ਉਜ਼ਬੇਕਿਸਤਾਨ ਸਰਕਾਰ -ਭਾਰਤ ‘ਚ ਬਣੀ ਖੰਘ ਦੀ ਦਵਾਈ ਪੀਣ ਨਾਲ 18 ਬੱਚਿਆਂ ਦੀ ਹੋਈ ਮੌਤ

ਨਵੀਂ ਦਿੱਲੀ- ਉਜ਼ਬੇਕਿਸਤਾਨ ਸਰਕਾਰ ਨੇ ਦੋਸ਼ ਲਾਇਆ ਹੈ ਕਿ ਇੱਕ ਭਾਰਤੀ ਫਾਰਮਾਸਿਊਟੀਕਲ ਫਰਮ ਮੈਰੀਅਨ ਬਾਇਓਟੈਕ ਵੱਲੋਂ ਤਿਆਰ ਖੰਘ ਦੇ ਸਿਰਪ ਦੇ ਸੇਵਨ ਕਾਰਨ ਮੱਧ ਏਸ਼ੀਆਈ ਦੇਸ਼ ਵਿੱਚ 18 ਬੱਚਿਆਂ ਦੀ ਮੌਤ ਹੋ ਗਈ ਹੈ। ਉਜ਼ਬੇਕਿਸਤਾਨ ਦੇ ਸਿਹਤ ਮੰਤਰਾਲਾ ਨੇ ਇੱਕ ਬਿਆਨ ਵਿੱਚ ਕਿਹਾ, “ਹੁਣ ਤੱਕ, ਭਾਰਤੀ ਕੰਪਨੀ ਮੈਰੀਅਨ ਬਾਇਓਟੈਕ ਪ੍ਰਾਈਵੇਟ ਲਿਮਟਿਡ ਵੱਲੋਂ ਨਿਰਮਿਤ ਡੌਕ-1 ਮੈਕਸ ਸੀਰਪ ਲੈਣ ਦੇ ਨਤੀਜੇ ਵਜੋਂ ਗੰਭੀਰ ਸਾਹ ਦੀ ਬਿਮਾਰੀ ਵਾਲੇ 21 ਵਿੱਚੋਂ 18 ਬੱਚਿਆਂ ਦੀ ਮੌਤ ਹੋ ਗਈ ਹੈ।” ਮੰਤਰਾਲਾ ਨੇ ਅੱਗੇ ਕਿਹਾ ਕਿ ਇਹ ਪਾਇਆ ਗਿਆ ਹੈ, ਜਿਨ੍ਹਾਂ ਬੱਚਿਆਂ ਦੀ ਮੌਤ ਹੋਈ ਹੈ, ਉਨ੍ਹਾਂ ਨੂੰ ਹਸਪਤਾਲ ਵਿਚ ਇਲਾਜ ਲਈ ਦਾਖ਼ਲ ਕਰਾਉਣ ਤੋਂ ਪਹਿਲਾਂ ਘਰ ਵਿੱਚ ਇਹ ਦਵਾਈ 2-7 ਦਿਨਾਂ ਤੱਖ 3-4 ਵਾਰ ਦਿੱਤੀ ਗਈ ਸੀ। 

ਉਜ਼ਬੇਕ ਮੰਤਰਾਲਾ ਨੇ ਆਪਣੇ ਬਿਆਨ ਵਿਚ ਇਹ ਵੀ ਕਿਹਾ ਹੈ ਕਿ ਕਿਉਂਕਿ ਦਵਾਈ ਦਾ ਮੇਨ ਕੰਪੋਨੈਂਟ ਪੈਰਾਸਿਟਾਮੋਲ ਹੈ, ਜਿਸ ਨੂੰ ਬੱਚਿਆਂ ਦੇ ਮਾਪਿਆਂ ਨੇ ਗ਼ਲਤ ਤਰੀਕੇ ਨਾਲ ਆਪਣੇ ਦਮ ‘ਤੇ ਜਾਂ ਫਿਰ ਫਾਰਮੇਸੀ ਵਿਕਰੇਤਾਵਾਂ ਦੀਆਂ ਸਿਫਾਰਸ਼ਾਂ ‘ਤੇ ਐਂਟੀ ਕੋਲਡ ਦੇ ਰੂਪ ਵਿਚ ਇਸਤੇਮਾਲ ਕੀਤਾ। ਹਾਲਾਤ ਵਿਗੜਨ ਦੀ ਸਭ ਤੋਂ ਮੁੱਖ ਵਜ੍ਹਾ ਇਹੀ ਹੈ। ਸਿਹਤ ਮੰਤਰਾਲਾ ਨੇ ਦਾਅਵਾ ਕੀਤਾ ਕਿ ਸ਼ੁਰੂਆਤੀ ਪ੍ਰਯੋਗਸ਼ਾਲਾ ਦੇ ਅਧਿਐਨਾਂ ਤੋਂ ਪਤਾ ਲੱਗਦਾ ਹੈ ਕਿ ਇਸ ਵਿਚ ਐਥੀਲੀਨ ਗਲਾਈਕੋਲ ਹੁੰਦਾ ਹੈ, ਜੋ ਕਿ ਜ਼ਹਿਰੀਲਾ ਪਦਾਰਥ ਹੁੰਦਾ ਹੈ। ਇਹ ਸਿਹਤ ਵਿੱਚ ਗੰਭੀਰ ਤਬਦੀਲੀਆਂ ਲਿਆ ਸਕਦਾ ਹੈ, ਜਿਵੇਂ ਕਿ ਉਲਟੀਆਂ , ਬੇਹੋਸ਼ੀ, ਮਰੋੜ, ਦਿਲ ਸਬੰਧੀ ਸਮੱਸਿਆਵਾਂ ਅਤੇ ਕਿਡਨੀ ਫੇਲ ਹੋਣ ਵਰਗੀਆਂ ਸਮੱਸਿਆਵਾਂ ਪੈਦਾ ਹੋ ਸਕਦੀਆਂ ਹਨ।

