US ਕਾਂਗਰਸ ਦੇ ਸਾਂਝੇ ਸੈਸ਼ਨ ‘ਚ ਮੋਦੀ ਲਈ 79 ਵਾਰ ਵੱਜੀਆਂ ਤਾੜੀਆਂ

ਵਾਸ਼ਿੰਗਟਨ –ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅਮਰੀਕੀ ਕਾਂਗਰਸ ਦੇ ਸਾਂਝੇ ਸੈਸ਼ਨ ਨੂੰ ਸੰਬੋਧਨ ਕਰਦੇ ਹੋਏ ਅੱਤਵਾਦ ਨੂੰ ਸੰਸਾਰਿਕ ਖਤਰਾ ਦੱਸਿਆ। ਉਨ੍ਹਾਂ ਪਾਕਿਸਤਾਨ ਅਤੇ ਚੀਨ ਦਾ ਨਾਂ ਲਏ ਬਿਨਾਂ ਦੋਵਾਂ ਦੇਸ਼ਾਂ ’ਤੇ ਨਿਸ਼ਾਨਾ ਲਾਇਆ। ਚੀਨ ਅਤੇ ਪਾਕਿਸਤਾਨ ਬਾਰੇ ਉਨ੍ਹਾਂ ਕਿਹਾ ਕਿ ਟਕਰਾਅ ਦੇ ਕਾਲੇ ਬੱਦਲ ਹਿੰਦ ਪ੍ਰਸ਼ਾਂਤ ਖੇਤਰ ’ਤੇ ਅਸਰ ਪਾ ਰਹੇ ਹਨ। ਖੇਤਰ ਵਿਚ ਸਥਿਰਤਾ ਸਾਡੀ ਸਾਂਝੀ ਚਿੰਤਾ ਹੈ। ਅਸੀਂ ਮਿਲ ਕੇ ਖੁਸ਼ਹਾਲੀ ਚਾਹੁੰਦੇ ਹਾਂ। 9/11 ਹਮਲੇ ਅਤੇ ਮੁੰਬਈ ਵਿਚ 26/11 ਹਮਲੇ ਤੋਂ ਬਾਅਦ ਹੁਣ ਵੀ ਕੱਟੜਵਾਦ ਅਤੇ ਅੱਤਵਾਦ ਪੂਰੀ ਦੁਨੀਆ ਲਈ ਇਕ ਗੰਭੀਰ ਖਤਰਾ ਹੈ। ਅੱਤਵਾਦ ਇਨਸਾਨੀਅਤ ਦਾ ਦੁਸ਼ਮਣ ਹੈ। ਇਸ ਨਾਲ ਨਜਿੱਠਣ ਲਈ ਕੋਈ ਕਿੰਤੂ-ਪਰੰਤੂ ਨਹੀਂ ਹੋਣਾ ਚਾਹੀਦਾ। ਅੱਤਵਾਦ ਨੂੰ ਸਪਾਂਸਰਡ ਕਰਨ ਵਾਲੇ ਅਤੇ ਅੱਤਵਾਦ ਦਾ ਨਿਰਯਾਤ ਕਰਨ ਵਾਲਿਆਂ ਖਿਲਾਫ ਸਾਨੂੰ ਮਿਲ ਕੇ ਲੜਨਾ ਚਾਹੀਦਾ ਹੈ।

