ਫਗਵਾੜਾ ਦਾ ਸਿਵਲ ਹਸਪਤਾਲ ਮੁੜ ਬਣਿਆ ਜੰਗ ਦਾ ਮੈਦਾਨ

ਫਗਵਾੜਾ: ਫਗਵਾੜਾ ਦਾ ਸਰਕਾਰੀ ਸਿਵਲ ਹਸਪਤਾਲ ਐਤਵਾਰ ਇਕ ਵਾਰ ਫਿਰ ਜੰਗ ਦਾ ਮੈਦਾਨ ਬਣ ਗਿਆ। ਵਾਪਰੀ ਘਟਨਾ ਤੋਂ ਬਾਅਦ ਹਸਪਤਾਲ ’ਚ ਇਲਾਜ ਲਈ ਆਏ ਮਰੀਜ਼ਾਂ ਅਤੇ ਲੋਕਾਂ ’ਚ ਦਹਿਸ਼ਤ ਫੈਲ ਗਈ ਤੇ ਚਾਰੇ ਪਾਸੇ ਹਫੜਾ-ਦਫੜੀ ਦਾ ਮਾਹੌਲ ਬਣ ਗਿਆ। ਇਹ ਸਾਰਾ ਮਾਮਲਾ ਸੋਸ਼ਲ ਮੀਡੀਆ ’ਤੇ ਵਾਇਰਲ ਹੋ ਗਿਆ। ਘਟਨਾ ਦੀ ਪੁਸ਼ਟੀ ਕਰਦਿਆਂ ਸਿਵਲ ਹਸਪਤਾਲ ਫਗਵਾੜਾ ਦੇ ਐੱਸ. ਐੱਮ. ਓ. ਡਾ. ਲਹਿੰਬਰ ਰਾਮ ਨੇ ਦੱਸਿਆ ਕਿ ਇਕ ਧਿਰ ਦੇ ਲੋਕ ਕੁੱਟਮਾਰ ਦੇ ਮਾਮਲੇ ’ਚ ਇਲਾਜ ਲਈ ਹਸਪਤਾਲ ਆਏ ਹੋਏ ਸਨ, ਜਿਥੇ ਦੂਜੀ ਧਿਰ ਦੇ ਕੁਝ ਲੋਕ ਇਕ ਬਜ਼ੁਰਗ ਨੂੰ ਘੜੀਸ ਕੇ ਲੈ ਗਏ ਅਤੇ ਹਸਪਤਾਲ ਦੇ ਵਿਹੜੇ ‘ਚ ਉਸ ਨਾਲ ਕੁੱਟਮਾਰ ਕਰਨੀ ਸ਼ੁਰੂ ਕਰ ਦਿੱਤੀ।

ਉਨ੍ਹਾਂ ਮੰਨਿਆ ਕਿ ਸਿਵਲ ਹਸਪਤਾਲ ਦੇ ਅੰਦਰ ਦੋਵਾਂ ਧਿਰਾਂ ਵਿਚਕਾਰ ਅਜਿਹਾ ਝਗੜਾ ਅਤੇ ਲੜਾਈ ਅਨੈਤਿਕ ਤੇ ਪੂਰੀ ਤਰ੍ਹਾਂ ਗੈਰ-ਕਾਨੂੰਨੀ ਹੈ। ਡਾ. ਲਹਿੰਬਰ ਰਾਮ ਨੇ ਦੱਸਿਆ ਕਿ ਉਨ੍ਹਾਂ ਨੇ ਇਸ ਸਾਰੇ ਮਾਮਲੇ ਦੀ ਜਾਣਕਾਰੀ ਥਾਣਾ ਸਿਟੀ ਫਗਵਾੜਾ ਦੀ ਪੁਲਸ ਨੂੰ ਲਿਖਤੀ ਰੂਪ ’ਚ ਦੇ ਦਿੱਤੀ ਹੈ ਤਾਂ ਜੋ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾ ਸਕੇ।