ਦੱਸ ਦੇਈਏ ਕਿ ਗਾਂਬੀਆ ਵਿਚ ਇਸ ਸਾਲ ਅਕਤੂਬਰ ਵਿਚ ਖੰਘ ਦੇ ਸਿਰਪ ਦੇ ਸੇਵਨ ਕਾਰਨ 66 ਬੱਚਿਆਂ ਦੀ ਮੌਤ ਹੋ ਗਈ ਸੀ। ਬੱਚਿਆਂ ਦੀ ਮੌਤ ਤੋਂ ਬਾਅਦ ਗਾਂਬੀਆ ਦੀ ਸਰਕਾਰ ਨੇ ਘਟਨਾ ਲਈ ਭਾਰਤ ਵਿਚ ਬਣੇ ਠੰਡ-ਖੰਘ ਦੇ 4 ਸਿਰਪਾਂ ਨੂੰ ਜ਼ਿੰਮੇਦਾਰ ਦੱਸਿਆ ਸੀ। ਵਿਸ਼ਵ ਸਿਹਤ ਸੰਗਠਨ ਨੇ ਵੀ ਇਕ ਚੇਤਾਵਨੀ ਜਾਰੀ ਕਰਦੇ ਹੋਏ ਕਿਹਾ ਸੀ ਕਿ ਇਸ ਗੱਲ ਦੀ ਸੰਭਾਵਨਾ ਜ਼ਿਆਦਾ ਹੈ ਕਿ ਗਾਂਬੀਆਂ ਵਿਚ 66 ਬੱਚਿਆਂ ਮੌਤ ਭਾਰਤ ਵਿਚ ਬਣੇ ਠੰਡ-ਖੰਘ ਦੇ 4 ਸਿਰਪ ਪੀਣ ਕਾਰਨ ਹੋਈ ਹੈ। ਇਸ ਚੇਤਾਵਨੀ ਦੇ ਬਾਅਦ ਕੇਂਦਰ ਸਰਕਾਰ ਨੇ ਹਰਿਆਣਾ ਸਥਿਤ ਫਾਰਮਾਸਿਊਟੀਕਲ ਕੰਪਨੀ ਵੱਲੋਂ ਬਣਾਏ ਗਏ 4 ਖੰਘ ਦੇ ਸਿਰਪਾਂ ਦੀ ਜਾਂਚ ਸ਼ੁਰੂ ਕਰ ਦਿੱਤੀ ਸੀ। ਪਰ ਇਹ ਪਹਿਲੀ ਵਾਰ ਨਹੀਂ ਸੀ ਜਦੋਂ ਭਾਰਤ ਵਿੱਚ ਬਣੇ ਖੰਘ ਦੇ ਸਿਰਪ ਵਿੱਚ ਈਜੀ ਅਤੇ ਡੀਈਜੀ ਪਾਏ ਗਏ ਹੋਣ, ਕਿਉਂਕਿ ਇਸ ਤੋਂ ਅਜਿਹੇ ਕਈ ਮਾਮਲੇ ਸਾਹਮਣੇ ਆਏ ਹਨ, ਜਿਨ੍ਹਾਂ ਦੇ ਘਾਤਕ ਸਿੱਟੇ ਸਾਹਮਣੇ ਆਏ ਹਨ।

Add a Comment

Your email address will not be published. Required fields are marked *