ਪੰਜਾਬ ਦੇ ਅਥਲੀਟ ਤੇਜਿੰਦਰਪਾਲ ਸਿੰਘ ਤੂਰ ਨੇ ਸ਼ਾਟਪੁੱਟ ‘ਚ ਬਣਾਇਆ ਨਵਾਂ ਏਸ਼ੀਅਨ ਰਿਕਾਰਡ
June 21, 2023
ਪੰਜਾਬ ਦੇ ਅਥਲੀਟ ਤੇਜਿੰਦਰਪਾਲ ਸਿੰਘ ਤੂਰ ਨੇ ਭੁਵਨੇਸ਼ਵਰ ਵਿਖੇ ਚੱਲ ਰਹੀ ਇੰਟਰ ਸਟੇਟ ਨੈਸ਼ਨਲ ਅਥਲੈਟਿਕਸ ਮੀਟ ਵਿਚ ਸ਼ਾਟਪੁੱਟ ਮੁਕਾਬਲੇ ਵਿਚ 21.77 ਮੀਟਰ ਥਰੋਅ ਸੁੱਟ ਕੇ ਨਵਾਂ ਏਸ਼ੀਅਨ ਤੇ ਕੌਮੀ ਰਿਕਾਰਡ ਬਣਾਇਆ ਹੈ।
ਇਸ ਤੋਂ ਪਹਿਲਾਂ ਏਸ਼ੀਅਨ ਤੇ ਕੌਮੀ ਰਿਕਾਰਡ ਵੀ ਤੇਜਿੰਦਰਪਾਲ ਸਿੰਘ ਤੂਰ ਦੇ ਨਾਮ ਸੀ ਅਤੇ ਸੋਮਵਾਰ ਨੂੰ ਭੁਵਨੇਸ਼ਵਰ ਵਿਖੇ ਪੰਜਾਬ ਦੇ ਇਸ ਅਥਲੀਟ ਨੇ ਬਿਹਤਰ ਪ੍ਰਦਰਸ਼ਨ ਕਰਦਿਆਂ ਆਪਣਾ ਹੀ ਪੁਰਾਣਾ ਰਿਕਾਰਡ ਤੋੜ ਕੇ ਨਵਾਂ ਰਿਕਾਰਡ ਬਣਾਇਆ। ਖੇਡ ਮੰਤਰੀ ਨੇ ਅਥਲੀਟ ਤੂਰ ਨੂੰ ਆਉਣ ਵਾਲੇ ਖੇਡ ਮੁਕਾਬਲਿਆਂ ਲਈ ਸ਼ੁਭਕਾਮਨਾਵਾਂ ਦਿੰਦਿਆਂ ਆਸ ਪ੍ਰਗਟਾਈ ਕਿ ਪਹਿਲਾਂ ਵਾਂਗ ਦੇਸ਼ ਅਤੇ ਸੂਬੇ ਦਾ ਨਾਮ ਰੌਸ਼ਨ ਕਰੇਗਾ।
ਮੋਗਾ ਦੇ ਰਹਿਣ ਵਾਲੇ ਅਥਲੀਟ ਤੇਜਿੰਦਰਪਾਲ ਸਿੰਘ ਤੂਰ ਨੇ ਸੋਮਵਾਰ ਨੂੰ ਇਸ ਪ੍ਰਾਪਤੀ ਨਾਲ ਇਸ ਸਾਲ ਚੀਨ ਵਿਖੇ ਹੋਣ ਵਾਲੀਆਂ ਏਸ਼ਿਆਈ ਖੇਡਾਂ ਲਈ ਵੀ ਕੁਆਲੀਫਾਈ ਕਰ ਲਿਆ ਹੈ। ਜ਼ਿਕਰਯੋਗ ਹੈ ਕਿ ਤੂਰ ਨੇ 2018 ਵਿਚ ਜਕਾਰਤਾ ਏਸ਼ਿਆਈ ਖੇਡਾਂ ਵਿਚ ਸੋਨੇ ਦਾ ਤਮਗ਼ਾ ਜਿੱਤਿਆ ਸੀ।

