ਪਤੀ ਦਾ ਕਤਲ ਕਰਨ ਪਿੱਛੋਂ ਕੈਂਸਰ ਨਾਲ ਮੌਤ ਹੋਣ ਦਾ ਕੀਤਾ ਡਰਾਮਾ

ਮਲੋਟ –ਮਲੋਟ ਵਿਖੇ ਇਕ ਔਰਤ ਨੇ ਪੁੱਤ ਨਾਲ ਮਿਲ ਕੇ ਪਤੀ ਦਾ ਕਤਲ ਕਰ ਦਿੱਤਾ ਅਤੇ ਕੈਂਸਰ ਨਾਲ ਮੌਤ ਹੋਣ ਦਾ ਡਰਾਮਾ ਕੀਤਾ ਪਰ ਇਸ ਮਾਮਲੇ ਵਿਚ ਔਰਤ ਦੇ ਦਿਓਰ ਦੀ ਸ਼ਿਕਾਇਤ ’ਤੇ ਢਾਈ ਮਹੀਨਿਆਂ ਬਾਅਦ ਪੋਸਟਮਾਰਟਮ ਦੀ ਰਿਪੋਰਟ ਨੇ ਮਾਂ ਤੇ ਪੁੱਤ ਦੀ ਕਰਤੂਤ ਦਾ ਪਰਦਾਫਾਸ਼ ਕਰ ਦਿੱਤਾ। ਇਸ ਸਬੰਧੀ ਥਾਣਾ ਸਿਟੀ ਮਲੋਟ ਦੇ ਮੁੱਖ ਅਫ਼ਸਰ ਐੱਸ. ਆਈ. ਨਵਪ੍ਰੀਤ ਸਿੰਘ ਨੇ ਦੱਸਿਆ ਕਿ 11 ਅਪ੍ਰੈਲ 2023 ਨੂੰ ਜਸਵੀਰ ਸਿੰਘ ਪੁੱਤਰ ਚੰਦ ਸਿੰਘ ਦੀ ਮੌਤ ਹੋ ਗਈ ਸੀ। ਉਸ ਦੀ ਪਤਨੀ ਪਰਮਜੀਤ ਕੌਰ ਨੇ ਰਿਸ਼ਤੇਦਾਰਾਂ ਨੂੰ ਦੱਸਿਆ ਕਿ ਜਸਵੀਰ ਸਿੰਘ ਦੀ ਮੌਤ ਕੈਂਸਰ ਦੀ ਬੀਮਾਰੀ ਕਾਰਨ ਹੋਈ ਹੈ। ਔਰਤ ਵੱਲੋਂ ਸਸਕਾਰ ਦੀ ਤਿਆਰੀ ਕੀਤੀ ਪਰ ਮ੍ਰਿਤਕ ਦੇ ਭਰਾ ਹਰਨੇਕ ਸਿੰਘ ਨੇ ਇਸ ਨੂੰ ਕੁਦਰਤੀ ਮੌਤ ਨਾ ਦੱਸ ਕੇ ਕਤਲ ਦਾ ਮਾਮਲਾ ਦੱਸਿਆ।

