ਮਣੀਪੁਰ ‘ਚ ਭੀੜ ਵੱਲੋਂ ਭਾਜਪਾ ਦਫ਼ਤਰ ‘ਤੇ ਹਮਲਾ
![](http://mehakewattan.com/wp-content/uploads/2023/06/2023_6image_06_08_5120690062020-ll.jpg)
ਦੇਸ਼- ਮਣੀਪੁਰ ਦੀ ਰਾਜਧਾਨੀ ਇੰਫਾਲ ‘ਚ ਖਵੈਰਾਮਬੰਦ ਬਾਜ਼ਾਰ ‘ਚ ਭੀੜ ਨੂੰ ਖਿੰਡਾਉਣ ਲਈ ਪੁਲਸ ਨੇ ਵੀਰਵਾਰ ਸ਼ਾਮ ਨੂੰ ਅੱਥਰੂ ਗੈਸ ਦੇ ਗੋਲ਼ੇ ਦਾਗੇ। ਕਾਂਗਪੋਕਪੀ ਜ਼ਿਲ੍ਹੇ ‘ਚ ਸਵੇਰੇ ਗੋਲ਼ੀਬਾਰੀ ‘ਚ ਮਾਰੇ ਗਏ ਇਕ ਵਿਅਕਤੀ ਦੀ ਲਾਸ਼ ਨੂੰ ਉੱਥੇ ਲਿਆਂਦਾ ਗਿਆ ਅਤੇ ਇਕ ਰਵਾਇਤੀ ਤਾਬੂਤ ‘ਚ ਰੱਖਿਆ ਗਿਆ। ਅਧਿਕਾਰੀਆਂ ਨੇ ਦੱਸਿਆ ਕਿ ਪ੍ਰਦਰਸ਼ਨਕਾਰੀ ਇਕੱਠੇ ਹੋਏ ਅਤੇ ਭੀੜ ਨੇ ਮੁੱਖ ਮੰਤਰੀ ਦੀ ਰਿਹਾਇਸ਼ ਤੱਕ ਤਾਬੂਤ ਨਾਲ ਜਲੂਸ ਕੱਢਣ ਦੀ ਧਮਕੀ ਦਿੱਤੀ। ਇਸ ਦੌਰਾਨ ਭਾਰਤੀ ਜਨਤਾ ਪਾਰਟੀ ਦੇ ਦਫ਼ਤਰ ‘ਤੇ ਹਮਲਾ ਕੀਤਾ ਗਿਆ।’
ਜ਼ਿਕਰਯੋਗ ਹੈ ਕਿ ਮਈ ਦੀ ਸ਼ੁਰੂਆਤ ‘ਚ ਸੂਬੇ ‘ਚ ਮੇਇਤੀ ਅਤੇ ਕੁਕੀ ਭਾਈਚਾਰਿਆਂ ਵਿਚਾਲੇ ਨਸਲੀ ਹਿੰਸਾ ‘ਚ 100 ਤੋਂ ਵੱਧ ਲੋਕਾਂ ਦੀ ਮੌਤ ਹੋ ਚੁੱਕੀ ਹੈ। ਮਨੀਪੁਰ ਵਿਚ ਅਨੁਸੂਚਿਤ ਜਨਜਾਤੀ (ਐੱਸ.ਟੀ.) ਦਾ ਦਰਜਾ ਦੇਣ ਦੀ ਮੇਇਤੀ ਭਾਈਚਾਰੇ ਦੀ ਮੰਗ ਦੇ ਵਿਰੋਧ ਵਿਚ 3 ਮਈ ਨੂੰ ਪਹਾੜੀ ਜ਼ਿਲ੍ਹਿਆਂ ਵਿਚ ਇੱਕ ‘ਕਬਾਇਲੀ ਏਕਤਾ ਮਾਰਚ’ ਦਾ ਆਯੋਜਨ ਕਰਨ ਤੋਂ ਬਾਅਦ ਝੜਪਾਂ ਸ਼ੁਰੂ ਹੋਈਆਂ ਸੀ। ਮੇਇਤੀ ਭਾਈਚਾਰਾ, ਜੋ ਕਿ ਰਾਜ ਦੀ ਆਬਾਦੀ ਦਾ 53 ਪ੍ਰਤੀਸ਼ਤ ਬਣਦਾ ਹੈ, ਮੁੱਖ ਤੌਰ ‘ਤੇ ਇੰਫਾਲ ਘਾਟੀ ਵਿਚ ਰਹਿੰਦਾ ਹੈ। ਇਸ ਦੇ ਨਾਲ ਹੀ, ਨਾਗਾ ਅਤੇ ਕੂਕੀ ਵਰਗੇ ਆਦਿਵਾਸੀ ਭਾਈਚਾਰਿਆਂ ਦੀ ਆਬਾਦੀ ਦਾ 40 ਪ੍ਰਤੀਸ਼ਤ ਹਿੱਸਾ ਹੈ ਅਤੇ ਮੁੱਖ ਤੌਰ ‘ਤੇ ਪਹਾੜੀ ਜ਼ਿਲ੍ਹਿਆਂ ਵਿਚ ਰਹਿੰਦੇ ਹਨ।