ਪੰਜਾਬੀ ਪੁਲਸ ਅਫ਼ਸਰ ਦੀ ਹੋਈ ਦਰਦਨਾਕ ਮੌਤ-ਕੈਲੀਫੋਰਨੀਆ

(ਕੈਲੀਫੋਰਨੀਆ): ਫਰਿਜ਼ਨੋ ਦੇ ਲਾਗਲੇ ਸ਼ਹਿਰ ਸੈਂਗਰ ਤੋਂ ਮੰਦਭਾਗੀ ਖ਼ਬਰ ਸਾਹਮਣੇ ਆਈ ਹੈ। ਲੰਘੇ ਹਫ਼ਤੇ ਸੈਂਗਰ ਪੁਲਸ ਡਿਪਾਰਟਮੈਂਟ ਦਾ ਅਫ਼ਸਰ ਮਨਵੀਰ ਧਨੋਆ ਸਿੰਗਲ ਕਾਰ ਕਰੈਸ਼ ਵਿਚ ਜ਼ਿੰਦਗੀ ਤੋਂ ਹੱਥ ਧੋ ਬੈਠਾ। ਕੈਲੀਫੋਰਨੀਆ ਹਾਈਵੇਅ ਪੈਟਰੋਲ ਦਾ ਕਹਿਣਾ ਹੈ ਕਿ ਹਾਦਸਾ ਸਵੇਰੇ 5:30 ਵਜੇ ਸਕਾਈ ਹਾਰਬਰ ਰੋਡ ਨੇੜੇ ਮਿਲਰਟਨ ਰੋਡ ‘ਤੇ ਵਾਪਰਿਆ। ਅਧਿਕਾਰੀਆਂ ਦਾ ਕਹਿਣਾ ਹੈ ਕਿ ਧਨੋਆ ਮਿਲਰਟਨ ਤੋਂ ਪੂਰਬ ਵੱਲ ਜਾ ਰਿਹਾ ਸੀ. ਜਦੋਂ ਉਸ ਦੀ ਕਾਰ ਰੋਡਵੇਅ ਤੋਂ ਹੇਠਾਂ ਜਾ ਡਿੱਗੀ ਅਤੇ ਕਾਰ ਪਲਟੀਆਂ ਖਾ ਗਈ, ਅਤੇ ਉਹ ਕਾਰ ਵਿਚੋਂ ਬਾਹਰ ਜਾ ਡਿੱਗਿਆ ਅਤੇ ਮੌਕੇ ‘ਤੇ ਹੀ ਉਸ ਦੀ ਮੌਤ ਹੋ ਗਈ। ਸੈਂਗਰ ਪੁਲਸ ਡਿਪਾਰਟਮੈਂਟ ਨੇ ਕਿਹਾ ਕਿ ਉਨ੍ਹਾਂ ਨੇ ਇਕ ਬਹੁਤ ਬਹਾਦਰ ਤੇ ਸਿਆਣਾ ਅਫ਼ਸਰ ਖੋਇਆ ਹੈ।

ਅਫ਼ਸਰ ਦੀ ਮੌਤ ਦੇ ਸੋਗ ਵਜੋਂ ਸੈਂਗਰ ਸ਼ਹਿਰ ਦੀਆਂ ਸਰਕਾਰੀ ਬਿਲਡਿੰਗਾਂ ਦੇ ਝੰਡੇ ਉਸ ਦੇ ਫਿਊਨਰਲ ਤੱਕ ਅੱਧੇ ਝੁੱਕੇ ਰਹਿਣਗੇ। ਮ੍ਰਿਤਕ ਮਨਵੀਰ ਧਨੋਆ ਨੇ ਸੈਂਗਰ ਪੁਲਸ ਡਿਪਾਰਟਮੈਂਟ ਮਾਰਚ 2023 ਵਿਚ ਜੁਆਇਨ ਕੀਤਾ ਸੀ। ਪੁਲਸ ਹਾਦਸੇ ਦੇ ਕਾਰਨਾਂ ਦੀ ਬਰੀਕੀ ਨਾਲ ਤਫਤੀਸ਼ ਕਰ ਰਹੀ ਹੈ। ਮਨਵੀਰ ਦੇ ਤੁਰ ਜਾਣ ਨਾਲ ਪੰਜਾਬੀ ਭਾਈਚਾਰਾ ਗਹਿਰੇ ਸੋਗ ਵਿਚ ਹੈ।

Add a Comment

Your email address will not be published. Required fields are marked *