ਗੈਂਗਸਟਰ ਦੀਪਕ ਟੀਨੂ ਅਜਮੇਰ ਤੋਂ ਗ੍ਰਿਫ਼ਤਾਰ

ਮਾਨਸਾ, 19 ਅਕਤੂਬਰ

ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੀ ਹੱਤਿਆ ਦੇ ਕੇਸ ’ਚ ਨਾਮਜ਼ਦ ਗੈਂਗਸਟਰ ਦੀਪਕ ਟੀਨੂ ਨੂੰ ਅੱਜ ਰਾਜਸਥਾਨ ’ਚ ਅਜਮੇਰ ਦੇ ਕੇਕੜੀ ਤੋਂ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਟੀਨੂ ਮਾਨਸਾ ਸੀਆਈਏ ਦੇ ਬਰਖਾਸਤ ਇੰਚਾਰਜ ਪ੍ਰਿਤਪਾਲ ਸਿੰਘ ਦੀ ਗ੍ਰਿਫ਼ਤ ’ਚੋਂ ਫ਼ਰਾਰ ਹੋਇਆ ਸੀ। ਮਾਨਸਾ ਦੇ ਐੱਸਐੱਸਪੀ ਗੌਰਵ ਤੂਰਾ ਨੇ ਇਸ ਦੀ ਪੁਸ਼ਟੀ ਕਰਦਿਆਂ ਦੱਸਿਆ ਕਿ ਟੀਨੂ ਨੂੰ ਦਿੱਲੀ ਪੁਲੀਸ ਦੇ ਸਪੈਸ਼ਲ ਸੈੱਲ ਨੇ ਫੜਿਆ ਹੈ। ਵੈਸੇ ਪੰਜਾਬ ਪੁਲੀਸ ਦੀ ਐਂਟੀ ਗੈਂਗਸਟਰ ਟਾਸਕ ਫੋਰਸ (ਏਜੀਟੀਐੱਫ) ਦੀ ਟੀਮ ਵੀ ਅਜਮੇਰ ਵਿੱਚ ਉਸ ਦੀ ਭਾਲ ਕਰ ਰਹੀ ਸੀ ਪਰ ਉਹ ਦਿੱਲੀ ਪੁਲੀਸ ਦੇ ਅੜਿੱਕੇ ਚੜ੍ਹ ਗਿਆ ਹੈ। ਉਨ੍ਹਾਂ ਦੱਸਿਆ ਕਿ ਦਿੱਲੀ ਪੁਲੀਸ ਦਾ ਰਿਮਾਂਡ ਖਤਮ ਹੋਣ ਤੋਂ ਬਾਅਦ ਦੀਪਕ ਟੀਨੂ ਨੂੰ ਪ੍ਰੋਡਕਸ਼ਨ ਵਾਰੰਟ ’ਤੇ ਮਾਨਸਾ ਲਿਆਂਦਾ ਜਾਵੇਗਾ। ਦੀਪਕ ਟੀਨੂ ਦੀ ਗ੍ਰਿਫ਼ਤਾਰੀ ਤੋਂ ਬਾਅਦ ਮਾਨਸਾ ਪੁਲੀਸ ਨੂੰ ਸੁੱਖ ਦਾ ਸਾਹ ਆਇਆ ਹੈ। ਐੱਸਐੱਸਪੀ ਨੇ ਦੱਸਿਆ ਕਿ ਭਾਵੇਂ ਸੋਸ਼ਲ ਮੀਡੀਆ ਅਤੇ ਇਲੈਕਟ੍ਰਾਨਿਕ ਚੈਨਲਾਂ ਵੱਲੋਂ ਟੀਨੂ ਦੇ ਵਿਦੇਸ਼ ਭੱਜਣ ਦੀਆਂ ਖ਼ਬਰਾਂ ਨੂੰ ਪ੍ਰਮੁੱਖਤਾ ਨਾਲ ਨਸ਼ਰ ਕੀਤਾ ਜਾ ਰਿਹਾ ਸੀ, ਪਰ ਪੰਜਾਬ ਪੁਲੀਸ ਵਾਰ-ਵਾਰ ਆਖ ਰਹੀ ਸੀ ਕਿ ਉਹ ਦੇਸ਼ ’ਚ ਹੀ ਹੈ ਅਤੇ ਹੁਣ ਸੱਚ ਜੱਗ ਜ਼ਾਹਿਰ ਹੋ ਗਿਆ ਹੈ। ਸ੍ਰੀ ਤੂਰਾ ਨੇ ਦਿੱਲੀ ਪੁਲੀਸ ਦੇ ਹਵਾਲੇ ਨਾਲ ਦੱਸਿਆ ਕਿ ਸਪੈਸ਼ਲ ਸੈੱਲ ਦੀ ਟੀਮ ਨੇ ਟੀਨੂ ਕੋਲੋਂ 5 ਹੈਂਡ ਗ੍ਰਨੇਡ ਅਤੇ 2 ਸੈਮੀ ਆਟੋਮੈਟਿਕ ਪਿਸਤੌਲ ਵੀ ਬਰਾਮਦ ਕੀਤੇ ਹਨ ਅਤੇ ਉਹ ਅਜ਼ਰਬਾਇਜਾਨ ’ਚ ਬੈਠੇ ਗੈਂਗਸਟਰ ਰੋਹਿਤ ਗੋਦਾਰਾ ਦੇ ਸੰਪਰਕ ’ਚ ਸੀ। ਉਨ੍ਹਾਂ ਦੱਸਿਆ ਕਿ ਉਹ ਲਾਰੈਂਸ ਬਿਸ਼ਨੋਈ ਦਾ ਵੀ ‘ਏ’ ਸ਼੍ਰੇਣੀ ਦਾ ਗੈਂਗਸਟਰ ਹੈ ਅਤੇ ਉਸ ਨੇ ਸਿੱਧੂ ਮੂਸੇਵਾਲਾ ਕਤਲ ਕੇਸ ਵਿੱਚ ਅਹਿਮ ਭੂਮਿਕਾ ਨਿਭਾਈ ਹੈ।

