਂ ਜਾਇਦਾਦਾਂ ਨੂੰ ਪ੍ਰਭਾਵਤ ਕਰੇਗਾ।  ਇਸ ਪ੍ਰੋਜੈਕਟ ਨੂੰ VNI ਵੈਸਟ ਵਜੋਂ ਜਾਣਿਆ ਜਾਂਦਾ ਹੈ, ਇਹ ਨਿਊ ਸਾਊਥ ਵੇਲਜ਼ ਅਤੇ ਵਿਕਟੋਰੀਆ ਵਿੱਚ ਉੱਚ ਵੋਲਟੇਜ ਬਿਜਲੀ ਗਰਿੱਡਾਂ ਨੂੰ ਜੋੜਨ ਵਾਲੀ ਇੱਕ ਪ੍ਰਸਤਾਵਿਤ ਨਵੀਂ 500 kV ਡਬਲ ਸਰਕਟ ਟਰਾਂਸਮਿਸ਼ਨ ਲਾਈਨ ਹੈ। ਇਹ ਪ੍ਰੋਜੈਕਟ NSW ਅਤੇ ਵਿਕਟੋਰੀਆ ਵਿਚਕਾਰ ਬਿਜਲੀ ਨੂੰ ਸਾਂਝਾ ਕਰਨ ਦੀ ਸਮਰੱਥਾ ਵਧਾਉਣ ਅਤੇ ਦੋਵਾਂ ਰਾਜਾਂ ਵਿੱਚ ਬਿਜਲੀ ਸਪਲਾਈ ਦੀ ਭਰੋਸੇਯੋਗਤਾ ਅਤੇ ਸੁਰੱਖਿਆ ਵਿੱਚ ਸੁਧਾਰ ਕਰਨ ਲਈ ਹੈ। ਪਰ ਕੁਝ ਸਥਾਨਕ ਲੋਕ ਇਸ ਪ੍ਰਾਜੈਕਟ ਦਾ ਵਿਰੋਧ ਕਰ ਰਹੇ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਇਹ ਪ੍ਰੋਜੈਕਟ ਉਨ੍ਹਾਂ ਦੀਆਂ ਜਾਇਦਾਦਾਂ ਤੋਂ ਹੋ ਕੇ ਲੰਘੇਗਾ।

Add a Comment

Your email address will not be published. Required fields are marked *