ਹਰਨੇਕ ਸਿੰਘ ਦਾ ਕਹਿਣਾ ਸੀ ਕਿ ਉਹ ਪਰਿਵਾਰ ਸਮੇਤ ਚੰਡੀਗੜ੍ਹ ਗਏ ਸਨ ਅਤੇ ਉਸ ਦੇ ਭਤੀਜੇ ਨੇ ਕੈਂਸਰ ਨਾਲ ਮੌਤ ਦੱਸ ਕੇ ਜਲਦੀ ਸਸਕਾਰ ਕਰਨ ਦੀ ਗੱਲ ਕੀਤੀ ਪਰ ਉਨ੍ਹਾਂ ਨੂੰ ਸ਼ੱਕ ਸੀ ਕਿ ਜਸਵੀਰ ਸਿੰਘ ਦਾ ਉਸ ਦੀ ਭਾਬੀ ਪਰਮਜੀਤ ਕੌਰ ਨੇ ਕਤਲ ਕੀਤਾ ਹੈ। ਉਨ੍ਹਾਂ ਦੱਸਿਆ ਕਿ ਉਸ ਦੀ ਭਾਬੀ ਘਰ ਅੰਦਰ ਔਰਤਾਂ ਨੂੰ ਸੱਦ ਕੇ ਗਲਤ ਧੰਦਾ ਕਰਵਾਉਂਦੀ ਹੈ। ਇਸ ਨੂੰ ਲੈ ਕੇ ਪਰਮਜੀਤ ਕੌਰ ਵਿਰੁੱਧ ਦੇਹ ਵਪਾਰ ਦਾ ਚਕਲਾ ਚਲਾਉਣ ਦੇ ਮਾਮਲੇ ਵੀ ਦਰਜ ਹਨ। ਪੁਲਸ ਵੱਲੋਂ ਮ੍ਰਿਤਕ ਜਸਵੀਰ ਸਿੰਘ ਦਾ ਪੋਸਟਮਾਰਟਮ ਕਰਵਾ ਕੇ ਜਾਂਚ ਸ਼ੁਰੂ ਕਰ ਦਿੱਤੀ। ਪੁਲਸ ਅਨੁਸਾਰ ਢਾਈ ਮਹੀਨੇ ਬਾਅਦ ਆਈ ਬਿਸਰੇ ਤੇ ਪੋਸਟਮਾਰਟਮ ਦੀ ਰਿਪੋਰਟ ’ਚ ਪਤਾ ਲੱਗਾ ਕਿ ਮ੍ਰਿਤਕ ਦੇ ਗਲ਼ੇ ਨੂੰ ਰੱਸੀ ਨਾਲ ਘੁੱਟ ਕੇ ਕਤਲ ਅਤੇ ਹੋਰ ਸੱਟਾਂ ਦੇ ਨਿਸ਼ਾਨ ਆਏ ਅਤੇ ਫਾਹਾ ਦੇ ਕੇ ਕਤਲ ਕੀਤਾ ਹੈ।

ਇਹ ਵੀ ਜ਼ਿਕਰਯੋਗ ਹੈ ਕਿ ਜਦੋਂ ਪੋਸਟਮਾਰਟਮ ਦੀ ਰਿਪੋਰਟ ਵਿਚ ਮ੍ਰਿਤਕ ਦੇ ਗਲੇ ’ਤੇ ਰੱਸੀ ਤੇ ਕੁੱਟਮਾਰ ਦੇ ਨਿਸ਼ਾਨ ਆਏ ਤਾਂ ਪਰਮਜੀਤ ਕੌਰ ਆਪਣੇ ਬਿਆਨਾਂ ਤੋਂ ਪਲਟ ਕੇ ਇਹ ਵੀ ਕਹਿਣ ਲੱਗੀ ਕਿ ਉਸ ਦੇ ਪਤੀ ਦੀ ਮੌਤ ਫਾਹਾ ਲੈ ਕੇ ਹੋਈ ਹੈ। ਹੁਣ ਪੁਲਸ ਵੱਲੋਂ ਮ੍ਰਿਤਕ ਦੇ ਭਰਾ ਹਰਨੇਮ ਸਿੰਘ ਪੁੱਤਰ ਚੰਦ ਸਿੰਘ ਦੇ ਬਿਆਨਾਂ ’ਤੇ ਮ੍ਰਿਤਕ ਦੀ ਪਤਨੀ ਪਰਮਜੀਤ ਕੌਰ ਅਤੇ ਉਸ ਦੇ ਪੁੱਤਰ ਜੀਵਨ ਸਿੰਘ ਵਿਰੁੱਧ ਐੱਫ਼. ਆਈ. ਆਰ. ਨੰਬਰ 91 ਮਿਤੀ 24/6/23ਅ/ਧ 302 ,34 ਆਈ ਪੀ ਸੀ ਤਹਿਤ ਮਾਮਲਾ ਦਰਜ ਕਰਕੇ ਅਗਲੀ ਜਾਂਚ ਸ਼ੁਰੂ ਕਰ ਦਿੱਤੀ ਹੈ। ਪੁਲਸ ਵੱਲੋਂ ਕੱਲ੍ਹ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰਕੇ ਅਦਾਲਤ ਵਿਚ ਪੇਸ਼ ਕਰਕੇ ਰਿਮਾਂਡ ਹਾਸਲ ਕੀਤਾ ਜਾ ਰਿਹਾ ਹੈ ਤਾਂ ਜੋ ਇਸ ਮਾਮਲੇ ’ਚ ਹੋਰ ਪੁੱਛਗਿੱਛ ਕੀਤੀ ਜਾ ਸਕੇ।

Add a Comment

Your email address will not be published. Required fields are marked *