ਮਣੀਪੁਰ ਦੇ ਮੁੱਖ ਮੰਤਰੀ ਦਾ ਅਸਤੀਫ਼ਾ ਔਰਤਾਂ ਨੇ ਫਾੜਿਆ

ਇੰਫ਼ਾਲ : ਮਣੀਪੁਰ ਦੇ ਮੁੱਖ ਮੰਤਰੀ ਐੱਨ ਬੀਰੇਨ ਸਿੰਘ ਨੂੰ ਵੱਡੀ ਗਿਣਤੀ ਵਿਚ ਜਨਤਾ ਨੇ ਸ਼ੁੱਕਰਵਾਰ ਨੂੰ ਸਕੱਤਰੇਤ ਤੋਂ ਬਾਹਰ ਨਿਕਲਣ ਤੋਂ ਰੋਕਿਆ ਤੇ ਰਾਜਪਾਲ ਨੂੰ ਸੌਂਪੇ ਜਾਣ ਵਾਲੇ ਅਸਤੀਫ਼ੇ ਨੂੰ ਫਾੜਣ ਤਕ ਉੱਥੋਂ ਹਟਣ ਤੋਂ ਇਨਕਾਰ ਕਰ ਦਿੱਤਾ। ਸਿੰਘ ਨੇ ਸੋਸ਼ਲ ਨੈੱਟਵਰਕ ਪਲੇਟਫ਼ਾਰਮ ‘ਤੇ ਲਿਖਿਆ, “ਇਸ ਮਹੱਤਵਪੂਰਨ ਮੋੜ ‘ਤੇ, ਮੈਂ ਸਾਫ਼ ਕਰਨਾ ਚਾਹੁੰਦਾ ਹਾਂ ਕਿ ਹੁਣ ਮੈਂ ਮੁੱਖ ਮੰਤਰੀ ਦੇ ਅਹੁਦੇ ਤੋਂ ਅਸਤੀਫ਼ਾ ਨਹੀਂ ਦੇਵਾਂਗਾ।”

ਇੰਫ਼ਾਲ ਦੇ ਮੁੱਖ ਬਾਜ਼ਾਰ ‘ਚ ਕਥਿਤ ਤੌਰ ‘ਤੇ ਇਕ ਪੀੜਤ ਵਿਅਕਤੀ ਦੇ ਕਤਲ ਤੋਂ ਬਾਅਦ ਵੀਰਵਾਰ ਰਾਤ ਨੂੰ ਹਿੰਸਾ ਭੜਕ ਗਈ ਸੀ, ਜਿਸ ਤੋਂ ਬਾਅਦ ਮੁੱਖ ਮੰਤਰੀ ਨੇ ਅਸਤੀਫ਼ਾ ਦੇਣ ਦਾ ਫ਼ੈਸਲਾ ਲਿਆ ਸੀ। ਸੂਬੇ ਦੇ ਲੋਕ ਅੱਗ ਦੇ ਘਟਨਾਕ੍ਰਮ ਨੂੰ ਵੇਖਣ ਲਈ ਰਾਜਭਵਨ ਨੇੜੇ ਇਕੱਠੇ ਹੋਏ ਸਨ ਤੇ ਭਾਰੀ ਭੀੜ ਇਕੱਠੀ ਹੋ ਗਈ ਸੀ ਜਿਨ੍ਹਾਂ ਨੂੰ ਕਾਬੂ ਕਰਨਾ ਸੂਬਾ ਤੇ ਕੇਂਦਰੀ ਫ਼ੋਰਸਾਂ ਲਈ ਔਖ਼ਾ ਹੋ ਰਿਹਾ ਸੀ। ਬੀਰੇਨ ਸਿੰਘ ਸਕੱਤਰੇਤ ਤੋਂ ਬਾਹਰ ਨਿਕਲੇ ਪਰ ਭੀੜ ਨੇ ਉਨ੍ਹਾਂ ਨੂੰ ਰੋਕ ਦਿੱਤਾ। 

ਨਿਰਮਾਣ ਮੰਤਰੀ ਕੇ ਗੋਵਿੰਦ ਦਾਸ ਤੇ ਨਾਗਰਿਕ ਆਪੂਰਤੀ ਮੰਤਰੀ ਟੀ. ਸੁਸਿੰਦਰੋ ਦਾ ਅਸਤੀਫ਼ਾ ਪੱਤਰ ਲੈ ਕੇ ਮੁੱਖ ਮੰਤਰੀ ਸਕੱਤਰੇਤ ਤੋਂ ਬਾਹਰ ਆਏ ਸਨ, ਜਿਸ ਨੂੰ ਕੁੱਝ ਔਰਤਾਂ ਨੇ ਉਨ੍ਹਾਂ ਤੋਂ ਖੋਹ ਕੇ ਟੋਟੇ-ਟੋਟੇ ਕਰ ਦਿੱਤਾ। ਦੋਵਾਂ ਮੰਤਰੀਆਂ ਨੇ ਭੀੜ ਨੂੰ ਸ਼ਾਂਤੀ ਕਾਇਮ ਰੱਖਣ ਤੇ ਉੱਥੋਂ ਹਟਣ ਦੀ ਅਪੀਲ ਕੀਤੀ। ਭਰੋਸਾ ਮਿਲਣ ਤੋਂ ਬਾਅਦ ਭੀੜ ਹਾਈ ਸੁਰੱਖਿਆ ਵਾਲੇ ਇਲਾਕੇ ਤੋਂ ਬਾਹਰ ਨਿਕਲ ਗਈ। ਇਸ ਵਿਚਾਲੇ ਸੂਬਾ ਸਰਕਾਰ ਨੇ ਅੱਜ ਤੋਂ ਇੰਟਰਨੈੱਟ ‘ਤੇ ਪਾਬੰਦੀ ਨੂੰ 5 ਦਿਨ ਲਈ ਹੋਰ ਵਧਾ ਦਿੱਤਾ।

Add a Comment

Your email address will not be published. Required fields are marked *