ਦੋ ਲੱਖ ਤੋਂ ਵੱਧ ਜਨਤਕ ਖੇਤਰ ਦੀਆਂ ਨੌਕਰੀਆਂ ਖ਼ਤਮ ਹੋਈਆਂ: ਰਾਹੁਲ

ਨਵੀਂ ਦਿੱਲੀ, 18 ਜੂਨ-: ਕਾਂਗਰਸ ਆਗੂ ਰਾਹੁਲ ਗਾਂਧੀ ਨੇ ਅੱਜ ਦਾਅਵਾ ਕੀਤਾ ਕਿ ਜਨਤਕ ਖੇਤਰ ਦੀਆਂ ਕੰਪਨੀਆਂ (ਪੀਐੱਸਯੂ) ਵਿਚ ਦੋ ਲੱਖ ਤੋਂ ਵੱਧ ਨੌਕਰੀਆਂ ਨੂੰ ‘ਖ਼ਤਮ ਕਰ’ ਦਿੱਤਾ ਗਿਆ ਹੈ। ਰਾਹੁਲ ਨੇ ਦੋਸ਼ ਲਾਇਆ ਕਿ ਸਰਕਾਰ ਆਪਣੇ ਕੁਝ ਪੂੰਜੀਪਤੀ ਮਿੱਤਰਾਂ ਦੇ ਫਾਇਦੇ ਲਈ ਲੱਖਾਂ ਨੌਜਵਾਨਾਂ ਦੀ ਉਮੀਦਾਂ ਨੂੰ ਕੁਚਲ ਰਹੀ ਹੈ। ਉਨ੍ਹਾਂ ਕਿਹਾ ਕਿ ਪੀਐੱਸਯੂ ਭਾਰਤ ਦਾ ਮਾਣ ਤੇ ਰੁਜ਼ਗਾਰ ਲਈ ਹਰੇਕ ਨੌਜਵਾਨ ਦਾ ਸੁਪਨਾ ਹੁੰਦੇ ਸਨ ਪਰ ਅੱਜ ਇਹ ‘ਸਰਕਾਰ ਦੀ ਪਹਿਲ ਨਹੀਂ ਹਨ।’ ਰਾਹੁਲ ਨੇ ਟਵੀਟ ਕੀਤਾ, ‘ਦੇਸ਼ ਵਿਚ ਪੀਐੱਸਯੂ ਵਿਚ ਨੌਕਰੀਆਂ 2014 ਵਿਚ 16.9 ਲੱਖ ਤੋਂ ਘੱਟ ਕੇ 2022 ਵਿਚ ਸਿਰਫ 14.6 ਲੱਖ ਰਹਿ ਗਈਆਂ ਹਨ। ਕੀ ਇਕ ਵਿਕਾਸਸ਼ੀਲ ਦੇਸ਼ ਵਿਚ ਨੌਕਰੀਆਂ ਘੱਟ ਹੁੰਦੀਆਂ ਹਨ?’ ਉਨ੍ਹਾਂ ਕਿਹਾ ਕਿ ਬੀਐੱਸਐੱਨਐਲ ਵਿਚ 1,81,127, ਸੇਲ ਵਿਚ 61928, ਐਮਟੀਐੱਨਐੱਲ ਵਿਚ 34997, ਐੱਸਈਸੀਐਲ ਵਿਚ 29140, ਐਫਸੀਆਈ ਵਿਚ 28063 ਤੇ ਓਐੱਨਜੀਸੀ ਵਿਚ 21120 ਨੌਕਰੀਆਂ ਘੱਟ ਹੋਈਆਂ ਹਨ। ਰਾਹੁਲ ਨੇ ਸਰਕਾਰ ’ਤੇ ਨਿਸ਼ਾਨਾ ਸੇਧਦਿਆਂ ਦਾਅਵਾ ਕੀਤਾ ਕਿ ਹਰ ਸਾਲ ਦੋ ਕਰੋੜ ਰੁਜ਼ਗਾਰ ਦੇਣ ਦਾ ਝੂਠਾ ਦਾਅਵਾ ਕਰਨ ਵਾਲਿਆਂ ਨੇ ਨੌਕਰੀਆਂ ਵਧਾਉਣ ਦੀ ਥਾਂ ਦੋ ਲੱਖ ਤੋਂ ਵੱਧ ਨੌਕਰੀਆਂ ‘ਖ਼ਤਮ ਕਰ ਦਿੱਤੀਆਂ’। ਉਨ੍ਹਾਂ ਕਿਹਾ ਕਿ ਇਸ ਤੋਂ ਇਲਾਵਾ ਇਨ੍ਹਾਂ ਸੰਸਥਾਵਾਂ ਵਿਚ ਠੇਕੇ ਉਤੇ ਭਰਤੀਆਂ ਲਗਭਗ ਦੋ ਗੁਣਾ ਕਰ ਦਿੱਤੀਆਂ ਗਈਆਂ ਹਨ। ਉਨ੍ਹਾਂ ਸਵਾਲ ਕੀਤਾ ਕਿ ‘ਕੀ ਕੰਟਰੈਕਟ ਕਰਮਚਾਰੀ ਵਧਾਉਣਾ ਰਾਖਵਾਂਕਰਨ ਦਾ ਸੰਵਿਧਾਨਕ ਹੱਕ ਖੋਹਣ ਦਾ ਤਰੀਕਾ ਨਹੀਂ ਹੈ? ਕੀ ਇਹ ਆਖਰ ਵਿਚ ਇਨ੍ਹਾਂ ਕੰਪਨੀਆਂ ਦੇ ਨਿੱਜੀਕਰਨ ਦੀ ਸਾਜ਼ਿਸ਼ ਹੈ?’ ਰਾਹੁਲ ਨੇ ਟਵੀਟ ਕੀਤਾ, ‘ਉਦਯੋਗਪਤੀਆਂ ਦਾ ਕਰਜ਼ਾ ਮੁਆਫ ਤੇ ਪੀਐੱਸਯੂ ਵਿਚ ਸਰਕਾਰੀ ਨੌਕਰੀਆਂ ਸਾਫ਼। ਇਹ ਕਿਸ ਤਰ੍ਹਾਂ ਦਾ ਅੰਮ੍ਰਿਤਕਾਲ?’ ਕਾਂਗਰਸ ਆਗੂ ਨੇ ਸਵਾਲ ਉਠਾਇਆ ਕਿ ਇਸ ਸਰਕਾਰ ਦੇ ਸ਼ਾਸਨ ਵਿਚ ਦੇਸ਼ ਰਿਕਾਰਡ ਬੇਰੁਜ਼ਗਾਰੀ ਨਾਲ ਜੂਝ ਰਿਹਾ ਹੈ, ਕਿਉਂਕਿ ਲੱਖਾਂ ਨੌਜਵਾਨਾਂ ਦੀਆਂ ਉਮੀਦਾਂ ਨੂੰ ਕੁਝ ਪੂੰਜੀਪਤੀ ਮਿੱਤਰਾਂ ਦੇ ਫਾਇਦੇ ਲਈ ਕੁਚਲਿਆ ਜਾ ਰਿਹਾ ਹੈ। 

Add a Comment

Your email address will not be published. Required fields are marked *