ਦੱਸਯੋਗ ਹੈ ਕਿ ਇਹ ਕੋਈ ਪਹਿਲੀ ਵਾਰ ਨਹੀਂ ਹੈ, ਜਦੋਂ ਸਿਵਲ ਹਸਪਤਾਲ ਫਗਵਾੜਾ ਦਾ ਵਿਹੜਾ ਜੰਗ ਦਾ ਮੈਦਾਨ ਬਣਿਆ ਹੋਵੇ। ਇਸ ਤੋਂ ਪਹਿਲਾਂ ਵੀ ਇਸੇ ਹਸਪਤਾਲ ’ਚ ਤਾਇਨਾਤ ਸਰਕਾਰੀ ਡਾਕਟਰਾਂ ਨਾਲ ਲੋਕਾਂ ਵੱਲੋਂ ਹਮਲੇ ਕਰਕੇ ਇਨ੍ਹਾਂ ਦੀ ਕੁੱਟਮਾਰ ਕੀਤੀ ਗਈ ਹੈ ਅਤੇ ਕਈ ਮੌਕਿਆਂ ’ਤੇ ਕੁੱਟਮਾਰ ਦੇ ਮਾਮਲੇ ’ਚ ਸ਼ਾਮਲ ਧਿਰਾਂ ਇਕ ਦੂਜੇ ‘ਤੇ ਹਮਲੇ ਕਰ ਡਰ ਅਤੇ ਦਹਿਸ਼ਤ ਦਾ ਮਹੌਲ ਬਣਾਉਂਦੇ ਰਹੇ ਹਨ।
ਤ੍ਰਾਸਦੀ ਇਹ ਹੈ ਕਿ ਸ਼ਹਿਰ ਦੇ ਸਭ ਤੋਂ ਵੱਡੇ ਸਰਕਾਰੀ ਸਿਵਲ ਹਸਪਤਾਲ ’ਚ ਅਜਿਹੀਆਂ ਗੈਰ-ਕਾਨੂੰਨੀ ਵਾਰਦਾਤਾਂ ਹੋਣ ਤੋਂ ਬਾਅਦ ਵੀ ਜ਼ਿਲ੍ਹਾ ਪੁਲਸ ਅਤੇ ਪ੍ਰਸ਼ਾਸਨ ਵੱਲੋਂ ਕੋਈ ਵੱਡੀ ਪਹਿਲ ਨਹੀਂ ਕੀਤੀ ਜਾ ਰਹੀ ਤਾਂ ਜੋ ਇਨ੍ਹਾਂ ’ਤੇ ਸਖਤੀ ਨਾਲ ਰੋਕ ਲਾਈ ਜਾ ਸਕੇ।

ਦੁੱਖ ਦੀ ਗੱਲ ਇਹ ਹੈ ਕਿ ਸਿਵਲ ਹਸਪਤਾਲ ਵਿੱਚ ਵੱਡੀ ਗਿਣਤੀ ‘ਚ ਆਉਣ ਵਾਲੇ ਮਰੀਜ਼ਾਂ ਅਤੇ ਬੀਮਾਰ ਲੋਕਾਂ ਨੂੰ ਅਜਿਹੀਆਂ ਘਟਨਾਵਾਂ ਵਾਪਰਨ ਤੋਂ ਬਾਅਦ ਭਾਰੀ ਪ੍ਰੇਸ਼ਾਨੀ ਅਤੇ ਘਬਰਾਹਟ ਤੇ ਡਰ ਦੇ ਦੌਰ ‘ਚੋਂ ਲੰਘਣਾ ਪੈਂਦਾ ਹੈ। ਇਹ ਉਨ੍ਹਾਂ ਲਈ ਮਾਨਸਿਕ ਪ੍ਰੇਸ਼ਾਨੀ ਦਾ ਸਾਹਮਣਾ ਕਰਨ ਵਰਗਾ ਹੈ ਅਤੇ ਕਈ ਵਾਰ ਗੰਭੀਰ ਬੀਮਾਰੀਆਂ ਤੋਂ ਪੀੜਤ ਮਰੀਜ਼ਾਂ ਨੂੰ ਆਪਣੀ ਜਾਨ ਬਚਾਉਣ ਅਤੇ ਲੁਕਣ ਲਈ ਹਸਪਤਾਲ ਵਿੱਚ ਜਗ੍ਹਾ ਲੱਭਣੀ ਪੈਂਦੀ ਹੈ।

ਗੰਭੀਰ ਪਹਿਲੂ ਇਹ ਹੈ ਕਿ ਇਸ ਸਭ ਦੇ ਬਾਵਜੂਦ ਹਰ ਘਟਨਾ ਵਾਪਰਨ ਤੋਂ ਬਾਅਦ ਅਜਿਹੀ ਘਟਨਾ ਨੂੰ ਰੋਕਣ ਦੇ ਹਜ਼ਾਰਾਂ ਦਾਅਵੇ ਕੀਤੇ ਜਾਂਦੇ ਹਨ ਪਰ ਅਸਲ ‘ਚ ਸਖ਼ਤ ਕਾਨੂੰਨੀ ਕਾਰਵਾਈ ਹੁੰਦੀ ਕਿਤੇ ਵੀ ਨਜ਼ਰ ਨਹੀਂ ਆਉਂਦੀ ਤੇ ਹੋ ਸਕਦਾ ਹੈ ਕਿ ਇਸ ਵਾਰ ਵੀ ਅਜਿਹਾ ਹੀ ਹੋਵੇ। ਅਜਿਹੀਆਂ ਘਟਨਾਵਾਂ ਨੂੰ ਰੋਕਣ ਲਈ ਫਗਵਾੜਾ ਪੁਲਸ ਦੇ ਅਧਿਕਾਰੀ ਸਿਵਲ ਹਸਪਤਾਲ ਦੇ ਵਿਹੜੇ ’ਚ ਤਾਇਨਾਤ ਰਹਿੰਦੇ ਹਨ ਪਰ ਇਹ ਅਧਿਕਾਰੀ ਕਿੰਨੀ ਫੁਰਤੀ ਨਾਲ ਆਪਣੀ ਡਿਊਟੀ ਕਰ ਰਹੇ ਹਨ, ਇਸ ਦਾ ਸੱਚ ਅੱਜ ਕਿਸੇ ਤੋਂ ਲੁਕਿਆ ਹੋਇਆ ਨਹੀਂ ਹੈ।

Add a Comment

Your email address will not be published. Required fields are marked *