ਐੱਫਬੀਆਈ ਏਜੰਟਾਂ ਵੱਲੋਂ ਟਰੰਪ ਦੀ ਰਿਹਾਇਸ਼ ਤੇ ਕਲੱਬ ’ਤੇ ਛਾਪਾ

ਵਾਸ਼ਿੰਗਟਨ, 9 ਅਗਸਤ

ਐੱਫਬੀਆਈ ਨੇ ਮੁਲਕ ਦੇ ਸਾਬਕਾ ਰਾਸ਼ਟਰਪਤੀ ਡੋਨਲਡ ਟਰੰਪ ਦੇ ਫਲੋਰੀਡਾ ਵਿੱਚ ਸਥਿਤ ਨਿੱਜੀ ਕਲੱਬ ਤੇ ਰਿਹਾਇਸ਼ ’ਤੇ ਛਾਪਾ ਮਾਰਿਆ। ਇਸ ਦੌਰਾਨ ਐੱਫਬੀਆਈ ਨੇ ਰਾਸ਼ਟਰਪਤੀ ਦਫ਼ਤਰ ਨਾਲ ਜੁੜੇ ਦਸਤਾਵੇਜ਼ਾਂ ਦੇ ਰੱਖ-ਰਖਾਅ ਨਾਲ ਸਬੰਧਤ ਜਾਂਚ ਤਹਿਤ ਇੱਕ ਤਿਜੋਰੀ ਵੀ ਤੋੜੀ ਜਿਸ ’ਤੇ ਸ੍ਰੀ ਟਰੰਪ ਭੜਕ ਗਏ। ਉਨ੍ਹਾਂ ਇਸ ਕਾਰਵਾਈ ਨੂੰ ਉਨ੍ਹਾਂ ਵੱਲੋਂ ਸਾਲ 2024 ਵਿੱਚ ਵਾਈਟ ਹਾਊਸ ਪੁੱਜਣ ਦੇ ਯਤਨਾਂ ’ਚ ਅੜਿੱਕਾ ਲਾਉਣ ਦਾ ਯਤਨ ਕਰਾਰ ਦਿੱਤਾ। ਉਨ੍ਹਾਂ ਕਿਹਾ,‘ਇਹ ਸਾਡੇ ਮੁਲਕ ਲਈ ਮਾੜਾ ਸਮਾਂ ਹੈ ਕਿਉਂਕਿ ਫਲੋਰਿਡਾ ਦੇ ਪਾਮ ਬੀਚ ਵਿੱਚ ਮਾਰ-ਏ-ਲਾਗੋ ਦੇ ਉਨ੍ਹਾਂ ਦੇ ਖੂਬਸੂਰਤ ਘਰ ’ਤੇ ਐੱਫਬੀਆਈ ਏਜੰਟਾਂ ਦੇ ਇੱਕ ਵੱਡੇ ਗਰੁੱਪ ਨੇ ਘੇਰਾਬੰਦੀ ਕਰ ਕੇ ਛਾਪਾ ਮਾਰਿਆ ਤੇ ਇਸ ਨੂੰ ਕਬਜ਼ੇ ਵਿੱਚ ਲੈ ਲਿਆ ਹੈ। ਅਮਰੀਕਾ ਦੇ ਕਿਸੇ ਵੀ ਰਾਸ਼ਟਰਪਤੀ ਨਾਲ ਪਹਿਲਾਂ ਅਜਿਹਾ ਕੁਝ ਕਦੇ ਵੀ ਨਹੀਂ ਵਾਪਰਿਆ।’ ਅਮਰੀਕੀ ਮੀਡੀਆ ਰਿਪੋਰਟਾਂ ਮੁਤਾਬਕ ਐੱਫਬੀਆਈ ਦੀ ਜਾਂਚ ਦਸਤਾਵੇਜ਼ਾਂ ਨਾਲ ਭਰੇ 15 ਬਕਸਿਆਂ ਨਾਲ ਸਬੰਧਤ ਸੀ ਜੋ ਟਰੰਪ ਜਨਵਰੀ 2021 ਵਿੱਚ ਵਾਈਟ ਹਾਊਸ ਛੱਡਣ ਸਮੇਂ ਮਾਰ-ਏ-ਲਾਗੋ ’ਚ ਲੈ ਗਏ ਸਨ, ਜਿਨ੍ਹਾਂ ਵਿੱਚੋਂ ਕੁਝ ਦਸਤਾਵੇਜ਼ਾਂ ਨੂੰ ਗੁਪਤ ਐਲਾਨਿਆ ਗਿਆ ਹੈ। ਦੂਜੇ ਪਾਸੇ, ਨਿਆਂ ਵਿਭਾਗ ਤੇ ਐੱਫਬੀਆਈ ਨੇ ਛਾਪੇ ਬਾਰੇ ਟਿੱਪਣੀ ਕਰਨ ਤੋਂ ਇਨਕਾਰ ਕਰ ਦਿੱਤਾ ਹੈ। ਟਰੰਪ ਨੇ ਕਿਹਾ,‘ਸਬੰਧਤ ਸਰਕਾਰੀ ਏਜੰਸੀਆਂ ਨਾਲ ਪੂਰਾ ਸਹਿਯੋਗ ਕਰਨ ਦੇ ਬਾਵਜੂਦ ਮੇਰੇ ਘਰ ’ਤੇ ਬਿਨਾਂ ਦੱਸੇ ਛਾਪਾ ਮਾਰਨਾ ਸਹੀ ਨਹੀਂ ਹੈ।’ ਉਨ੍ਹਾਂ ਦੋਸ਼ ਲਾਇਆ ਕਿ ਅਜਿਹੀ ਕਾਰਵਾਈ ਵਿਕਾਸਸ਼ੀਲ ਦੇਸ਼ਾਂ ਵਿੱਚ ਹੀ ਹੋ ਸਕਦੀ ਹੈ। ਐੱਫਬੀਆਈ ਨੇ ਟਰੰਪ ਦੇ ਘਰ ਅਜਿਹੇ ਸਮੇਂ ਛਾਪਾ ਮਾਰਿਆ ਹੈ ਜਦੋਂ ਉਹ ਸਾਲ 2024 ਵਿੱਚ ਰਾਸ਼ਟਰਪਤੀ ਦੇ ਅਹੁਦੇ ਦੀ ਚੋਣ ਲਈ ਆਪਣੀ ਦਾਅਵੇਦਾਰੀ ਪੇਸ਼ ਕਰਨ ਦੀ ਤਿਆਰੀ ਕਰ ਰਹੇ ਹਨ।

Add a Comment

Your email address will not be published. Required fields are marked *