ਨਿਊਜੀਲੈਂਡ ਸਰਕਾਰ ਵੱਲੋਂ ਸੁਪਰੀਮ ਸਿੱਖ ਸੁਸਾਇਟੀ ਵਿਸ਼ੇਸ਼ ਐਵਾਰਡ ਨਾਲ ਸਨਮਾਨਿਤ

ਆਕਲੈਂਡ-: ਇਸ ਵਿੱਚ ਕੋਈ ਸ਼ੱਕ ਨਹੀਂ ਹੈ ਕਿ ਜਦੋਂ ਵੀ ਕਿਤੇ ਮਨੁੱਖਤਾ ਉੱਤੇ ਕੋਈ ਮੁਸੀਬਤ ਆਈ ਹੈ, ਤਾਂ ਸਿੱਖ ਕੌਮ ਨੇ ਹਮੇਸ਼ਾ ਅੱਗੇ ਵੱਧ ਕਿ ਰਾਹਤ ਕਾਰਜਾਂ ਵਿੱਚ ਆਪਣੀ ਗਿਣਤੀ ਅਤੇ ਅਨੁਪਾਤ ਤੋਂ ਵੱਧ ਕੇ ਯੋਗਦਾਨ ਪਾਇਆ ਹੈ। ਇਸੇ ਤਰਾਂ ਪਿਛਲੇ ਸਾਲ ਆਈ ਕੋਰੋਨਾ ਮਹਾਂਮਾਰੀ ਦੌਰਾਨ ਵੀ ਪੂਰੀ ਦੁਨੀਆ ਵਿੱਚ ਵੱਸਦੇ ਸਿੱਖਾਂ ਨੇ ਆਪਣੀ ਸਮਰੱਥਾ ਅਨੁਸਾਰ ਹਰ ਵਰਗ ਦੀ ਸਹਾਇਤਾ ਕੀਤੀ ਹੈ। ਮਹਾਮਾਰੀ ਦੌਰਾਨ ਸਿੱਖਾਂ ਵੱਲੋ ਕੀਤੀ ਗਈ ਸੇਵਾ ਦੀ ਹਰ ਦੇਸ਼ ਦੇ ਨੁਮਾਇੰਦਿਆਂ ਨੇ ਸ਼ਲਾਘਾ ਕੀਤੀ ਹੈ। ਸੁਸਾਇਟੀ ਦੇ ਵਲੰਟੀਅਰਜ ਨੂੰ ਵੀ ਸਲਾਹਿਆ, ਜਿਨ੍ਹਾਂ ਨੇ ਲੌਕਡਾਊਨ ਦੌਰਾਨ ਅਣਥੱਕ ਸੇਵਾਵਾਂ ਨਿਭਾਉਂਦਿਆਂ ਹਰ ਧਰਮ, ਨਸਲ ਅਤੇ ਸੱਭਿਆਚਾਰ ਨਾਲ ਸਬੰਧਿਤ ਲੋੜਵੰਦਾਂ ਲਈ ਦਰ ਹਰ ਵੇਲੇ ਖੋਲ੍ਹ ਕੇ ਰੱਖੇ ਹਨ।

ਨਿਊਜੀਲੈਂਡ ਦੇ ਪ੍ਰਧਾਨ ਮੰਤਰੀ ਕ੍ਰਿਸ ਹਿਪਕਨਜ ਨੇ ਸੁਪਰੀਮ ਸਿੱਖ ਸੁਸਾਇਟੀ ਆਫ ਨਿਊਜੀਲੈਂਡ ਨੂੰ ਕੋਵਿਡ ਅਤੇ ਹੜਾਂ ਵਿੱਚ ਨਿਭਾਏ ਰੋਲ ਲਈ ਸਿੱਖ ਕੌਮ ਦਾ ਧੰਨਵਾਦ ਕਰਦੇ ਹੋਏ ਐਵਾਰਡ ਅਤੇ ਬੈਜ ਪ੍ਰਦਾਨ ਕੀਤਾ ਗਿਆ ਹੈ । ਮਨਿਸਟਰ ਐਥਨਿਕ ਕਮਿਊਨਟੀ ਨੇ ਵੀ ਇਸ ਮੌਕੇ ਪ੍ਰਸੰਸਾ ਸਰਟੀਫਿਕੇਟ ਭੇਜਿਆ ਹੈ । ਦੱਸਣਯੋਗ ਹੈ ਕਿ ਨਿਊਜੀਲੈਡ ਦੇ ਸਿੱਖ 4 ਲੱਖ ਤੋ ਵੱਧ ਫੂਡ ਪਾਰਸਲ ਵੰਡ ਚੁੱਕੇ ਹਨ ਅਤੇ ਪਹਿਲਾਂ ਵੀ ਸੁਪਰੀਮ ਸਿੱਖ ਸੁਸਾਇਟੀ ਨੂੰ ਫੂਡ ਹੀਰੋ ਦਾ ਐਵਾਰਡ ਮਿਲ ਚੁੱਕਾ ਹੈ । ਮਹਿਕ-ਏ-ਵਤਨ ਦੇ ਚੀਫ ਅਡੀਟਰ ਹਰਦੇਵ ਬਰਾੜ ਨਾਲ ਗੱਲ ਕਰਦਿਆਂ ਭਾਈ ਦਲਜੀਤ ਸਿੰਘ ਨੇ ਕਿਹਾ ਕਿ ਇਹ ਸਿਰਫ ਮੇਰੇ ਇੱਕਲੇ ਲਈ ਹੀ ਨਹੀਂ ਸਗੋਂ ਪੂਰੀ ਸਿੱਖ ਕੌਮ ਅਤੇ ਨਿਊਜੀਲੈਂਡ ਸਿੱਖ ਸੁਸਾਇਟੀ ਲਈ ਮਾਣ ਦੀ ਗੱਲ ਹੈ। ਇਹ ਸਨਮਾਨ ਸਾਰੇ ਮੈਬਰਾਂ , ਵਲੰਟੀਅਰਜ ਅਤੇ ਸੰਗਤਾਂ ਦਾ ਹੈ ਜਿਹਨਾਂ ਨੇ ਸੁਪਰੀਮ ਸਿੱਖ ਸੁਸਾਇਟੀ ਨੂੰ ਨਿਊਜੀਲੈਂਡ ਪੱਧਰ ਤੇ ਨਾਮ ਬਣਾਉਣ ਵਿੱਚ ਯੋਗਦਾਨ ਪਾਇਆ । ਪਹਿਲਾਂ ਵੀ ਨਿਊਜ਼ੀਲੈਂਡ ਵਿੱਚ ਵੱਖ-ਵੱਖ ਖੇਤਰਾਂ ‘ਚ ਅਹਿਮ ਯੋਗਦਾਨ ਪਾਉਣ ਵਾਲੀ ਸਿੱਖਾਂ ਦੀ ਸਭ ਤੋਂ ਵੱਡੀ ਸੰਸਥਾ, ਸੁਪਰੀਮ ਸਿੱਖ ਸੁਸਾਇਟੀ ਆਫ ਨਿਊਜ਼ੀਲੈਂਡ ਨੂੰ ਦੇਸ਼ ਦੀਆਂ ਪਹਿਲੀਆਂ 10 ਸੰਸਥਾਵਾਂ ‘ਚ ਸ਼ਾਮਿਲ ਕੀਤਾ ਗਿਆ ਹੈ।

Add a Comment

Your email address will not be published. Required fields are marked *