ਜਲੰਧਰ ਬੱਸ ਅੱਡਾ ਹੋਇਆ ਬੰਦ, ਖੱਜਲ-ਖੁਆਰ ਹੁੰਦੇ ਰਹੇ ਲੋਕ

ਜਲੰਧਰ – ਸ਼ੁੱਕਰਵਾਰ ਨੂੰ ਸਰਕਾਰੀ ਬੱਸ ਦੇ ਡਰਾਈਵਰ ਅਤੇ ਕੰਡਕਟਰ ਨਾਲ ਔਰਤ ਯਾਤਰੀ ਵੱਲੋਂ ਗਲਤ ਸਲੂਕ ਕਰਨ ਕਰ ਕੇ ਪਨਬੱਸ-ਪੀ. ਆਰ. ਟੀ. ਸੀ. ਯੂਨੀਅਨ ਵੱਲੋਂ ਬੱਸ ਅੱਡਾ ਬੰਦ ਕਰ ਕੇ ਰੋਸ ਪ੍ਰਗਟਾਇਆ ਗਿਆ। ਇਕ ਘੰਟੇ ਤੋਂ ਵੱਧ ਸਮਾਂ ਚੱਲੇ ਇਸ ਘਟਨਾਕ੍ਰਮ ਤਹਿਤ ਯਾਤਰੀਆਂ ਨੂੰ ਭਾਰੀ ਪ੍ਰੇਸ਼ਾਨੀ ਉਠਾਉਣੀ ਪਈ। ਪੁਲਸ ਨੇ ਦਖਲ ਦੇ ਕੇ ਮਾਮਲਾ ਸੁਲਝਾਉਣ ਦੀ ਕੋਸ਼ਿਸ਼ ਕੀਤੀ ਪਰ ਯੂਨੀਅਨ ਔਰਤ ’ਤੇ ਪਰਚਾ ਦਰਜ ਕਰਵਾਉਣ ਦੀ ਮੰਗ ’ਤੇ ਜ਼ੋਰ ਪਾਉਂਦੀ ਰਹੀ, ਜਿਸ ਕਾਰਨ ਮਾਮਲਾ ਗੰਭੀਰ ਰੂਪ ਧਾਰਨ ਕਰ ਗਿਆ। ਔਰਤ ਦੇ ਪੱਖ ਵਿਚ ਆਏ ਸਾਬਕਾ ਕੌਂਸਲਰ ਵੱਲੋਂ ਦੋਵਾਂ ਧਿਰਾਂ ਵਿਚ ਸਹਿਮਤੀ ਬਣਾਉਣ ਦੀ ਕੋਸ਼ਿਸ਼ ਕੀਤੀ ਗਈ ਪਰ ਔਰਤ ਚਾਲਕ ਦਲ ’ਤੇ ਦੋਸ਼ ਲਾਉਂਦੀ ਰਹੀ।

ਬੱਸ ਅੱਡਾ ਬੰਦ ਹੋਣ ਕਾਰਨ ਬੱਸਾਂ ਨੇ ਯਾਤਰੀਆਂ ਨੂੰ ਫਲਾਈਓਵਰ ਦੇ ਉੱਪਰ ਉਤਾਰਨਾ ਸ਼ੁਰੂ ਕਰ ਦਿੱਤਾ। ਭਿਆਨਕ ਗਰਮੀ ਵਿਚਕਾਰ ਭਾਰੀ ਸਾਮਾਨ ਨਾਲ ਸਫਰ ਕਰਨ ਵਾਲੇ ਯਾਤਰੀਆਂ ਨੂੰ ਬੱਸ ਅੱਡੇ ਤਕ ਪਹੁੰਚਣ ਵਿਚ ਦਿੱਕਤਾਂ ਅਤੇ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪਿਆ। ਵਿਸ਼ੇਸ਼ ਤੌਰ ’ਤੇ ਬੱਚਿਆਂ ਨਾਲ ਸਫਰ ਕਰ ਰਹੇ ਯਾਤਰੀ ਜ਼ਿਆਦਾ ਪ੍ਰੇਸ਼ਾਨ ਨਜ਼ਰ ਆਏ।

ਹੰਗਾਮਾ ਸ਼ਾਮ 4.30 ਵਜੇ ਤੋਂ ਬਾਅਦ ਜੰਮੂ ਜਾਣ ਵਾਲੀ ਬੱਸ ਤੋਂ ਸ਼ੁਰੂ ਹੋਇਆ। ਸਰਬਜੀਤ ਨਾਂ ਦੀ ਔਰਤ ਪਠਾਨਕੋਟ ਜਾਣ ਲਈ ਬੱਸ ਅੱਡੇ ਦੇ ਕਾਊਂਟਰ ’ਤੇ ਲੱਗੀ ਪੀ. ਆਰ. ਟੀ. ਸੀ. ਦੀ ਬੱਸ ਵਿੱਚ ਸਵਾਰ ਹੋਈ। ਇਸ ਦੌਰਾਨ ਚਾਲਕ ਦਲ ਅਤੇ ਔਰਤ ਵਿਚਕਾਰ ਕੁਝ ਕਿਹਾ-ਸੁਣੀ ਹੋਈ ਅਤੇ ਮਾਮਲਾ ਵਿਗੜ ਗਿਆ। ਔਰਤ ਯਾਤਰੀ ਨੇ ਬੱਸ ਸਟਾਫ ’ਤੇ ਗੰਭੀਰ ਦੋਸ਼ ਲਾਉਂਦੇ ਹੋਏ ਹੰਗਾਮਾ ਸ਼ੁਰੂ ਕਰ ਦਿੱਤਾ। ਇਸ ਦੇ ਵਿਰੋਧ ਵਿੱਚ ਬੱਸ ਦੇ ਡਰਾਈਵਰ ਸਤਵਿੰਦਰ ਕੁਮਾਰ ਨੇ ਯੂਨੀਅਨ ਨੂੰ ਸੂਚਿਤ ਕੀਤਾ। ਯੂਨੀਅਨ ਆਗੂਆਂ ਵੱਲੋਂ ਮਾਮਲਾ ਸੁਲਝਾਉਣ ਦੀ ਕੋਸ਼ਿਸ਼ ਕੀਤੀ ਗਈ ਪਰ ਔਰਤ ਬੱਸ ਦੇ ਸਟਾਫ ’ਤੇ ਦੋਸ਼ ਲਾਉਂਦੀ ਰਹੀ। ਇਸਦੇ ਵਿਰੋਧ ਵਿਚ ਯੂਨੀਅਨ ਨੇ ਬੱਸ ਅੱਡੇ ਦੇ ਆਉਣ-ਜਾਣ ਵਾਲੇ ਰਾਹ ਬੰਦ ਕਰ ਕੇ ਬੱਸਾਂ ਦੀ ਆਵਾਜਾਈ ਰੁਕਵਾ ਦਿੱਤੀ।

