ਗਿੱਦੜਬਾਹਾ ਥਾਣੇ ‘ਚ ਬੰਦ ਸੀ ਪਿਓ, ਇਲਾਜ ਖੁਣੋਂ 10 ਮਹੀਨਿਆਂ ਦੀ ਧੀ ਨੇ ਤੋੜਿਆ ਦਮ

ਗਿੱਦੜਬਾਹਾ : ਇਕ ਵਿਆਹੁਤਾ ਔਰਤ ਵੱਲੋਂ ਆਪਣੇ ਸੱਸ, ਸਹੁਰੇ ਅਤੇ ਚਾਚੀ ਸੱਸ ਵਿਰੁੱਧ ਉਸਦੇ ਪਤੀ ਦੇ ਖ਼ਿਲਾਫ਼ ਝੂਠੀਆਂ ਸ਼ਿਕਾਇਤਾਂ ਦੇ ਕੇ ਥਾਣੇ ਵਿਚ ਬੰਦ ਕਰਵਾਉਣ ਅਤੇ ਪਤੀ ਦੇ ਥਾਣੇ ਵਿਚ ਹੋਣ ਕਾਰਨ ਇਲਾਜ ਤੋਂ ਵਾਂਝੀ ਰਹਿਣ ਕਰ ਕੇ ਮਰੀ ਆਪਣੀ 10 ਮਹੀਨਿਆਂ ਦੀ ਨੰਨ੍ਹੀ ਬੱਚੀ ਦੀ ਮੌਤ ਲਈ ਜ਼ਿੰਮੇਵਾਰ ਹੋਣ ਦੇ ਦੋਸ਼ ਲਗਾਏ ਗਏ ਹਨ। ਥਾਣਾ ਗਿੱਦੜਬਾਹਾ ਅੱਗੇ ਪ੍ਰਦਰਸ਼ਨ ਕਰਦਿਆਂ ਪੀੜਤ ਊਸ਼ਾ ਰਾਣੀ ਨੇ ਦੱਸਿਆ ਕਿ 2 ਸਾਲ ਪਹਿਲਾਂ ਉਸ ਦਾ ਵਿਆਹ ਗਿੱਦੜਬਾਹਾ ਦੇ ਵਿਜੇ ਸਿੰਘ ਨਾਲ ਹੋਇਆ ਸੀ ਅਤੇ ਉਨ੍ਹਾਂ ਦੇ ਵਿਆਹ ਤੋਂ ਇਕ ਬੱਚੀ ਦਾ ਜਨਮ ਹੋਇਆ ਸੀ। ਉਸ ਨੇ ਕਿਹਾ ਕਿ ਉਸਦਾ ਸਹੁਰਾ ਹਰਮੇਸ਼ ਸਿੰਘ, ਸੱਸ ਬਿੰਦਰ ਕੌਰ ਤੇ ਚਾਚੀ ਸੱਸ ਬੇਅੰਤ ਕੌਰ ਉਸ ਨੂੰ ਅਕਸਰ ਪ੍ਰੇਸ਼ਾਨ ਕਰਦੇ ਸਨ। ਉਸ ਦੇ ਸਹੁਰੇ, ਸੱਸ ਅਤੇ ਚਾਚੀ ਸੱਸ ਨੇ ਬੀਤੇ ਦਿਨ ਥਾਣਾ ਗਿੱਦੜਬਾਹਾ ਵਿਖੇ ਉਸ ਦੇ ਪਤੀ ਦੇ ਖ਼ਿਲਾਫ਼ ਝੂਠੀ ਸ਼ਿਕਾਇਤ ਦਰਜ ਕਰਵਾ ਕੇ ਉਸ ਦੇ ਪਤੀ ਵਿਜੇ ਸਿੰਘ ਨੂੰ ਥਾਣਾ ਗਿੱਦੜਬਾਹਾ ਵਿਖੇ ਬੰਦ ਕਰਵਾ ਦਿੱਤਾ।

ਉਹ ਕਿਸੇ ਵੀ ਹੋਰ ਵਿਅਕਤੀ ਨੂੰ ਨਾ ਜਾਣਦੀ ਹੋਣ ਕਾਰਨ ਆਪਣੇ ਪਤੀ ਦੀ ਜ਼ਮਾਨਤ ਨਹੀਂ ਕਰਵਾ ਸਕੀ ਅਤੇ ਪਤੀ ਦੇ ਘਰ ਨਾ ਹੋਣ ਕਾਰਨ ਉਹ ਆਪਣੀ ਅਕਸਰ ਬੀਮਾਰ ਰਹਿੰਦੀ ਬੱਚੀ ਦਾ ਇਲਾਜ ਨਹੀਂ ਕਰਵਾ ਸਕੀ। ਬੀਤੇ ਦਿਨ ਉਸਦੀ ਬੱਚੀ ਨੂੰ ਹਰ ਦੋ ਦਿਨ ਬਾਅਦ ਲੱਗਣ ਵਾਲੇ ਖ਼ੂਨ ਦੀ ਜ਼ਰੂਰਤ ਸੀ ਪਰ ਪਤੀ ਦੇ ਥਾਣੇ ਵਿਚ ਬੰਦ ਹੋਣ ਕਾਰਨ ਉਹ ਉਸ ਦਾ ਇਲਾਜ ਨਹੀਂ ਕਰਵਾ ਸਕੀ, ਜਿਸ ਕਾਰਨ ਉਸ ਦੀ 10 ਮਹੀਨਿਆਂ ਦੀ ਕੁੜੀ ਦੀ ਮੌਤ ਹੋ ਗਈ। ਊਸ਼ਾ ਰਾਣੀ ਨੇ ਦੋਸ਼ ਲਗਾਇਆ ਕਿ ਉਸ ਦੀ ਮਾਸੂਮ ਬੱਚੀ ਦੀ ਮੌਤ ਲਈ ਉਸ ਦੀ ਸੱਸ, ਸਹੁਰਾ ਅਤੇ ਚਾਚੀ ਸੱਸ ਜ਼ਿੰਮੇਵਾਰ ਹਨ। ਇਸ ਸਬੰਧੀ ਐੱਸ. ਐੱਚ. ਓ. ਬਲਵੰਤ ਸਿੰਘ ਨੇ ਕਿਹਾ ਕਿ ਮਾਮਲਾ ਉਨ੍ਹਾਂ ਦੇ ਧਿਆਨ ਵਿੱਚ ਹੈ। ਇਸ ਦੀ ਡੂੰਘਾਈ ਨਾਲ ਜਾਂਚ ਕੀਤੀ ਜਾ ਰਹੀ ਹੈ ਅਤੇ ਜਾਂਚ ਉਪਰੰਤ ਜੋ ਤੱਥ ਸਾਹਮਣੇ ਆਉਣਗੇ, ਉਸ ਅਨੁਸਾਰ ਕਾਰਵਾਈ ਅਮਲ ਵਿਚ ਲਿਆਂਦੀ ਜਾਵੇਗੀ।

Add a Comment

Your email address will not be published. Required fields are marked *