ਇਕ ਹਫ਼ਤਾ ਪਹਿਲਾਂ ਹੀ ਟੀਨੂ ਦੀ ਪ੍ਰੇਮਿਕਾ ਜਤਿੰਦਰ ਕੌਰ ਨੂੰ ਪੁਲੀਸ ਨੇ ਮੁੰਬਈ ਹਵਾਈ ਅੱਡੇ ਤੋਂ ਗ੍ਰਿਫ਼ਤਾਰ ਕੀਤਾ ਸੀ ਅਤੇ ਮੰਗਲਵਾਰ ਨੂੰ ਮਾਨਸਾ ਦੀ ਇੱਕ ਅਦਾਲਤ ਨੇ ਉਸ ਨੂੰ ਪੁਲੀਸ ਰਿਮਾਂਡ ਖ਼ਤਮ ਹੋਣ ਤੋਂ ਬਾਅਦ ਜੁਡੀਸ਼ਲ ਰਿਮਾਂਡ ’ਤੇ ਭੇਜਿਆ ਹੈ। ਉਸ ਦੀ ਪ੍ਰੇਮਿਕਾ ਨੇ ਖੁਲਾਸਾ ਕੀਤਾ ਸੀ ਕਿ ਟੀਨੂ ਕੋਲ ਕਰੀਬ 10 ਲੱਖ ਰੁਪਏ ਸਨ। ਮਾਨਸਾ ਪੁਲੀਸ ਵੱਲੋਂ ਮੂਸੇਵਾਲਾ ਕੇਸ ’ਚ ਦਾਖ਼ਲ ਚਾਰਜਸ਼ੀਟ ’ਚ ਟੀਨੂ ਦਾ ਨਾਮ ਵੀ 24 ਮੁਲਜ਼ਮਾਂ ’ਚ ਸ਼ਾਮਲ ਹੈ। ਉਸ ਨੂੰ 4 ਜੁਲਾਈ ਨੂੰ ਪੁੱਛ-ਪੜਤਾਲ ਲਈ ਤਿਹਾੜ ਜੇਲ੍ਹ ਤੋਂ ਟਰਾਂਜ਼ਿਟ ਰਿਮਾਂਡ ’ਤੇ ਪੰਜਾਬ ਲਿਆਂਦਾ ਗਿਆ ਸੀ। ਚਾਰਜਸ਼ੀਟ ਮੁਤਾਬਕ ਟੀਨੂ ਨੇ ਲਾਰੈਂਸ ਬਿਸ਼ਨੋਈ ਦੇ ਸੰਪਰਕਾਂ ਦੀ ਵਰਤੋਂ ਕਰਦਿਆਂ ਗੈਂਗਸਟਰਾਂ ਨੂੰ ਇਲਾਕੇ ਦੀ ਜਾਣਕਾਰੀ ਦਿੱਤੀ ਸੀ। 

Add a Comment

Your email address will not be published. Required fields are marked *