ਪਾਕਿਸਤਾਨ ’ਚ ਗੁਰਦੁਆਰਾ ਸਾਹਿਬ ਵਿਖੇ ਹੋਈ ਬੇਅਦਬੀ

ਪਾਕਿਸਤਾਨ -ਬੀਤੇ ਕੁਝ ਦਿਨ ਪਹਿਲਾਂ ਪੇਸ਼ਾਵਰ ’ਚ 2 ਸਿੱਖਾਂ ਦੇ ਕਤਲਾਂ ਤੋਂ ਬਾਅਦ ਹੁਣ ਸਿੰਧ ’ਚ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਚਰਨ ਛੋਹ ਪ੍ਰਾਪਤ ਗੁਰਦੁਆਰਾ ਤੱਖਰ ਸਾਹਿਬ ’ਚ ਬੇਅਦਬੀ ਹੋਣ ਦੀ ਖ਼ਬਰ ਸਾਹਮਣੇ ਆਈ ਹੈ। ਜਾਣਕਾਰੀ ਅਨੁਸਾਰ ਗੁਰਦੁਆਰਾ ਤੱਖਰ ਸਾਹਿਬ ਵਿਖੇ ਕੀਰਤਨ ਹੋ ਰਿਹਾ ਸੀ ਤਾਂ ਕੁਝ ਲੋਕਾਂ ਨੇ ਆ ਕੇ ਗਾਲੀ-ਗਲੋਚ ਕਰਨਾ ਸ਼ੁਰੂ ਕਰ ਦਿੱਤਾ ਤੇ ਕੀਰਤਨ ਰੁਕਵਾ ਕੇ ਬੇਅਦਬੀ ਕੀਤੀ। ਇਸ ਦੌਰਾਨ ਪੁਲਸ ਵੱਲੋਂ ਗੁਰਦੁਆਰਾ ਸਾਹਿਬ ’ਚ ਬੇਅਦਬੀ ਕਰਨ ਵਾਲੇ ਲੋਕਾਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਤੇ ਬਾਅਦ ’ਚ ਬਿਨਾਂ ਕੋਈ ਕਾਰਵਾਈ ਕੀਤੇ ਛੱਡ ਦਿੱਤਾ ਗਿਆ। ਇਸ ਦਾ ਪਤਾ ਜਦੋਂ ਸੰਗਤ ਨੂੰ ਲੱਗਾ ਤਾਂ ਸੰਗਤ ਪੁਲਸ ਸਟੇਸ਼ਨ ਪਹੁੰਚ ਗਈ।

ਇਸ ਦੌਰਾਨ ਗੁਰਦੁਆਰਾ ਸਾਹਿਬ ਦੇ ਕੀਰਤਨੀਏ ਅਜੇ ਸਿੰਘ ਨੇ ਦੱਸਿਆ ਕਿ ਉਹ ਕੀਰਤਨ ਕਰ ਰਹੇ ਸਨ ਤਾਂ ਇਕਦਮ ਲਾਊਡ ਸਪੀਕਰ ਦੀ ਆਵਾਜ਼ ਘੱਟ ਹੋ ਗਈ ਤੇ ਹਫੜਾ-ਦਫੜੀ ਮਚ ਗਈ ਤੇ ਕੁਝ ਲੋਕਾਂ ਨੇ ਕਿਹਾ ਕਿ ਕੀਰਤਨ ਬੰਦ ਕਰ ਦਿਓ। ਉਨ੍ਹਾਂ ਕਿਹਾ ਕਿ ਇਹ ਜ਼ਬਰਦਸਤੀ ਸਾਡਾ ਕੀਰਤਨ ਬੰਦ ਕਰਵਾਉਣ ਦੀ ਕੋਸ਼ਿਸ਼ ਕਰ ਰਹੇ ਹਨ। ਇਹ ਗੁਰਦੁਆਰਾ ਸਾਹਿਬ 100 ਸਾਲ ਪੁਰਾਣਾ ਹੈ ਤੇ ਸਾਡੇ ਪੂਰਵਜ ਇਥੇ ਬੰਦਗੀ ਕਰਦੇ ਆ ਰਹੇ ਹਨ। ਇਸ ਦੌਰਾਨ ਕਦੇ ਵੀ ਕਿਸੇ ਨੂੰ ਕੋਈ ਤਕਲੀਫ਼ ਨਹੀਂ ਦਿੱਤੀ ਤੇ ਇਹ ਲੋਕ ਆ ਕੇ ਸਾਡੇ ’ਤੇ ਰੋਅਬ ਪਾ ਰਹੇ ਹਨ। ਉਨ੍ਹਾਂ ਕਿਹਾ ਕਿ ਇਹ ਕਿਹੋ ਜਿਹਾ ਪਾਕਿਸਤਾਨ ਹੈ।

ਕਾਇਦੇ ਆਜ਼ਮ ਨੇ ਕਿਹਾ ਸੀ ਕਿ ਇਹ ਮਾਇਨਾਰਟੀ ਦਾ ਸਮਰਥਨ ਕਰਨ ਵਾਲਾ ਪਾਕਿਸਤਾਨ ਹੈ, ਕੀ ਇਹ ਉਹੀ ਪਾਕਿਸਤਾਨ ਹੈ। ਉਨ੍ਹਾਂ ਕਿਹਾ ਕਿ ਜਿਨ੍ਹਾਂ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕੀਤੀ ਹੈ, ਉਨ੍ਹਾਂ ਨੂੰ ਗ੍ਰਿਫ਼ਤਾਰ ਕਰ ਕੇ ਛੱਡ ਦਿੱਤਾ ਗਿਆ। ਪੁਲਸ ਉਨ੍ਹਾਂ ’ਤੇ ਐੱਫ. ਆਈ. ਆਰ. ਦਰਜ ਨਹੀਂ ਕਰ ਰਹੀ। ਜ਼ਿਕਰਯੋਗ ਹੈ ਕਿ ਪਾਕਿਸਤਾਨ ’ਚ ਸਿੱਖਾਂ, ਹਿੰਦੂਆਂ ਅਤੇ ਹੋਰ ਘੱਟਗਿਣਤੀ ਧਰਮਾਂ ਦੇ ਲੋਕਾਂ ’ਤੇ ਲਗਾਤਾਰ ਜ਼ੁਲਮ ਹੋ ਰਹੇ ਹਨ। 

Add a Comment

Your email address will not be published. Required fields are marked *