2000 ਰੁਪਏ ਦੇ ਨੋਟ ਵਾਪਸ ਲੈਣ ਨਾਲ ਅਰਥਵਿਵਸਥਾ ਹੋਵੇਗੀ ‘ਸੁਪਰ ਚਾਰਜ’

ਮੁੰਬਈ – ਭਾਰਤੀ ਰਿਜ਼ਰਵ ਬੈਂਕ (ਆਰ. ਬੀ. ਆਈ.) ਦਾ 2000 ਰੁਪਏ ਦੇ ਨੋਟ ਨੂੰ ਬੰਦ ਕਰਨ ਦਾ ਫੈਸਲਾ ਦੇਸ਼ ਦੀ ਅਰਥਵਿਵਸਥਾ ’ਚ ਨਵੀਂ ਜਾਨ ਪਾ ਸਕਦਾ ਹੈ। ਇਹ ਅਸੀਂ ਨਹੀਂ ਸਗੋਂ ਦੇਸ਼ ਦੇ ਸਭ ਤੋਂ ਵੱਡੇ ਬੈਂਕ ਸਟੇਟ ਬੈਂਕ ਆਫ ਇੰਡੀਆ (ਐੱਸ. ਬੀ. ਆਈ.) ਦੀ ਇਕ ਰਿਪੋਰਟ ਕਹਿੰਦੀ ਹੈ। ਕੇਂਦਰੀ ਬੈਂਕ ਦਾ ਇਹ ਕਦਮ ਕਈ ਪੈਰਾਮੀਟਰਸ ’ਤੇ ਅਰਥਵਿਵਸਥਾ ਨੂੰ ‘ਸੁਪਰ ਚਾਰਜ’ ਕਰ ਸਕਦਾ ਹੈ।

ਐੱਸ. ਬੀ. ਆਈ. ਦੇ ਗਰੁੱਪ ਦੇ ਮੁੱਖ ਆਰਥਿਕ ਸਲਾਹਕਾਰ ਸੌਮਿਆ ਕਾਂਤੀ ਘੋਸ਼ ਨੇ ਹਾਲ ਹੀ ਵਿਚ ਆਈ ਈਕੋਰੈਪ ਰਿਪੋਰਟ ’ਚ ਕਿਹਾ ਕਿ 2000 ਰੁਪਏ ਦੇ ਨੋਟ ਬੰਦ ਕੀਤੇ ਜਾਣ ਜਾਂ ਵਾਪਸ ਲਏ ਜਾਣ ਦੇ ਕਈ ਫਾਇਦੇ ਹੋਣਗੇ। ਇਹ ਤੁਰੰਤ ਪ੍ਰਭਾਵ ਨਾਲ ਖਪਤ ਮੰਗ ਵਧਾ ਸਕਦਾ ਹੈ।

ਇੰਨਾ ਹੀ ਨਹੀਂ ਇਸ ਨਾਲ ਬੈਂਕਾਂ ਦੇ ਡਿਪਾਜ਼ਿਟ ’ਚ ਵਾਧਾ ਹੋਣ, ਲੋਕਾਂ ਨੂੰ ਕਰਜ਼ਾ ਵਾਪਸ ਕਰਨ, ਬਾਜ਼ਾਰ ’ਚ ਖਪਤ ਵਧਣ ਅਤੇ ਆਰ. ਬੀ. ਆਈ. ਦੇ ਡਿਜੀਟਲ ਕਰੰਸੀ ਦੀ ਵਰਤੋਂ ਨੂੰ ਬੂਸਟ ਮਿਲ ਸਕਦਾ ਹੈ। ਇਹ ਕੁੱਲ ਮਿਲਾ ਕੇ ਦੇਸ਼ ਦੀ ਅਰਥਵਿਵਸਥਾ ਲਈ ਬਿਹਤਰ ਹੋਵੇਗਾ। ਲੋਕ ਸੋਨਾ/ਗਹਿਣੇ, ਟਿਕਾਊ ਸਾਮਾਨ ਵਰਗੇ ਏ. ਸੀ., ਮੋਬਾਇਲ ਫੋਨ ਆਦਿ ਦੀ ਖੂਬ ਖਰੀਦਦਾਰੀ ਕਰ ਰਹੇ ਹਨ। ਉੱਥੇ ਹੀ ਬਹੁਤ ਸਾਰੇ ਰੀਅਲ ਅਸਟੇਟ ’ਚ ਵੀ ਪੈਸਾ ਲਗਾ ਰਹੇ ਹਨ। ਇਸ ਨਾਲ ਬਾਜ਼ਾਰ ’ਚ ਮੰਗ ਵਧੀ ਹੈ।

