ਦੇਸ਼ ਦੇ ਕਈ ਇਲਾਕਿਆਂ ‘ਚ ਭਾਰੀ ਮੀਂਹ ਨੇ ਮਚਾਈ ਤਬਾਹੀ

ਦਿੱਲੀ ਅਤੇ ਮੁੰਬਈ ਸਮੇਤ ਉੱਤਰੀ ਭਾਰਤ ਦੇ ਕਈ ਰਾਜਾਂ ‘ਚ ਭਾਰੀ ਮੀਂਹ ਪੈ ਰਿਹਾ ਹੈ। ਹਰਿਆਣਾ ਦੇ ਪੰਚਕੂਲਾ ਵਿੱਚ ਇਕ ਕਾਰ ਨਦੀ ‘ਚ ਵਹਿ ਗਈ। ਇਸ ਦੇ ਨਾਲ ਹੀ ਮੁੰਬਈ ਦੇ ਵਿਲੇ ਪਾਰਲੇ ‘ਚ ਇਮਾਰਤ ਦਾ ਹਿੱਸਾ ਡਿੱਗਣ ਕਾਰਨ 2 ਦੀ ਮੌਤ ਹੋ ਗਈ। ਹਿਮਾਚਲ ਪ੍ਰਦੇਸ਼ ਦੇ ਮੰਡੀ ਵਿੱਚ ਬੱਦਲ ਫਟ ਗਿਆ।

ਮਾਨਸੂਨ ਨੇ ਭਾਵੇਂ ਦਿੱਲੀ ਵਿੱਚ ਦਸਤਕ ਨਹੀਂ ਦਿੱਤੀ ਪਰ ਮਾਨਸੂਨ ਤੋਂ ਪਹਿਲਾਂ ਦੇ ਮੀਂਹ ਨੇ ਰਾਜਧਾਨੀ ਨੂੰ ਪੂਰੀ ਤਰ੍ਹਾਂ ਪ੍ਰਭਾਵਿਤ ਕਰ ਦਿੱਤਾ ਹੈ। ਹਾਲਾਂਕਿ, ਮੀਂਹ ਕਾਰਨ ਜਨਜੀਵਨ ਵੀ ਬੁਰੀ ਤਰ੍ਹਾਂ ਪ੍ਰਭਾਵਿਤ ਹੋਇਆ। ਪ੍ਰੀ-ਮੌਨਸੂਨ ਮੀਂਹ ਕਾਰਨ ਦਿੱਲੀ-ਐੱਨਸੀਆਰ ਦਾ ਮੌਸਮ ਸੁਹਾਵਣਾ ਹੋ ਗਿਆ। ਭਾਰਤੀ ਮੌਸਮ ਵਿਭਾਗ ਨੇ ਦਿੱਲੀ ‘ਚ ਓਰੇਂਜ ਅਲਰਟ ਐਲਾਨਿਆ ਹੈ। ਮੌਸਮ ਵਿਭਾਗ ਨੇ ਕਿਹਾ ਹੈ ਕਿ ਤੇਜ਼ ਹਨੇਰੀ ਦੇ ਨਾਲ ਮੀਂਹ ਪੈ ਸਕਦਾ ਹੈ।

ਮਾਨਸੂਨ ਮੁੰਬਈ ਅਤੇ ਪੂਰਬੀ ਮਹਾਰਾਸ਼ਟਰ ਵਿੱਚ ਦਾਖਲ ਹੋ ਗਿਆ ਹੈ। ਪਿਛਲੇ 24 ਘੰਟਿਆਂ ‘ਚ ਮਹਾਰਾਸ਼ਟਰ ਦੇ ਕਈ ਇਲਾਕਿਆਂ ਵਿੱਚ ਮੀਂਹ ਨੇ ਤਬਾਹੀ ਮਚਾਈ ਹੋਈ ਹੈ। ਮੁੰਬਈ ਦੀ ਰਫ਼ਤਾਰ ਰੁਕ ਗਈ ਅਤੇ ਕਈ ਥਾਵਾਂ ‘ਤੇ ਜਾਮ ਲੱਗ ਗਿਆ।  ਮੁੰਬਈ ‘ਚ ਮੀਂਹ ਕਾਰਨ ਕਈ ਇਲਾਕਿਆਂ ‘ਚ ਪਾਣੀ ਭਰ ਗਿਆ ਤੇ ਅੰਧੇਰੀ ਸਬਵੇਅ ‘ਚ ਕਈ ਲਗਜ਼ਰੀ ਗੱਡੀਆਂ ਡੁੱਬ ਗਈਆਂ। ਮੌਸਮ ਵਿਭਾਗ ਨੇ ਦੱਸਿਆ ਹੈ ਕਿ ਅਗਲੇ 5 ਦਿਨਾਂ ਤੱਕ ਮਹਾਰਾਸ਼ਟਰ ‘ਚ ਮੀਂਹ ਪਵੇਗਾ।

ਹਿਮਾਚਲ ਪ੍ਰਦੇਸ਼ ਦੇ ਕੁੱਲੂ ‘ਚ ਭਾਰੀ ਮੀਂਹ ਕਾਰਨ ਲੋਕਾਂ ਦਾ ਕਾਫੀ ਨੁਕਸਾਨ ਹੋਇਆ ਹੈ। ਬੱਦਲ ਫਟਣ ਕਾਰਨ ਆਏ ਹੜ੍ਹ ਕਾਰਨ ਪਾਰਕਿੰਗ ਵਿੱਚ ਖੜ੍ਹੇ 8 ਵਾਹਨ ਵਹਿ ਗਏ, ਜਿਨ੍ਹਾਂ ਵਿੱਚ 5 ਕਾਰਾਂ ਤੇ 3 ਟਰੈਕਟਰ ਸ਼ਾਮਲ ਹਨ। ਅਚਾਨਕ ਵੱਡੀ ਮਾਤਰਾ ਵਿੱਚ ਮਲਬਾ ਅਤੇ ਪਾਣੀ ਆਉਣ ਕਾਰਨ ਵਾਹਨ ਵਹਿ ਗਏ। ਖੁਸ਼ਕਿਸਮਤੀ ਨਾਲ ਇਸ ਹੜ੍ਹ ਕਾਰਨ ਕੋਈ ਜਾਨੀ ਨੁਕਸਾਨ ਨਹੀਂ ਹੋਇਆ।

Add a Comment

Your email address will not be published. Required fields are marked *