ਮੋਦੀ ਨੇ ਯੂਕ੍ਰੇਨ-ਰੂਸ ਜੰਗ ’ਤੇ ਚਿੰਤਾ ਪ੍ਰਗਟਾਈ। ਉਨ੍ਹਾਂ ਕਿਹਾ ਕਿ ਜੰਗ ਨਾਲ ਲੋਕਾਂ ਨੂੰ ਦਰਦ ਪੁੱਜਦਾ ਹੈ। 2 ਦੇਸ਼ਾਂ ਦੀ ਜੰਗ ਕਾਰਨ ਵਿਕਾਸਸ਼ੀਲ ਦੇਸ਼ ਵੀ ਪ੍ਰਭਾਵਿਤ ਹੋਏ ਹਨ। ਜੰਗ ਕਾਰਨ ਵਿਸ਼ਵੀਕਰਨ ਨੂੰ ਵੀ ਨੁਕਸਾਨ ਪੁੱਜਾ ਹੈ। ਇਸ ਸਭਾ ਨੂੰ ਸੰਬੋਧਨ ਕਰਨ ਦੌਰਾਨ ਪੀ. ਐੱਮ. ਮੋਦੀ ਲਈ ਖੂਬ ਤਾੜੀਆਂ ਵੱਜੀਆਂ ਸਨ। ਇੰਨਾ ਹੀ ਨਹੀਂ, ਸੰਬੋਧਨ ਤੋਂ ਬਾਅਦ ਮੋਦੀ ਨਾਲ ਸੈਲਫੀ ਲੈਣ ਲਈ ਲੋਕਾਂ ਦੀ ਲਾਈਨ ਲੱਗ ਗਈ। ਸੰਸਦ ਮੈਂਬਰਾਂ ਨੇ ਸੰਸਦ ਭਵਨ ਵਿਚ ਪੀ. ਐੱਮ. ਮੋਦੀ ਨੂੰ ਸਟੈਂਡਿੰਗ ਓਵੇਸ਼ਨ ਦਿੱਤਾ। ਗਲੋਬਲ ਲੀਡਰ ਦਾ ਜਲਵਾ ਦੂਜੇ ਦੇਸ਼ਾਂ ਵਿਚ ਵੀ ਨਜ਼ਰ ਆ ਰਿਹਾ ਹੈ। ਇਸ ਗੱਲ ਦਾ ਅੰਦਾਜ਼ਾ ਇੰਝ ਲਾਇਆ ਜਾ ਸਕਦਾ ਹੈ ਕਿ ਜਦੋਂ ਪੀ. ਐੱਮ. ਮੋਦੀ ਨੇ ਸੰਸਦ ਭਵਨ ਵਿਚ ਪ੍ਰਵੇਸ਼ ਕੀਤਾ ਤਾਂ ਉਸ ਦੌਰਾਨ ਸਾਰਿਆਂ ਨੇ ਖੜੇ ਹੋ ਕੇ ਉਨ੍ਹਾਂ ਦਾ ਸਵਾਗਤ ਕੀਤਾ। ਇੰਨਾ ਹੀ ਨਹੀਂ, ਮੋਦੀ ਦੇ ਸਵਾਗਤ ਵਿਚ ਸੰਸਦ ਵਿਚ ਮੌਜੂਦ ਭਾਰਤੀ-ਅਮਰੀਕੀ ਲੋਕਾਂ ਨੇ ਮੋਦੀ-ਮੋਦੀ ਅਤੇ ‘ਭਾਰਤ ਮਾਤਾ ਕੀ ਜੈ’ ਦੇ ਨਾਅਰੇ ਵੀ ਲਾਏ। ਸੰਸਦ ਵਿਚ ਪੀ. ਐੱਮ. ਮੋਦੀ ਦਾ ਸੰਬੋਧਨ ਲਗਭਗ ਇਕ ਘੰਟੇ ਤੱਕ ਚੱਲਿਆ ਸੀ। ਜਦੋਂ ਉਹ ਭਾਸ਼ਣ ਦੇ ਰਹੇ ਸਨ, ਉਸ ਦੌਰਾਨ ਲਗਭਗ 15 ਵਾਰ ਸੰਸਦ ਮੈਂਬਰਾਂ ਨੇ ਸਟੈਂਡਿੰਗ ਓਵੇਸ਼ਨ ਦਿੱਤਾ ਸੀ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਭਾਸ਼ਣ ਦੌਰਾਨ ਅਮਰੀਕੀ ਸੰਸਦ ਵਿਚ 79 ਵਾਰ ਤਾੜੀਆਂ ਵਜਾਈਆਂ ਗਈਆਂ।

Add a Comment

Your email address will not be published. Required fields are marked *