ਐੱਸ. ਬੀ. ਆਈ. ਦੀ ਰਿਪੋਰਟ ਕਹਿੰਦੀ ਹੈ ਕਿ ਅਸੀਂ 2000 ਰੁਪਏ ਦੇ ਨੋਟ ਵਾਪਸ ਲੈਣ ਦੇ ਪ੍ਰਭਾਵਾਂ ਕਾਰਣ ਅਪ੍ਰੈਲ-ਜੂਨ ਤਿਮਾਹੀ ’ਚ ਵਿਕਾਸ ਦਰ 8.1 ਫੀਸਦੀ ਰਹਿਣ ਦੀ ਉਮੀਦ ਕਰਦੇ ਹਾਂ। ਇਹ ਸਾਡੇ ਉਸ ਅਨੁਮਾਨ ਦੀ ਪੁਸ਼ਟੀ ਕਰਦਾ ਹੈ ਕਿ ਵਿੱਤੀ ਸਾਲ 2023-24 ਵਿਚ ਜੀ. ਡੀ. ਪੀ. ਵਾਧਾ ਆਰ. ਬੀ. ਆਈ. ਦੇ ਅਨੁਮਾਨ 6.5 ਫੀਸਦੀ ਤੋਂ ਵੱਧ ਰਹਿ ਸਕਦਾ ਹੈ।

ਆਰ. ਬੀ. ਆਈ. ਨੇ ਜੂਨ ਮਹੀਨੇ ਦੀ ਸ਼ੁਰੂਆਤ ’ਚ ਕਿਹਾ ਸੀ ਕਿ 2000 ਰੁਪਏ ਮੁੱਲ ਵਰਗ ਦੇ ਅੱਧੇ ਤੋਂ ਵੱਧ ਨੋਟ ਵਾਪਸ ਆ ਚੁੱਕੇ ਹਨ। ਇਨ੍ਹਾਂ ’ਚੋਂ 85 ਫੀਸਦੀ ਨੋਟ ਬੈਂਕਾਂ ਵਿਚ ਜਮ੍ਹਾ ਦੇ ਰੂਪ ’ਚ ਆਏ ਸਨ ਜਦ ਕਿ 15 ਫੀਸਦੀ ਨੋਟ ਬੈਂਕ ਕਾਊਂਟਰਾਂ ’ਤੇ ਹੋਰ ਮੁੱਲ ਦੇ ਨੋਟਾਂ ਨਾਲ ਬਦਲੇ ਗਏ ਸਨ। ਐੱਸ. ਬੀ. ਆਈ. ਨੇ ਆਪਣੀ ਰਿਪੋਰਟ ’ਚ ਕਿਹਾ ਕਿ 2000 ਰੁਪਏ ਦੇ ਨੋਟਾਂ ਦੇ ਰੂਪ ’ਚ ਕੁੱਲ 3.08 ਲੱਖ ਕਰੋੜ ਰੁਪਏ ਪ੍ਰਣਾਲੀ ’ਚ ਜਮ੍ਹਾ ਦੇ ਰੂਪ ’ਚ ਆਉਣਗੇ।