ਮਾਮਲਾ ਬੱਸ ਅੱਡਾ ਪੁਲਸ ਚੌਕੀ ਵਿਚ ਪੁੱਜਾ ਤਾਂ ਯੂਨੀਅਨ ਔਰਤ ’ਤੇ ਗਲਤ ਸਲੂਕ ਕਰਨ ਦਾ ਪਰਚਾ ਦਰਜ ਕਰਵਾਉਣ ’ਤੇ ਜ਼ੋਰ ਪਾਉਂਦੀ ਰਹੀ। ਇਸ ਦੌਰਾਨ ਜਲੰਧਰ ਡਿਪੂ ਦੇ ਜੀ. ਐੱਮ. ਮਨਿੰਦਰਪਾਲ ਸਿੰਘ, ਰਾਮਾ ਮੰਡੀ ਇਲਾਕੇ ਦੇ ਸਾਬਕਾ ਕੌਂਸਲਰ ਬਲਬੀਰ ਸਿੰਘ ਬਿੱਟੂ, ਚੌਕੀ ਇੰਚਾਰਜ, ਯੂਨੀਅਨ ਆਗੂ ਅਤੇ ਔਰਤ ਦੇ ਪੱਖ ਵਿਚ ਆਏ ਲੋਕਾਂ ਨੇ ਦੋਵਾਂ ਧਿਰਾਂ ਨੂੰ ਸਮਝਾਇਆ। ਲਗਭਗ ਇਕ ਘੰਟੇ ਤਕ ਚੱਲੇ ਇਸ ਘਟਨਾਕ੍ਰਮ ਤੋਂ ਬਾਅਦ ਔਰਤ ਯਾਤਰੀ ਨੇ ਆਪਣੀ ਗਲਤੀ ਮੰਨ ਲਈ ਅਤੇ ਮੁਆਫੀ ਮੰਗ ਕੇ ਜਾਨ ਛੁਡਾਈ। ਇਸ ਤੋਂ ਬਾਅਦ ਯੂਨੀਅਨ ਨੇ ਬੱਸਾਂ ਦੀ ਆਵਾਜਾਈ ਸ਼ੁਰੂ ਕਰਵਾ ਦਿੱਤੀ।

PunjabKesari

ਲਗਭਗ ਇਕ ਘੰਟੇ ਤਕ ਬੱਸਾਂ ਦੀ ਆਵਾਜਾਈ ਰੁਕਣ ਕਾਰਨ ਸਰਕਾਰੀ ਬੱਸਾਂ ਦਾ ਸ਼ਡਿਊਲ ਪ੍ਰਭਾਵਿਤ ਹੋਇਆ, ਇਸ ਕਾਰਨ ਯਾਤਰੀ ਸਮੇਂ ’ਤੇ ਆਪਣੀ ਮੰਜ਼ਿਲ ਵਲ ਰਵਾਨਾ ਨਹੀਂ ਹੋ ਸਕੇ। ਐਂਟਰੀ ਗੇਟ ਬੰਦ ਹੋਣ ਕਾਰਨ ਬਾਹਰੋਂ ਆਉਣ ਵਾਲੀਆਂ ਬੱਸਾਂ ਫਲਾਈਓਵਰ ਦੇ ਹੇਠੋਂ ਯਾਤਰੀ ਲੈ ਕੇ ਅੱਗੇ ਰਵਾਨਾ ਹੁੰਦੀਆਂ ਰਹੀਆਂ। ਹੰਗਾਮਾ ਹੋਣ ਤੋਂ ਪਹਿਲਾਂ ਟਿਕਟਾਂ ਖਰੀਦ ਚੁੱਕੇ ਯਾਤਰੀਆਂ ਨੂੰ ਬੱਸਾਂ ਦੇ ਚੱਲਣ ਦੀ ਉਡੀਕ ਕਰਨੀ ਪਈ ਅਤੇ ਉਨ੍ਹਾਂ ਨੂੰ ਇਕ ਘੰਟੇ ਤੋਂ ਵੱਧ ਸਮਾਂ ਪ੍ਰੇਸ਼ਾਨੀ ਉਠਾਉਣੀ ਪਈ। ਇਸ ਕਾਰਨ ਬੱਸਾਂ ਅਗਲੇ ਸਟੇਸ਼ਨਾਂ ’ਤੇ ਸਮੇਂ ’ਤੇ ਨਹੀਂ ਪਹੁੰਚ ਸਕੀਆਂ।

Add a Comment

Your email address will not be published. Required fields are marked *