ਇਨ੍ਹਾਂ ’ਚੋਂ ਕਰੀਬ 92,000 ਕਰੋੜ ਰੁਪਏ ਬੱਚਤ ਖਾਤਿਆਂ ’ਚ ਜਮ੍ਹਾ ਕੀਤੇ ਜਾਣਗੇ, ਜਿਸ ਦਾ 60 ਫੀਸਦੀ ਯਾਨੀ ਕਰੀਬ 55,000 ਕਰੋੜ ਰੁਪਏ ਨਿਕਾਸੀ ਤੋਂ ਬਾਅਦ ਲੋਕਾਂ ਕੋਲ ਖਰਚ ਲਈ ਪਹੁੰਚ ਜਾਣਗੇ। ਰਿਪੋਰਟ ਮੁਤਾਬਕ ਖਪਤ ’ਚ ਗੁਣਾ ਅੰਕ ਵਾਧੇ ਕਾਰਣ ਲੰਬੇ ਸਮੇਂ ’ਚ ਇਹ ਕੁੱਲ ਵਾਧਾ 1.83 ਲੱਖ ਕਰੋੜ ਰੁਪਏ ਤੱਕ ਰਹਿ ਸਕਦਾ ਹੈ। ਐੱਸ. ਬੀ. ਆਈ. ਦੇ ਅਰਥਸ਼ਾਸਤਰੀਆਂ ਦਾ ਮੰਨਣਾ ਹੈ ਕਿ ਨੋਟ ਵਾਪਸ ਲੈਣ ਦੇ ਆਰ. ਬੀ. ਆਈ. ਦੇ ਕਦਮ ਨਾਲ ਮੰਦਰਾਂ ਅਤੇ ਹੋਰ ਧਾਰਮਿਕ ਸਥਾਨਾਂ ਨੂੰ ਮਿਲਣ ਵਾਲੇ ਦਾਨ ’ਚ ਵੀ ਵਾਧਾ ਹੋਣ ਦੀ ਉਮੀਦ ਹੈ। ਇਸ ਤੋਂ ਇਲਾਵਾ ਟਿਕਾਊ ਖਪਤਕਾਰ ਵਸਤਾਂ ਅਤੇ ਬੁਟੀਕ ਫਰਨੀਚਰ ਦੀ ਖਰੀਦ ਨੂੰ ਵੀ ਬੜ੍ਹਾਵਾ ਮਿਲੇਗਾ। ਈ-ਕਾਮਰਸ, ਫੂਡ ਅਤੇ ਆਨਲਾਈਨ ਗ੍ਰਾਸਰੀ ਸੈਗਮੈਂਟ ’ਚ ਕੈਸ਼ ਆਨ ਡਲਿਵਰੀ ਦਾ ਬਦਲ ਚੁਣਨ ਵਾਲੇ ਗਾਹਕਾਂ ਦੀ ਗਿਣਤੀ ’ਚ ਵਾਧਾ ਹੋਣ ਦੀ ਸੰਭਾਵਨਾ ਹੈ। ਰਿਪੋਰਟ ’ਚ ਮੰਦਰਾਂ ਅਤੇ ਹੋਰ ਧਾਰਮਿਕ ਸਥਾਨਾਂ ’ਚ 2000 ਰੁਪਏ ਦੇ ਨੋਟੰ ਦੇ ਮਾਧਿਅਮ ਰਾਹੀਂ ਦਾਨ ’ਚ ਵਾਧਾ ਅਤੇ ਖਪਤ ਟਿਕਾਊ ਵਸਤਾਂ, ਬੁਟੀਕ ਫਰਨੀਚਰ ਆਦਿ ਵਰਗੀ ਵੰਨ-ਸੁਵੰਨੀ ਖਰੀਦ ਦੀ ਉਮੀਦ ਹੈ।

Add a Comment

Your email address will not be published. Required fields are marked *